Last Updated: November 21, 2026

Dainik Savera Times Logo

Bollywood Security: ਗੈਂਗਸਟਰਾਂ ਦੀਆਂ ਧਮਕੀਆਂ ਮਗਰੋਂ ਬਾਲੀਵੁੱਡ ਦੀ ਸੁਰੱਖਿਆ ਦਾ ਮੁੱਦਾ ਗਰਮਾਇਆ, AICWA ਨੇ CM ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖ ਕੇ ਕੀਤੀ ਸਿਤਾਰਿਆਂ ਦੀ ਸੁਰੱਖਿਆ ਦੀ ਮੰਗ

20 November 2026 ਅੱਪਡੇਟ ਕੀਤਾ ਗਿਆ

Bollywood Security: ਗੈਂਗਸਟਰਾਂ ਦੀਆਂ ਧਮਕੀਆਂ ਮਗਰੋਂ ਬਾਲੀਵੁੱਡ ਦੀ ਸੁਰੱਖਿਆ ਦਾ ਮੁੱਦਾ ਗਰਮਾਇਆ, AICWA ਨੇ CM ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖ ਕੇ ਕੀਤੀ ਸਿਤਾਰਿਆਂ ਦੀ ਸੁਰੱਖਿਆ ਦੀ ਮੰਗ

Bollywood Security: ਬਾਲੀਵੁੱਡ ਵਿੱਚ ਇੱਕ ਵਾਰ ਫਿਰ ਗੈਂਗਸਟਰਾਂ ਦੀਆਂ ਧਮਕੀਆਂ ਕਾਰਨ ਡਰ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਕਈ ਨਾਮੀ ਫਿਲਮੀ ਹਸਤੀਆਂ ਨੂੰ ਧਮਕੀਆਂ ਮਿਲਣ ਅਤੇ ਕੁਝ ਕਲਾਕਾਰਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਫਿਲਮ ਇੰਡਸਟਰੀ ਦੀ ਚਿੰਤਾ ਵਧ ਗਈ ਹੈ। ਇਸ ਸਥਿਤੀ ਨੂੰ ਦੇਖਦਿਆਂ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੂੰ ਪੱਤਰ ਭੇਜ ਕੇ ਫਿਲਮੀ ਸਿਤਾਰਿਆਂ ਅਤੇ ਸ਼ੂਟਿੰਗ ਵਾਲੀਆਂ ਥਾਵਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

ਸੰਗਠਨ ਨੇ ਆਪਣੇ ਪੱਤਰ ਵਿੱਚ ਮੁੰਬਈ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਬਾਲੀਵੁੱਡ ਵਿੱਚ 1990 ਦੇ ਦਹਾਕੇ ਵਰਗਾ ਡਰ ਮੁੜ ਪੈਦਾ ਹੋ ਰਿਹਾ ਹੈ। AICWA ਦੇ ਪ੍ਰਧਾਨ ਸੁਰੇਸ਼ ਸ਼ਿਆਮਲਾਲ ਗੁਪਤਾ ਮੁਤਾਬਕ ਗੈਂਗਸਟਰ ਵੱਡੇ ਫਿਲਮੀ ਸਿਤਾਰਿਆਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਅਦਾਕਾਰ ਸੈਫ ਅਲੀ ਖਾਨ ਦੇ ਨਾਲ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਮਿਲੀਆਂ ਧਮਕੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਧਮਕੀ ਦੇਣ ਵਾਲਿਆਂ ਨੇ ਬੁਲੇਟਪਰੂਫ ਸ਼ੀਸ਼ੇ ਨੂੰ ਵੀ ਸੁਰੱਖਿਆ ਲਈ ਨਾਕਾਫ਼ੀ ਦੱਸਿਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਮੁੰਬਈ ਤੋਂ ਦੋ ਸ਼ੂਟਰਾਂ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਪੱਤਰ ਵਿੱਚ ਗੈਂਗਸਟਰਾਂ ਦੇ 200 ਸ਼ੂਟਰ ਹੋਣ ਦੇ ਦਾਅਵੇ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਪੱਤਰ ਵਿੱਚ ਟਾਈਗਰ ਸ਼ਰਾਫ ਦੀ ਕਾਰ ’ਤੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਵੀ ਗੰਭੀਰਤਾ ਨਾਲ ਉਠਾਇਆ ਗਿਆ ਹੈ। ਸੰਗਠਨ ਅਨੁਸਾਰ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਕਈ ਕਲਾਕਾਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਕੁਝ ਸਿਤਾਰੇ ਬੁਲੇਟਪਰੂਫ ਸ਼ੀਸ਼ਿਆਂ ਦੀ ਸੁਰੱਖਿਆ ਲੈਣ ਲਈ ਮਜਬੂਰ ਹਨ, ਜਦਕਿ ਕਈ ਘਰੋਂ ਬਾਹਰ ਨਿਕਲਣ ਸਮੇਂ ਵੀ ਸਾਵਧਾਨੀ ਵਰਤ ਰਹੇ ਹਨ। ਪੱਤਰ ਵਿੱਚ ਇਹ ਖਦਸ਼ਾ ਵੀ ਜਤਾਇਆ ਗਿਆ ਹੈ ਕਿ ਗੈਂਗਸਟਰ ਸਿਤਾਰਿਆਂ ਦੇ ਘਰਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੇ ਹਨ। ਇਸ ਡਰ ਦਾ ਅਸਰ ਫਿਲਮਾਂ ਦੀ ਸ਼ੂਟਿੰਗ ’ਤੇ ਪੈ ਰਿਹਾ ਹੈ ਅਤੇ ਕਈ ਕਲਾਕਾਰ ਤੇ ਨਿਰਮਾਤਾ ਬਾਹਰ ਜਾ ਕੇ ਸ਼ੂਟਿੰਗ ਕਰਨ ਤੋਂ ਬਚ ਰਹੇ ਹਨ।

AICWA ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ੂਟਿੰਗ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦਾ ਨੁਕਸਾਨ ਸਿਰਫ਼ ਵੱਡੇ ਅਦਾਕਾਰਾਂ ਜਾਂ ਫਿਲਮ ਨਿਰਮਾਤਾਵਾਂ ਤੱਕ ਸੀਮਤ ਨਹੀਂ ਰਹੇਗਾ। ਇਸ ਨਾਲ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਵਿੱਚ ਸੈੱਟ ’ਤੇ ਕੰਮ ਕਰਨ ਵਾਲੇ ਮਜ਼ਦੂਰ, ਲਾਈਟਮੈਨ, ਤਕਨੀਕੀ ਕਰਮਚਾਰੀ ਅਤੇ ਛੋਟੇ ਕਲਾਕਾਰ ਸ਼ਾਮਲ ਹਨ। ਸੰਗਠਨ ਮੁਤਾਬਕ ਜੇਕਰ ਹਾਲਾਤ ਜਲਦੀ ਕਾਬੂ ਹੇਠ ਨਾ ਆਏ ਤਾਂ ਇਨ੍ਹਾਂ ਲੋਕਾਂ ਲਈ ਰੁਜ਼ਗਾਰ ਦਾ ਸੰਕਟ ਪੈਦਾ ਹੋ ਸਕਦਾ ਹੈ ਅਤੇ ਫਿਲਮ ਨਿਰਮਾਤਾਵਾਂ ਨੂੰ ਵੀ ਵਿੱਤੀ ਨੁਕਸਾਨ ਸਹਿਣਾ ਪੈ ਸਕਦਾ ਹੈ।

ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਾਲੀਵੁੱਡ ਭਾਰਤੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਦੇ ਨਾਲ ਵਿਸ਼ਵ ਪੱਧਰ ’ਤੇ ਦੇਸ਼ ਦੀ ਪਛਾਣ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸੰਗਠਨ ਦਾ ਮੰਨਣਾ ਹੈ ਕਿ ਫਿਲਮੀ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਅਪਰਾਧੀਆਂ ਦਾ ਮਕਸਦ ਲੋਕਾਂ ਦਾ ਧਿਆਨ ਖਿੱਚਣਾ ਅਤੇ ਉਨ੍ਹਾਂ ਤੋਂ ਪੈਸੇ ਵਸੂਲਣਾ ਹੋ ਸਕਦਾ ਹੈ। AICWA ਨੇ ਦੇਵੇਂਦਰ ਫੜਨਵੀਸ ਅੱਗੇ ਪੰਜ ਮੰਗਾਂ ਰੱਖੀਆਂ ਹਨ। ਇਨ੍ਹਾਂ ਵਿੱਚ ਸੈਫ ਅਲੀ ਖਾਨ, ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਧਾਉਣ ਦੇ ਨਾਲ ਮੁੰਬਈ ਵਿੱਚ ਰਹਿਣ ਵਾਲੇ ਸਾਰੇ ਫਿਲਮੀ ਸਿਤਾਰਿਆਂ ਅਤੇ ਨਿਰਮਾਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਸ਼ਾਮਲ ਹੈ।

ਸੰਗਠਨ ਨੇ ਫਿਲਮਾਂ ਦੀ ਸ਼ੂਟਿੰਗ ਵਾਲੀਆਂ ਥਾਵਾਂ ਅਤੇ ਵੱਡੇ ਜਨਤਕ ਇਕੱਠਾਂ ਵਾਲੇ ਪ੍ਰੋਗਰਾਮਾਂ ਵਿੱਚ ਲੋੜੀਂਦੀ ਪੁਲਿਸ ਤਾਇਨਾਤ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਖ਼ਿਲਾਫ਼ ਤੇਜ਼ੀ ਨਾਲ ਸਖ਼ਤ ਕਾਰਵਾਈ ਕਰਨ ਅਤੇ ਫਿਲਮੀ ਸਿਤਾਰਿਆਂ ਨਾਲ ਸਬੰਧਤ ਪ੍ਰੈੱਸ ਕਾਨਫਰੰਸਾਂ ਤੇ ਜਨਤਕ ਸਮਾਗਮਾਂ ’ਤੇ ਖਾਸ ਨਿਗਰਾਨੀ ਰੱਖਣ ਦੀ ਮੰਗ ਕੀਤੀ ਗਈ ਹੈ। ਪੱਤਰ ਦੇ ਅੰਤ ਵਿੱਚ ਸੁਰੇਸ਼ ਸ਼ਿਆਮਲਾਲ ਗੁਪਤਾ ਨੇ ਮੁੱਖ ਮੰਤਰੀ ਨੂੰ ਜਲਦੀ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਕਲਾਕਾਰ ਅਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਆ ਦਾ ਭਰੋਸਾ ਮਿਲਣ ’ਤੇ ਹੀ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣਗੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.