Last Updated: October 16, 2026

Dainik Savera Times Logo

ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਾ ਦਰਜਾ ਦੇ ਕੇ ਕੀਤਾ ਸੰਬੋਧਨ

16 October 2026 ਅੱਪਡੇਟ ਕੀਤਾ ਗਿਆ

ਜਥੇ. ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਾ ਦਰਜਾ ਦੇ ਕੇ ਕੀਤਾ ਸੰਬੋਧਨ

ਮਾਨਸਾ – ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬੀਤੇ ਦਿਨੀਂ ਮਾਨਸਾ ਵਿਖੇ ਪੰਜਾਬ ਅੰਦਰ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਪਰਵਿੰਦਰ ਸਿੰਘ ਦੇ ਕਤਲ ਦੀ ਘਟਨਾ ਉਪਰੰਤ ਅੱਜ ਪੀੜਤ ਪਰਿਵਾਰ ਨੂੰ ਮਾਨਸਾ ਪਹੁੰਚ ਕੇ ਮਿਲੇ ਅਤੇ ਉਨ੍ਹਾਂ ਨਾਲ ਸੰਵੇਦਨਾ ਪ੍ਰਗਟ ਕੀਤੀ।

ਸ਼ਹੀਦ ਭਾਈ ਪਰਵਿੰਦਰ ਸਿੰਘ ਨਮਿਤ ਅਰਦਾਸ ਕੀਤੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਹਾਜ਼ਰ ਸੰਗਤ ਨੇ ਸ਼ਮੂਲੀਅਤ ਕੀਤੀ। ਭਾਈ ਪਰਵਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਸਨਮਾਨ ਦਿੱਤਾ। ਸ਼ਹੀਦ ਭਾਈ ਪਰਵਿੰਦਰ ਸਿੰਘ ਕੌਮ ਦਾ ਸ਼ਹੀਦ ਹੈ ਜਿਸ ਕੋਲ ਜਿਉਣ ਦਾ ਰਸਤਾ ਸੀ ਪਰ ਉਸ ਨੇ ਫਿਰ ਵੀ ਲੋਕਾਂ ਤੇ ਨੌਜਵਾਨਾਂ ਲਈ ਸੰਘਰਸ਼ ਕਰਦਿਆਂ ਸ਼ਹਾਦਤ ਦਾ ਰਾਹ ਚੁਣਿਆ।

ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਬਠਿੰਡਾ ਤੋਂ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਤੇ ਪਰਮਬੰਸ ਸਿੰਘ ਰੋਮਾਣਾ ਵੀ ਮੌਜੂਦ ਰਹੇ।

ਕੌਣ ਸੀ ਪਰਵਿੰਦਰ ਸਿੰਘ ਝੋਟਾ ਤੇ ਕਿਵੇਂ ਹੋਇਆ ਸੀ ਕਤਲ ?

ਪਰਵਿੰਦਰ ਸਿੰਘ ਝੋਟਾ (Parvinder Singh Jhota Murder Case) ਮਾਨਸਾ ਦਾ ਰਹਿਣ ਵਾਲਾ ਸੀ ਅਤੇ ਉਹ ਨਸ਼ਿਆਂ ਦੀ ਸਮੱਸਿਆ ਵਿਰੁੱਧ ਸਰਗਰਮ ਹੋਣ ਅਤੇ ਆਪਣੀ ਐਂਟੀ ਡਰੱਗ ਟਾਸਕ ਫੋਰਸ ਰਾਹੀਂ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਖ਼ਿਲਾਫ਼ ਆਵਾਜ਼ ਉਠਾਉਣ ਕਰਕੇ ਚਰਚਾ ਵਿੱਚ ਆਇਆ ਸੀ। ਉਹ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦਾ ਸੀ ਅਤੇ ਮੈਡੀਕਲ ਸਟੋਰਾਂ ’ਤੇ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਦਾ ਵਿਰੋਧ ਕਰਦਿਆਂ ਵੀਡੀਓ ਬਣਾਉਂਦਾ ਸੀ। ਉਸ ਦੀ ਮੁਹਿੰਮ ਕਾਰਨ ਉਸ ਦਾ ਕਈ ਲੋਕਾਂ ਨਾਲ ਵਿਵਾਦ ਵੀ ਹੋਇਆ ਸੀ।

ਬੀਤੀ 13 ਅਕਤੂਬਰ ਦੀ ਸਵੇਰ ਨੂੰ ਮਾਨਸਾ ਦੇ ਇੱਕ ਬਾਜ਼ਾਰ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਸਾਥੀਆਂ ਦੀ ਮਾਨਸਾ (Mansa Bandh News) ਦੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨਾਲ ਨਸ਼ੇ ਦੇ ਮੁੱਦੇ ‘ਤੇ ਮੁੜ ਤਕਰਾਰ ਹੋ ਗਈ। ਜਾਣਕਾਰੀ ਮੁਤਾਬਕ ਝੋਟਾ ਮੈਡੀਕਲ ਸਟੋਰ ’ਤੇ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਦਾ ਵਿਰੋਧ ਕਰ ਰਿਹਾ ਸੀ ਅਤੇ ਇਸ ਘਟਨਾ ਦੀ ਵੀਡੀਓ ਵੀ ਬਣਾ ਰਿਹਾ ਸੀ।

ਇਸੇ ਦੌਰਾਨ ਗੱਲ ਜਿਆਦਾ ਵੱਧ ਗਈ। ਇਸ ਦੌਰਾਨ ਤਹਿਸ ਵਿੱਚ ਆਏ ਅਸ਼ਵਨੀ ਕੁਮਾਰ ਵੱਲੋਂ ਗੋਲੀ ਚਲਾਏ ਜਾਣ ਕਾਰਨ ਝੋਟਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਮਗਰੋਂ ਮਾਮਲੇ ਨੇ ਹੋਰ ਤੂਲ ਫੜ ਲਿਆ।

ਇਸ ਤੋਂ ਬਾਅਦ ਇਸ ਪੂਰੀ ਘਟਨਾ ਦਾ ਨਾ ਸਿਰਫ ਪੰਜਾਬ ਬਲਕਿ ਹੋਰ ਥਾਵਾਂ ‘ਤੇ ਵੀ ਵਿਰੋਧ ਦੇਖਣ ਨੂੰ ਮਿਲਿਆ। ਇਹ ਮਾਮਲਾ ਇੰਨਾ ਗੰਭੀਰ ਹੋ ਗਿਆ ਕਿ ਸੂਬੇ ਦੀ ਰਾਜਨੀਤੀ ਵੀ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇ ਸਕੀ। ਪੰਜਾਬ ਦੀਆਂ ਤਕਰੀਬਨ ਸਭ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਦੇ ਹੱਕ ‘ਚ ਆਵਾਜ ਬੁਲੰਦ ਕੀਤੀ ਅਤੇ ਹਰ ਥਾਈਂ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਫੂਕ ਨਿਕਲਦੀ ਨਜਰ ਆਈ। ਪੰਜਾਬ ਸਰਕਾਰ ਖਿਲਾਫ ਲੋਕਾਂ ‘ਚ ਵੱਡਾ ਰੋਸ ਦੇਖਣ ਨੂੰ ਮਿਲਿਆ।

ਇਨਸਾਫ਼ ਮੋਰਚਾ ਪਰਵਿੰਦਰ ਝੋਟਾ ਦਾ ਪਿਤਾ ਦੀਆਂ ਕੀ ਹਨ ਮੰਗਾਂ

ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਝੋਟੇ ਦੇ ਕਤਲ ਦੇ ਇਨਸਾਫ ਲਈ ਬਣਾਏ ਇਨਸਾਫ ਮੋਰਚੇ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫੇ ਦੀ ਮੰਗ ਰੱਖੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜਖ਼ਮੀਆਂ ਨੂੰ ਮੁਆਵਜ਼ਾ ਦੇਣ, ਝੋਟੇ ਦੇ ਕਤਲ ਦੇ ਮਾਮਲੇ ਦੀ CBI ਜਾਂਚ ਅਤੇ SHO, SSP ਤੇ DSP ਨੂੰ ਬਰਖ਼ਾਸਤ ਕਰਨ ਦੀ ਮੰਗ ਰੱਖੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.