Site icon Dainik Savera Punjab

ਮਸਜਿਦ ਤੋਂ ਫ਼ਾਰਸੀ ਸਿੱਖੀ ਗੁਰਦੁਆਰੇ ਤੋਂ ਗੁਰਮੁਖੀ: ਗੁਰਬਾਣੀ ਦੇ ਅਰਥਾਂ ਨੂੰ ਆਮ ਬੋਲਚਾਲ ਵਿੱਚ ਲਿਆਉਣ ਵਾਲੇ ਵਿਦਵਾਨ….ਪ੍ਰਿੰਸੀਪਲ ਤੇਜਾ ਸਿੰਘ…

from-mosque-to-gurdwara-learning-persian-and-gurmukhi-childhood-story

from-mosque-to-gurdwara-learning-persian-and-gurmukhi-childhood-story

ਪੰਜਾਬ ਡੈਕਸ: ਪੰਜਾਬੀ ਭਾਸ਼ਾ ਅਤੇ ਗੁਰਬਾਣੀ ਵਿਆਖਿਆ ਦੇ ਖੇਤਰ ਵਿੱਚ ਅਪਾਰ ਯੋਗਦਾਨ ਪਾਉਣ ਵਾਲੇ ਪ੍ਰਿੰਸੀਪਲ ਤੇਜਾ ਸਿੰਘ ਦੀ ਯਾਦ ਅੱਜ ਵੀ ਪੰਜਾਬੀ ਸਾਹਿਤਕ ਜਗਤ ਵਿੱਚ ਸਨਮਾਨ ਨਾਲ ਕੀਤੀ ਜਾਂਦੀ ਹੈ। ਉਹ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਡਿਕਸ਼ਨਰੀ ਤਿਆਰ ਕਰਕੇ ਪੰਜਾਬੀ ਪਿਆਰਿਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੋੜ ਨੂੰ ਪੂਰਾ ਕੀਤਾ। ਉਸ ਸਮੇਂ ਅਜਿਹੀਆਂ ਡਿਕਸ਼ਨਰੀਆਂ ਬਹੁਤ ਹੀ ਘੱਟ ਮਿਲਦੀਆਂ ਸਨ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (10-01-2025) ਅੰਮ੍ਰਿਤਸਰ ਤੋਂ।

ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਦੋ ਜੂਨ ਅਠਾਰਾਂ ਸੌ ਚੁਰਾਨਵੇਂ ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਅਤਿਆਲਾ ਵਿੱਚ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਤੇਜ ਰਾਮ ਸੀ। ਗੁਰਮੁਖੀ ਦੀ ਸਿੱਖਿਆ ਪਿੰਡ ਦੇ ਗੁਰਦੁਆਰੇ ਤੋਂ ਅਤੇ ਫ਼ਾਰਸੀ ਦੀ ਸਿੱਖਿਆ ਮਸਜਿਦ ਤੋਂ ਪ੍ਰਾਪਤ ਕੀਤੀ। ਬਚਪਨ ਵਿੱਚ ਹੀ ਬਾਬਾ ਖੇਮ ਸਿੰਘ ਬੇਦੀ ਦੀ ਅਗਵਾਈ ਹੇਠ ਖੰਡੇ ਦੀ ਪਾਹੁਲ ਲੈ ਕੇ ਤੇਜਾ ਸਿੰਘ ਬਣੇ। ਪਰਿਵਾਰ ਦੀ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਜਾਰੀ ਰੱਖੀ ਅਤੇ ਰਾਵਲਪਿੰਡੀ ਤੇ ਸਰਗੋਧੇ ਦੇ ਸਕੂਲਾਂ ਤੋਂ ਪੜ੍ਹਾਈ ਕਰਦੇ ਹੋਏ 1910 ਵਿੱਚ ਖ਼ਾਲਸਾ ਕਾਲਜੀਏਟ ਸਕੂਲ ਤੋਂ ਦਸਵੀਂ ਪਾਸ ਕੀਤੀ।

ਉਨ੍ਹਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਫਏ ਅਤੇ ਮਾਰਡਨ ਕਾਲਜ ਰਾਵਲਪਿੰਡੀ ਤੋਂ ਬੈਚਲਰ ਦੀ ਡਿਗਰੀ ਲੈਣ ਤੋਂ ਬਾਅਦ ਉਥੇ ਹੀ ਪ੍ਰਾਧਿਆਪਕ ਵਜੋਂ ਸੇਵਾ ਨਿਭਾਈ। 1916 ਵਿੱਚ ਐਮਏ ਅੰਗਰੇਜ਼ੀ ਪਾਸ ਕਰਕੇ 1919 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਾਰ ਨਿਯੁਕਤ ਹੋਏ। ਉਨ੍ਹਾਂ ਨੇ ਅੰਗਰੇਜ਼ੀ ਦੇ ਨਾਲ ਧਾਰਮਿਕ ਅਧਿਐਨ ਵੀ ਪੜ੍ਹਾਇਆ। 1945 ਤੱਕ ਇਸ ਕਾਲਜ ਵਿੱਚ ਲਗਾਤਾਰ ਸੇਵਾ ਕੀਤੀ। ਗੁਰਦੁਆਰਾ ਸੁਧਾਰ ਲਹਿਰ ਵਿੱਚ ਭਾਗ ਲੈਣ ਕਰਕੇ 1923 ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।

ਇਹ ਵੀ ਪੜ੍ਹੋ: ਸਰਦੀਆਂ ‘ਚ ਸਿਹਤ ਦਾ ਰਖਵਾਲਾ ਬਣ ਸਕਦਾ ਹੈ ਮੋਰਿੰਗਾ ਪਾਊਡਰ

ਸਿਹਤ ਦੀ ਖ਼ਰਾਬੀ ਕਾਰਨ 1925 ਵਿੱਚ ਨੌਕਰੀ ਤੋਂ ਅਸਥਾਈ ਤੌਰ ‘ਤੇ ਹਟੇ ਪਰ 1945 ਵਿੱਚ ਮੁੰਬਈ ਦੇ ਖ਼ਾਲਸਾ ਕਾਲਜ ਵਿੱਚ ਮੁੜ ਸੇਵਾ ਸੰਭਾਲੀ। 1948 ਵਿੱਚ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਸਕੱਤਰ ਬਣੇ ਅਤੇ 1949 ਵਿੱਚ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਹੋਏ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਸਲਾਹਕਾਰ ਵਜੋਂ ਵੀ ਕੰਮ ਕਰਨਾ ਪਿਆ। 1951 ਵਿੱਚ ਪੈਪਸੂ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ 1956 ਵਿੱਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਵਜੋਂ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ।

ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਨਿਬੰਧ ਲਿਖਣ ਦੀ ਨਵੀਂ ਰੀਤ ਪਾਈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਨਵੀਆਂ ਸੋਚਾਂ ਸਹਿਜ ਸੁਭਾਅ ਸਾਹਿਤ ਦਰਸ਼ਨ ਘਰ ਦਾ ਪਿਆਰ ਆਦਿ ਪੁਸਤਕਾਂ ਸ਼ਾਮਿਲ ਹਨ। 1952 ਵਿੱਚ ਉਨ੍ਹਾਂ ਦੀ ਸਵੈ-ਜੀਵਨੀ ਆਰਸੀ ਪ੍ਰਕਾਸ਼ਿਤ ਹੋਈ। ਉਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਲਗਾਂ ਮਾਤਰਾ ਦੇ ਭੇਦ ਪੰਜਾਬੀ ਕਿਵੇਂ ਲਿਖੀਏ ਅਤੇ ਅੰਗਰੇਜ਼ੀ ਪੰਜਾਬੀ ਡਿਕਸ਼ਨਰੀਆਂ ਰਾਹੀਂ ਭਾਸ਼ਾ ਦੀ ਅਣਮੁੱਲ ਸੇਵਾ ਕੀਤੀ।

ਇਹ ਮਹਾਨ ਵਿਦਵਾਨ ਤੇ ਲੇਖਕ 10 ਜਨਵਰੀ 1958 ਨੂੰ ਅੰਮ੍ਰਿਤਸਰ ਵਿਖੇ ਸਦਾ ਲਈ ਵਿਦਾ ਹੋ ਗਿਆ ਪਰ ਉਨ੍ਹਾਂ ਦੀ ਲਿਖਤ ਅਤੇ ਵਿਚਾਰਧਾਰਾ ਅੱਜ ਵੀ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਪਾਠਕਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ।

from-mosque-to-gurdwara-learning-persian-and-gurmukhi-childhood-story
Exit mobile version