ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਖੇਤਰ ਅਧੀਨ ਪੈਂਦੇ ਪਿੰਡ ਬੇਟੂ ਕਦੀਮ ਵਿੱਚ ਸ਼ਨੀਵਾਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਸਾਬਕਾ ਸਰਪੰਚ ਦੇ ਦੋ ਪੁੱਤਰਾਂ ਉੱਤੇ ਅੰਨ੍ਹੇ ਵਾਹੀ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਵਿੱਚ ਦੋਹਾਂ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਨੇੜਲੇ ਹਸਪਤਾਲ ਅਤੇ ਬਾਅਦ ਵਿੱਚ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਜ਼ਖ਼ਮੀਆਂ ਦੀ ਪਹਿਚਾਣ ਅਜੈ ਅਤੇ ਆਕਾਸ਼ ਵਜੋਂ ਹੋਈ ਹੈ। ਪਰਿਵਾਰਕ ਜਾਣਕਾਰੀ ਮੁਤਾਬਕ, 8 ਤੋਂ 10 ਹਮਲਾਵਰ ਕਾਰ ਵਿੱਚ ਆਏ ਸਨ ਅਤੇ ਦੋਹਾਂ ਭਰਾਵਾਂ ਉੱਤੇ ਕਰੀਬ ਪੰਜ ਰਾਊਂਡ ਫਾਇਰਿੰਗ ਕੀਤੀ। ਹਮਲੇ ਤੋਂ ਬਾਅਦ ਹਮਲਾਵਰ ਹਥਿਆਰ ਲਹਿਰਾਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
READ ALSO : ਗਣਤੰਤਰ ਦਿਵਸ ਤੋਂ ਪਹਿਲਾਂ ਪੁਲਿਸ ਨੇ ਕੀਤਾ ISI-ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 4 ਗ੍ਰਿਫ਼ਤਾਰ
ਸਾਬਕਾ ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਤੂੜੀ ਛੱਡ ਕੇ ਟਰੌਲੀ ਲਗਾਉਣ ਗਿਆ ਸੀ, ਉਸ ਸਮੇਂ ਹਮਲਾਵਰਾਂ ਨੇ ਕਾਰ ਰਾਹੀਂ ਪਿੱਛਾ ਕਰਦੇ ਹੋਏ ਗੋਲੀਆਂ ਚਲਾਈਆਂ। ਡਾਕਟਰਾਂ ਅਨੁਸਾਰ ਦੋਹਾਂ ਨੂੰ ਇੱਕ-ਇੱਕ ਗੋਲੀ ਲੱਗੀ ਹੈ ਅਤੇ ਵੱਧ ਖੂਨ ਵਹਿਣ ਕਾਰਨ ਉਨ੍ਹਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ।
ਜ਼ਖ਼ਮੀਆਂ ਵਿੱਚੋਂ ਇੱਕ ਨੇ ਹਸਪਤਾਲ ਵਿੱਚ ਬਿਆਨ ਦਿੰਦਿਆਂ ਦੱਸਿਆ ਕਿ ਬੱਬੂ ਖੁੱਲਰ ਸਮੇਤ 8–10 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸਰਕਾਰੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਸਾਬਕਾ ਸਰਪੰਚ ਮੁਤਾਬਕ, ਸਾਲ 2018 ਵਿੱਚ ਵੀ ਦੋਹਾਂ ਪੱਖਾਂ ਵਿਚਕਾਰ ਸਰਪੰਚੀ ਚੋਣ ਨੂੰ ਲੈ ਕੇ ਝਗੜਾ ਅਤੇ ਗੋਲੀਬਾਰੀ ਹੋ ਚੁੱਕੀ ਹੈ, ਜਿਸਦਾ ਮਾਮਲਾ ਸੈਸ਼ਨ ਕੋਰਟ ਵਿੱਚ ਨਿਪਟਾਇਆ ਗਿਆ ਸੀ।
ਥਾਣਾ ਮਮਦੋਟ ਦੇ ਐਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਹਾਂ ਪੱਖਾਂ ਵਿਚਕਾਰ ਪੁਰਾਣਾ ਵਿਵਾਦ ਹੈ ਅਤੇ ਪਹਿਲਾਂ ਵੀ ਕੇਸ ਦਰਜ ਹਨ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਗਣਤੰਤਰ ਦਿਵਸ ਤੋਂ ਪਹਿਲਾਂ ਪੁਲਿਸ ਨੇ ਕੀਤਾ ISI-ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 4 ਗ੍ਰਿਫ਼ਤਾਰ