skip to content

Last Updated: November 25, 2026

Dainik Savera Times Logo

ਚੰਡੀਗੜ੍ਹ ਨੂੰ ਅੱਜ ਮਿਲੇਗਾ 29ਵਾਂ ਮੇਅਰ, ਸੀਕ੍ਰੇਟ ਵੋਟਿੰਗ ਦੀ ਥਾਂ ਹੱਥ ਖੜ੍ਹੇ ਕਰਕੇ ਹੋਵੇਗੀ ਚੋਣ

29 January 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ਨੂੰ ਅੱਜ ਮਿਲੇਗਾ 29ਵਾਂ ਮੇਅਰ, ਸੀਕ੍ਰੇਟ ਵੋਟਿੰਗ ਦੀ ਥਾਂ ਹੱਥ ਖੜ੍ਹੇ ਕਰਕੇ ਹੋਵੇਗੀ ਚੋਣ

ਚੰਡੀਗੜ੍ਹ ਸ਼ਹਿਰ ਨੂੰ ਅੱਜ ਆਪਣਾ 29ਵਾਂ ਮੇਅਰ ਮਿਲਣ ਜਾ ਰਿਹਾ ਹੈ। ਇਸ ਵਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਸਾਲ 1996 ਤੋਂ ਲਾਗੂ ਸੀਕ੍ਰੇਟ ਵੋਟਿੰਗ ਪ੍ਰਣਾਲੀ ਨੂੰ ਖਤਮ ਕਰਕੇ ਹੁਣ ਕੌਂਸਲਰ ਹੱਥ ਖੜ੍ਹੇ ਕਰਕੇ ਵੋਟ ਪਾਉਣਗੇ।

ਵੋਟਿੰਗ ਦੀ ਪ੍ਰਕਿਰਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਪੂਰੇ ਚੋਣ ਪ੍ਰਕਿਰਿਆ ’ਤੇ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ। ਜਿਸ ਉਮੀਦਵਾਰ ਦੇ ਹੱਕ ਵਿੱਚ ਸਭ ਤੋਂ ਵੱਧ ਹੱਥ ਖੜ੍ਹੇ ਹੋਣਗੇ, ਉਸਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ। ਜੇ ਸਭ ਕੁਝ ਸਮੇਂ ਸਿਰ ਚੱਲਿਆ ਤਾਂ ਦੁਪਹਿਰ ਸਾਢੇ 12 ਵਜੇ ਤੱਕ ਤਿੰਨਾਂ ਅਹੁਦਿਆਂ ’ਤੇ ਚੋਣ ਪੂਰੀ ਹੋਣ ਦੀ ਉਮੀਦ ਹੈ।

READ ALSO : ਲੁਧਿਆਣਾ ਚ ਚੱਲ ਰਿਹਾ ਸੈਕਸ ਰੈਕੇਟ ਦਾ ਧੰਦਾ ਬੇਨਕਾਬ, ਵਿਧਾਇਕ ਦੇ ਘਰ ’ਤੇ ਰੈਡ

ਸਾਲ 2021 ਵਿੱਚ ਚੁਣੇ ਗਏ ਕੌਂਸਲਰ ਇਸ ਵਾਰ ਆਖ਼ਰੀ ਵਾਰ ਮੇਅਰ ਦੀ ਚੋਣ ਕਰਨਗੇ। ਇਸ ਤੋਂ ਬਾਅਦ ਨਗਰ ਨਿਗਮ ਲਈ ਨਵੀਆਂ ਕੌਂਸਲਰ ਚੋਣਾਂ ਕਰਵਾਈਆਂ ਜਾਣਗੀਆਂ। ਮੌਜੂਦਾ ਸਮੇਂ ਵਿੱਚ ਨਗਰ ਨਿਗਮ ਦੇ ਸਿਆਸੀ ਸਮੀਕਰਨ ਕਾਫ਼ੀ ਦਿਲਚਸਪ ਬਣੇ ਹੋਏ ਹਨ।

ਫਿਲਹਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ 18 ਕੌਂਸਲਰ ਹਨ, ਜਦਕਿ ਆਮ ਆਦਮੀ ਪਾਰਟੀ (AAP) ਕੋਲ 11 ਅਤੇ ਕਾਂਗਰਸ ਕੋਲ 6 ਕੌਂਸਲਰ ਹਨ। ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨਿਸ਼ ਤਿਵਾਰੀ ਨੂੰ ਐਕਸ ਆਫ਼ੀਸ਼ਿਓ ਮੈਂਬਰ ਹੋਣ ਦੇ ਨਾਤੇ ਵੋਟ ਦਾ ਅਧਿਕਾਰ ਹੈ, ਜਿਸ ਨਾਲ ਕਾਂਗਰਸ ਦੇ ਕੁੱਲ ਵੋਟ 7 ਹੋ ਜਾਂਦੇ ਹਨ।

AAP ਲਈ ਇਸ ਵਾਰ ਸਥਿਤੀ ਕੁਝ ਮੁਸ਼ਕਿਲ ਬਣੀ ਹੋਈ ਹੈ। ਡਿਪਟੀ ਮੇਅਰ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਰਾਮ ਚੰਦਰ ਯਾਦਵ ਪਾਰਟੀ ਨਾਲ ਨਾਰਾਜ਼ ਦਿਖਾਈ ਦੇ ਰਹੇ ਹਨ। ਉਹ ਬੁੱਧਵਾਰ ਨੂੰ ਹੋਈ ਪਾਰਟੀ ਆਗੂਆਂ ਦੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ। ਉਨ੍ਹਾਂ ਨੂੰ ਮਨਾਉਣ ਲਈ ਦਿੱਲੀ ਤੋਂ ਵਿਧਾਇਕ ਅਤੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਦੇਰ ਰਾਤ ਤੱਕ ਸ਼ਹਿਰ ਵਿੱਚ ਮੌਜੂਦ ਰਹੇ।

ਹਾਲਾਂਕਿ ਅਜੇ ਤੱਕ ਕਾਂਗਰਸ ਅਤੇ AAP ਵਿਚਕਾਰ ਕੋਈ ਗਠਜੋੜ ਨਹੀਂ ਹੋਇਆ। ਜੇ ਦੋਵੇਂ ਪਾਰਟੀਆਂ ਅਲੱਗ-ਅਲੱਗ ਚੋਣ ਲੜਦੀਆਂ ਹਨ ਤਾਂ ਤਿੰਨਾਂ ਅਹੁਦਿਆਂ ’ਤੇ ਭਾਜਪਾ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਪਰ ਜੇ ਵੋਟਿੰਗ ਤੋਂ ਪਹਿਲਾਂ ਦੋਵੇਂ ਪਾਰਟੀਆਂ ਗਠਜੋੜ ਦਾ ਐਲਾਨ ਕਰਕੇ ਆਪਣੇ ਉਮੀਦਵਾਰਾਂ ਦੀ ਨਾਮਜ਼ਦਗੀ ਵਾਪਸ ਲੈ ਲੈਂਦੀਆਂ ਹਨ ਅਤੇ AAP ਆਪਣੇ ਨਾਰਾਜ਼ ਕੌਂਸਲਰਾਂ ਨੂੰ ਮਨਾ ਲੈਂਦੀ ਹੈ, ਤਾਂ ਭਾਜਪਾ ਲਈ ਮੁਕਾਬਲਾ ਕਾਫ਼ੀ ਕਠਿਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਦੋਹਾਂ ਪੱਖਾਂ ਕੋਲ 18-18 ਵੋਟ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹੁੰਦੇ ਹਨ। ਕੌਂਸਲਰਾਂ ਦੀ ਮਿਆਦ 5 ਸਾਲ ਦੀ ਹੁੰਦੀ ਹੈ, ਜਦਕਿ ਮੇਅਰ ਦੀ ਚੋਣ ਹਰ ਸਾਲ ਕੀਤੀ ਜਾਂਦੀ ਹੈ। ਪਹਿਲਾਂ ਸੀਕ੍ਰੇਟ ਬੈਲਟ ਰਾਹੀਂ ਚੋਣਾਂ ਹੋਣ ਕਾਰਨ ਕਰਾਸ ਵੋਟਿੰਗ ਅਤੇ ਵਿਵਾਦ ਸਾਹਮਣੇ ਆਉਂਦੇ ਰਹੇ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਖੁੱਲ੍ਹੀ ਵੋਟਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ।

ਅਖਿਲ ਭਾਰਤੀ ਸੰਤ ਸਮਿਤੀ ਦਾ UGC ਦੇ ਨਵੇਂ ਨਿਯਮਾਂ ਖ਼ਿਲਾਫ਼ ਵਿਰੋਧ ਜਾਰੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.