ਇੰਟਰਨੈਸਨਲ ਨਿਊਜ਼ : ਅਫਰੀਕੀ ਦੇਸ਼ ਕਾਂਗੋ ਅਤੇ ਯੂਗਾਂਡਾ ਵਿੱਚ ਇਬੋਲਾ ਵਾਇਰਸ ਦੇ ਤੇਜ਼ੀ ਨਾਲ ਫੈਲ ਰਹੇ ਪ੍ਰਕੋਪ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਏਪੀ ਦੀ ਰਿਪੋਰਟ ਅਨੁਸਾਰ, ਵਿਸ਼ਵ ਸਿਹਤ ਸੰਸਥਾ (WHO) ਨੇ ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਸਿਹਤ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 300 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 88 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਬੋਲਾ ਦੇ ਵਧਦੇ ਖਤਰੇ ਨੇ ਅਫਰੀਕੀ ਖੇਤਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਸਿਹਤ ਏਜੰਸੀਆਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ।
WHO ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਚੌਕਸ ਰਹਿਣ ਦੀ ਦਿੱਤੀ ਚੇਤਾਵਨੀ
ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ ਕਿ ਇਬੋਲਾ ਵਾਇਰਸ ਬਹੁਤ ਹੀ ਘਾਤਕ ਅਤੇ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ, ਜਿਸ ਕਾਰਨ ਸਰਹੱਦੀ ਖੇਤਰਾਂ ਵਿੱਚ ਖ਼ਾਸ ਸਾਵਧਾਨੀ ਬਰਤਣ ਦੀ ਲੋੜ ਹੈ। WHO ਨੇ ਸਾਰੇ ਦੇਸ਼ਾਂ ਨੂੰ ਸਿਹਤ ਪ੍ਰਣਾਲੀਆਂ ਮਜ਼ਬੂਤ ਕਰਨ, ਸਕ੍ਰੀਨਿੰਗ ਵਧਾਉਣ ਅਤੇ ਸੰਭਾਵਿਤ ਮਰੀਜ਼ਾਂ ਦੀ ਤੁਰੰਤ ਪਛਾਣ ਕਰਨ ਲਈ ਕਿਹਾ ਹੈ।
ਸੰਸਥਾ ਦਾ ਮੰਨਣਾ ਹੈ ਕਿ ਜੇਕਰ ਸਮੇਂ ‘ਤੇ ਕੜੇ ਕਦਮ ਨਾ ਚੁੱਕੇ ਗਏ ਤਾਂ ਇਹ ਪ੍ਰਕੋਪ ਹੋਰ ਦੇਸ਼ਾਂ ਤੱਕ ਵੀ ਫੈਲ ਸਕਦਾ ਹੈ। ਇਸ ਲਈ ਅੰਤਰਰਾਸ਼ਟਰੀ ਏਜੰਸੀਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਐਮਰਜੈਂਸੀ ਮੋਡ ‘ਤੇ ਰੱਖਿਆ ਗਿਆ ਹੈ।
ਕੀ ਹੈ ਇਬੋਲਾ ਅਤੇ ਕਿੰਨਾ ਖਤਰਨਾਕ ਹੈ ਇਹ ਵਾਇਰਸ?
ਇਬੋਲਾ ਇੱਕ ਘਾਤਕ ਵਾਇਰਲ ਬਿਮਾਰੀ ਹੈ ਜੋ ਸੰਕਰਮਿਤ ਵਿਅਕਤੀ ਦੇ ਖੂਨ, ਸਰੀਰਕ ਤਰਲ ਪਦਾਰਥ ਜਾਂ ਸੰਪਰਕ ਰਾਹੀਂ ਫੈਲਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਤੇਜ਼ ਬੁਖਾਰ, ਸਰੀਰ ਦਰਦ, ਕਮਜ਼ੋਰੀ ਅਤੇ ਗਲੇ ਵਿੱਚ ਦਰਦ ਸ਼ਾਮਲ ਹੁੰਦੇ ਹਨ। ਗੰਭੀਰ ਹਾਲਤ ਵਿੱਚ ਮਰੀਜ਼ ਦੇ ਅੰਦਰੂਨੀ ਅੰਗ ਪ੍ਰਭਾਵਿਤ ਹੋ ਸਕਦੇ ਹਨ ਅਤੇ ਖੂਨ ਵਹਿਣ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।ਡਾਕਟਰਾਂ ਅਨੁਸਾਰ ਇਬੋਲਾ ਦੀ ਮੌਤ ਦਰ ਕਾਫ਼ੀ ਉੱਚੀ ਹੁੰਦੀ ਹੈ, ਜਿਸ ਕਾਰਨ ਇਸਨੂੰ ਦੁਨੀਆ ਦੀਆਂ ਸਭ ਤੋਂ ਖਤਰਨਾਕ ਬਿਮਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕਾਂਗੋ ਅਤੇ ਯੂਗਾਂਡਾ ਦੇ ਸਰਹੱਦੀ ਇਲਾਕਿਆਂ ਵਿੱਚ ਸਭ ਤੋਂ ਵੱਧ ਖਤਰਾ
ਰਿਪੋਰਟਾਂ ਅਨੁਸਾਰ ਕਾਂਗੋ ਅਤੇ ਯੂਗਾਂਡਾ ਦੇ ਸਰਹੱਦੀ ਇਲਾਕਿਆਂ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸਥਾਨਕ ਪ੍ਰਸ਼ਾਸਨ ਨੇ ਕਈ ਪ੍ਰਭਾਵਿਤ ਇਲਾਕਿਆਂ ਵਿੱਚ ਆਵਾਜਾਈ ‘ਤੇ ਨਿਗਰਾਨੀ ਵਧਾ ਦਿੱਤੀ ਹੈ।
ਸਿਹਤ ਕਰਮਚਾਰੀ ਘਰ-ਘਰ ਜਾ ਕੇ ਜਾਂਚ ਕਰ ਰਹੇ ਹਨ ਅਤੇ ਸੰਕਰਮਿਤ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮਾਂ ਵੀ ਤੇਜ਼ ਕੀਤੀਆਂ ਗਈਆਂ ਹਨ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਅੰਤਰਰਾਸ਼ਟਰੀ ਭਾਈਚਾਰਾ ਵੀ ਹੋਇਆ ਸਰਗਰਮ
WHO ਦੇ ਐਲਾਨ ਤੋਂ ਬਾਅਦ ਕਈ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਮਦਦ ਲਈ ਹੱਥ ਵਧਾਇਆ ਹੈ। ਮੈਡੀਕਲ ਸਪਲਾਈ, ਐਮਰਜੈਂਸੀ ਟੀਮਾਂ ਅਤੇ ਵੈਕਸੀਨ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਜਾ ਰਹੀਆਂ ਹਨ।
ਵਿਸ਼ੇਸ਼ਗਿਆਨ ਮੰਨਦੇ ਹਨ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਦੁਨੀਆ ਹੁਣ ਕਿਸੇ ਵੀ ਵੱਡੇ ਸਿਹਤ ਸੰਕਟ ਨੂੰ ਲੈ ਕੇ ਹੋਰ ਜ਼ਿਆਦਾ ਸਚੇਤ ਹੋ ਚੁੱਕੀ ਹੈ, ਇਸ ਲਈ ਇਬੋਲਾ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ।