skip to content

Last Updated: October 30, 2026

Dainik Savera Times Logo

Anu Malik: ਸਿਰਫ਼ ਸੁਰ ਤੇ ਤਾਲ ਹੀ ਨਹੀਂ, ਆਵਾਜ਼ ਵਿੱਚ ਜਜ਼ਬਾਤ ਹੋਣ ਤਾਂ ਹੀ ਗੀਤ ਦਿਲਾਂ ਤੱਕ ਪਹੁੰਚਦਾ ਹੈ

30 October 2026 ਅੱਪਡੇਟ ਕੀਤਾ ਗਿਆ

Anu Malik: ਸਿਰਫ਼ ਸੁਰ ਤੇ ਤਾਲ ਹੀ ਨਹੀਂ, ਆਵਾਜ਼ ਵਿੱਚ ਜਜ਼ਬਾਤ ਹੋਣ ਤਾਂ ਹੀ ਗੀਤ ਦਿਲਾਂ ਤੱਕ ਪਹੁੰਚਦਾ ਹੈ

Anu Malik: ਮਸ਼ਹੂਰ ਸੰਗੀਤਕਾਰ ਅਨੁ ਮਲਿਕ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ 2026’ ਵਿੱਚ ਸਪੈਸ਼ਲ ਜੱਜ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੰਗੀਤ ਅਤੇ ਗਾਇਕੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਗੀਤ ਨੂੰ ਖੂਬਸੂਰਤ ਬਣਾਉਣ ਲਈ ਸਿਰਫ਼ ਸੁਰ ਅਤੇ ਤਾਲ ਹੀ ਕਾਫ਼ੀ ਨਹੀਂ ਹੁੰਦੇ, ਸਗੋਂ ਉਸ ਵਿੱਚ ਜਜ਼ਬਾਤਾਂ ਦਾ ਹੋਣਾ ਵੀ ਬੇਹੱਦ ਜ਼ਰੂਰੀ ਹੈ। ਇੱਕ ਗਾਇਕ ਆਪਣੇ ਗੀਤ ਰਾਹੀਂ ਸਰੋਤਿਆਂ ਨੂੰ ਕਿੰਨਾ ਮਹਿਸੂਸ ਕਰਵਾ ਸਕਦਾ ਹੈ, ਇਹੀ ਉਸ ਦੀ ਗਾਇਕੀ ਦੀ ਅਸਲ ਖ਼ਾਸੀਅਤ ਹੈ।

ਲੰਬੇ ਸਮੇਂ ਬਾਅਦ ਅਨੁ ਮਲਿਕ ਇੱਕ ਵਾਰ ਫਿਰ ‘ਸਾ ਰੇ ਗਾ ਮਾ ਪਾ’ ਦੇ ਮੰਚ ‘ਤੇ ਵਾਪਸੀ ਕਰ ਰਹੇ ਹਨ। ਇਸ ਸ਼ੋਅ ਨਾਲ ਉਨ੍ਹਾਂ ਦਾ ਪੁਰਾਣਾ ਨਾਤਾ ਰਿਹਾ ਹੈ ਅਤੇ ਇਹ ਚੌਥੀ ਵਾਰ ਹੈ, ਜਦੋਂ ਉਹ ਇਸ ਮੰਚ ‘ਤੇ ਜੱਜ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਸ ਸੀਜ਼ਨ ਵਿੱਚ ਸ਼ੰਕਰ ਮਹਾਦੇਵਨ, ਜਾਵੇਦ ਅਲੀ, ਨੀਤੀ ਮੋਹਨ ਅਤੇ ਕੁਮਾਰ ਸਾਨੂ ਜੱਜ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ, ਜਦਕਿ ਅਦਾਕਾਰ ਸ਼੍ਰੇਅਸ ਤਲਪੜੇ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ।

ਸ਼ੋਅ ਵਿੱਚ ਵਾਪਸੀ ਅਤੇ ਸੰਗੀਤ ਪ੍ਰਤੀ ਆਪਣੇ ਨਜ਼ਰੀਏ ਬਾਰੇ ਗੱਲ ਕਰਦਿਆਂ ਅਨੁ ਮਲਿਕ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ‘ਸਾ ਰੇ ਗਾ ਮਾ ਪਾ’ ਨਾਲ ਜੁੜੇ ਰਹੇ ਹਨ। ਇਸ ਮੰਚ ‘ਤੇ ਮੁੜ ਆਉਣਾ ਉਨ੍ਹਾਂ ਲਈ ਪੁਰਾਣੀਆਂ ਖੂਬਸੂਰਤ ਯਾਦਾਂ ਨੂੰ ਤਾਜ਼ਾ ਕਰਨ ਵਰਗਾ ਹੈ। ਉਨ੍ਹਾਂ ਮੁਤਾਬਕ ਸੰਗੀਤ ਦੇ ਵਿਚਕਾਰ ਰਹਿਣਾ ਅਤੇ ਜੋਸ਼ ਤੇ ਸਮਰੱਥਾ ਨਾਲ ਭਰਪੂਰ ਨੌਜਵਾਨ ਗਾਇਕਾਂ ਨੂੰ ਮਿਲਣਾ ਹਮੇਸ਼ਾ ਖੁਸ਼ੀ ਦਿੰਦਾ ਹੈ।

ਅਨੁ ਮਲਿਕ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹ ਮੰਨਣਾ ਰਿਹਾ ਹੈ ਕਿ ਗਾਇਕੀ ਸਿਰਫ਼ ਸੁਰਾਂ ਅਤੇ ਤਾਲਾਂ ਤੱਕ ਸੀਮਤ ਨਹੀਂ ਹੈ। ਗੀਤ ਵਿੱਚ ਗਾਇਕ ਵੱਲੋਂ ਪੇਸ਼ ਕੀਤੇ ਗਏ ਜਜ਼ਬਾਤ ਅਤੇ ਉਸ ਦੀ ਆਵਾਜ਼ ਸੁਣ ਕੇ ਸਰੋਤਿਆਂ ਨੂੰ ਕਿਹੋ ਜਿਹਾ ਅਹਿਸਾਸ ਹੁੰਦਾ ਹੈ, ਇਹ ਵੀ ਬਹੁਤ ਮਹੱਤਵ ਰੱਖਦਾ ਹੈ। ਹਰ ਗਾਇਕ ਦਾ ਆਪਣਾ ਅੰਦਾਜ਼ ਅਤੇ ਆਪਣੀ ਕਹਾਣੀ ਹੁੰਦੀ ਹੈ, ਜੋ ਸੰਗੀਤ ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ।

ਉਨ੍ਹਾਂ ਕਿਹਾ ਕਿ ਹਰ ਗਾਇਕ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਕੋਈ ਆਪਣੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਦਾ ਹੈ, ਜਦਕਿ ਕੋਈ ਗੀਤ ਵਿੱਚ ਜਜ਼ਬਾਤਾਂ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਸੁਣਨ ਵਾਲਾ ਉਸ ਨਾਲ ਜੁੜ ਜਾਂਦਾ ਹੈ। ਇਸੇ ਕਰਕੇ ਇੱਕੋ ਗੀਤ ਨੂੰ ਵੱਖ-ਵੱਖ ਗਾਇਕ ਆਪਣੇ ਅੰਦਾਜ਼ ਵਿੱਚ ਗਾਉਂਦੇ ਹਨ ਅਤੇ ਹਰ ਵਾਰ ਉਸ ਦਾ ਅਨੁਭਵ ਵੱਖਰਾ ਹੁੰਦਾ ਹੈ। ਉਨ੍ਹਾਂ ਮੁਤਾਬਕ ਅਸਲ ਗਾਇਕੀ ਸਿਰਫ਼ ਚੰਗੀ ਆਵਾਜ਼ ਹੋਣ ਵਿੱਚ ਨਹੀਂ, ਬਲਕਿ ਗੀਤ ਨੂੰ ਸਮਝ ਕੇ ਅਤੇ ਉਸ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਕੇ ਗਾਉਣ ਵਿੱਚ ਹੈ।

‘ਸਾ ਰੇ ਗਾ ਮਾ ਪਾ’ ਦੀ ਤਾਰੀਫ਼ ਕਰਦਿਆਂ ਅਨੁ ਮਲਿਕ ਨੇ ਕਿਹਾ ਕਿ ਇਹ ਸ਼ੋਅ ਲਗਾਤਾਰ ਨਵੀਂ ਪ੍ਰਤਿਭਾ ਦੀ ਪਛਾਣ ਕਰ ਰਿਹਾ ਹੈ ਅਤੇ ਨੌਜਵਾਨ ਕਲਾਕਾਰਾਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਿਹਾ ਹੈ। ਉਨ੍ਹਾਂ ਨੇ ਇਸ ਮੰਚ ਨੂੰ ‘ਹਿੰਦੁਸਤਾਨ ਦਾ ਸੰਗੀਤਸਥਾਨ’ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਪਲੇਟਫਾਰਮ ਨੌਜਵਾਨ ਗਾਇਕਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਦਿੰਦੇ ਹਨ ਅਤੇ ਉਹ ਇਸ ਸੰਗੀਤਕ ਜਸ਼ਨ ਦਾ ਹਿੱਸਾ ਬਣਨ ਤੇ ਨਵੀਂ ਪੀੜ੍ਹੀ ਦੇ ਗਾਇਕਾਂ ਦੀ ਪ੍ਰਤਿਭਾ ਦੇਖਣ ਲਈ ਉਤਸ਼ਾਹਿਤ ਹਨ।
ਦੱਸ ਦੇਈਏ ਕਿ ‘ਸਾ ਰੇ ਗਾ ਮਾ ਪਾ 2026’ ਦਾ ਪ੍ਰਸਾਰਣ ਜ਼ੀ ਟੀਵੀ ‘ਤੇ ਕੀਤਾ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.