skip to content

Last Updated: November 27, 2026

Dainik Savera Times Logo

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਮਨਜ਼ੂਰੀ, ਨਵੀਂ ਯੂਨੀਵਰਸਿਟੀ ਤੇ ਪੈਨਸ਼ਨ ਨਿਯਮਾਂ ਵਿੱਚ ਸੋਧ

8 March 2026 ਅੱਪਡੇਟ ਕੀਤਾ ਗਿਆ

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਮਨਜ਼ੂਰੀ, ਨਵੀਂ ਯੂਨੀਵਰਸਿਟੀ ਤੇ ਪੈਨਸ਼ਨ ਨਿਯਮਾਂ ਵਿੱਚ ਸੋਧ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸਿੱਖਿਆ, ਖਿਡਾਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਹੋਰ ਕਈ ਖੇਤਰਾਂ ਨਾਲ ਸੰਬੰਧਿਤ ਅਹਿਮ ਫੈਸਲੇ ਕੀਤੇ ਹਨ। ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਸਭ ਤੋਂ ਵੱਡਾ ਫੈਸਲਾ ਸਰਕਾਰੀ ਕਾਲਜਾਂ ਲਈ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਕੀਤਾ ਗਿਆ ਹੈ। ਕੈਬਨਿਟ ਨੇ ਇਸ ਭਰਤੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਰੁਕੀ ਇਸ ਭਰਤੀ ਪ੍ਰਕਿਰਿਆ ਨੂੰ ਹੁਣ ਦੁਬਾਰਾ ਬਹਾਲ ਕੀਤਾ ਗਿਆ ਹੈ। ਨਾਲ ਹੀ ਉਮੀਦਵਾਰਾਂ ਨੂੰ ਉਮਰ ਦੀ ਹੱਦ ਵਿੱਚ ਵੀ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਹੁਣ ਉਮਰ ਸੀਮਾ 37 ਤੋਂ ਵਧਾ ਕੇ 45 ਸਾਲ ਕਰ ਦਿੱਤੀ ਗਈ ਹੈ।

READ ALSO : ਪੰਜਾਬ ਬਜਟ 2026: ਸਿਹਤ ਖੇਤਰ ਲਈ 5,598 ਕਰੋੜ ਰਾਖਵੇਂ, ਹਰ ਪਰਿਵਾਰ ਨੂੰ ਮਿਲੇਗਾ ₹10 ਲੱਖ ਤੱਕ ਕੈਸ਼ਲੇਸ ਇਲਾਜ

ਇੱਥੇ ਜ਼ਿਕਰਯੋਗ ਹੈ ਕਿ 1158 ਸਹਾਇਕ ਪ੍ਰੋਫੈਸਰ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਨ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਕਈ ਵਾਰ ਸਰਕਾਰ ਕੋਲ ਆਪਣੀ ਨੌਕਰੀ ਸੁਰੱਖਿਅਤ ਕਰਨ ਅਤੇ ਰਿਟਾਇਰਮੈਂਟ ਤੱਕ ਨੌਕਰੀ ਜਾਰੀ ਰੱਖਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਲੈ ਕੇ ਗੈਸਟ ਫੈਕਲਟੀ ਸਾਂਝਾ ਫਰੰਟ ਪੰਜਾਬ ਦੇ ਬੈਨਰ ਹੇਠ ਕਈ ਪ੍ਰਦਰਸ਼ਨ ਵੀ ਕੀਤੇ ਗਏ ਸਨ।

ਦੱਸਣਯੋਗ ਹੈ ਕਿ ਚੰਨੀ ਸਰਕਾਰ ਦੇ ਸਮੇਂ 2021 ਵਿੱਚ 1091 ਪ੍ਰੋਫੈਸਰ ਅਤੇ 67 ਲਾਇਬ੍ਰੇਰੀਅਨ, ਕੁੱਲ 1158 ਅਸਾਮੀਆਂ ਲਈ ਭਰਤੀ ਕੱਢੀ ਗਈ ਸੀ। ਪਰ ਭਰਤੀ ਪ੍ਰਕਿਰਿਆ ‘ਤੇ ਸਵਾਲ ਖੜੇ ਹੋਣ ਕਾਰਨ ਇਸ ਦੇ ਖ਼ਿਲਾਫ਼ ਹਾਈਕੋਰਟ ਵਿੱਚ ਕਈ ਪਟੀਸ਼ਨਾਂ ਦਾਇਰ ਹੋਈਆਂ ਸਨ, ਜਿਸ ਤੋਂ ਬਾਅਦ ਅਦਾਲਤ ਨੇ ਇਸ ਭਰਤੀ ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਸੀ।

ਕੈਬਨਿਟ ਮੀਟਿੰਗ ਵਿੱਚ ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦਿਆਂ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ ‘ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਯੂਨੀਵਰਸਿਟੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰੇਗੀ।

ਇਸ ਤੋਂ ਇਲਾਵਾ ਮੁਹਾਲੀ ਦੇ ਗਮਾਡਾ ਖੇਤਰ ਵਿੱਚ ਸਕੂਲਾਂ ਲਈ ਪਲਾਟਾਂ ਦੀ ਅਲੋਟਮੈਂਟ ਦੇ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ। ਹੁਣ ਸਕੂਲਾਂ ਲਈ ਪਲਾਟਾਂ ਦੀ ਈ-ਆਕਸ਼ਨ ਦੀ ਬਜਾਏ ਰਿਜ਼ਰਵ ਪ੍ਰਾਈਸ ‘ਤੇ ਅਲੋਟਮੈਂਟ ਕੀਤੀ ਜਾਵੇਗੀ ਤਾਂ ਜੋ ਸਸਤੀ ਸਿੱਖਿਆ ਦੇ ਮੌਕੇ ਵਧ ਸਕਣ।

ਸਰਕਾਰ ਨੇ ਪੈਨਸ਼ਨ ਨਿਯਮਾਂ ਵਿੱਚ ਵੀ ਮਹੱਤਵਪੂਰਨ ਸੋਧ ਕੀਤੀ ਹੈ। ਹੁਣ ਜੇਕਰ ਕਿਸੇ ਅਣਵਿਆਹੇ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ‘ਤੇ ਨਿਰਭਰ ਅਪਾਹਜ ਭੈਣ ਜਾਂ ਭਰਾ ਨੂੰ ਵੀ ਫੈਮਿਲੀ ਪੈਨਸ਼ਨ ਮਿਲ ਸਕੇਗੀ, ਜਦਕਿ ਪਹਿਲਾਂ ਇਹ ਸਹੂਲਤ ਉਪਲਬਧ ਨਹੀਂ ਸੀ।

ਕੈਬਨਿਟ ਨੇ ਖਿਡਾਰੀਆਂ ਲਈ ਵੀ ਵੱਡਾ ਫੈਸਲਾ ਲੈਂਦਿਆਂ ਸਰਕਾਰੀ ਭਰਤੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ 3 ਫੀਸਦੀ ਕੋਟਾ ਰਾਖਵਾਂ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ। ਨਵੀਂ ਗ੍ਰੇਡੇਸ਼ਨ ਪਾਲਿਸੀ ਅਨੁਸਾਰ ਹੁਣ ਗ੍ਰੇਡ ਏ, ਬੀ, ਸੀ ਅਤੇ ਡੀ ਦੇ ਅਧਾਰ ‘ਤੇ ਖਿਡਾਰੀ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ।

ਫਾਰਮਾਸਿਸਟਾਂ ਦੀ ਭਰਤੀ ਲਈ ਯੋਗਤਾ ਵਿੱਚ ਵੀ ਸੋਧ ਕੀਤੀ ਗਈ ਹੈ। ਹੁਣ ਡਿਪਲੋਮਾ ਇਨ ਫਾਰਮੇਸੀ, ਬੈਚਲਰ ਆਫ ਫਾਰਮੇਸੀ ਅਤੇ ਫਾਰਮਾ-ਡੀ ਵਾਲੇ ਉਮੀਦਵਾਰ ਫਾਰਮਾਸਿਸਟ ਦੀ ਭਰਤੀ ਲਈ ਅਰਜ਼ੀ ਦੇ ਸਕਣਗੇ।

ਇਸ ਦੇ ਨਾਲ ਹੀ ਕੈਬਨਿਟ ਨੇ ਗੁਰਦਾਸਪੁਰ ਦੇ ਸ਼ਹੀਦ ਹੋਮਗਾਰਡ ਵਲੰਟੀਅਰ ਅਸ਼ੋਕ ਕੁਮਾਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦੀ ਮਨਜ਼ੂਰੀ ਦਿੱਤੀ ਹੈ। ਇਹ ਰਕਮ ਪੰਜਾਬ ਪੁਲਿਸ ਦੇ ਮਾਪਦੰਡਾਂ ਦੇ ਅਨੁਸਾਰ ਦਿੱਤੀ ਜਾਵੇਗੀ।

ਕੈਬਨਿਟ ਨੇ ਪੰਜਾਬ ਕ੍ਰਸ਼ਰ ਅਤੇ ਮਾਈਨਿੰਗ ਨਿਯਮਾਂ ਨਾਲ ਸੰਬੰਧਤ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕਰਨ ਲਈ ਹਰੀ ਝੰਡੀ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਪ੍ਰਿਜ਼ਨਜ਼ ਬਿੱਲ 2026 ਨੂੰ ਵੀ ਮਾਨਤਾ ਦਿੱਤੀ ਗਈ ਹੈ, ਜਿਸ ਦਾ ਮਕਸਦ ਜੇਲ੍ਹਾਂ ਦੇ ਪ੍ਰਬੰਧਨ ਨੂੰ ਹੋਰ ਪਾਰਦਰਸ਼ੀ ਅਤੇ ਸੁਧਾਰਿਆ ਬਣਾਉਣਾ ਹੈ।

ਪੰਜਾਬ ਬਜਟ 2026: ਮਹਿਲਾਵਾਂ ਲਈ ਵੱਡੀ ਰਾਹਤ, ਮੁਫ਼ਤ ਬੱਸ ਯਾਤਰਾ ਜਾਰੀ ਰੱਖਣ ਲਈ 450 ਕਰੋੜ ਰਾਖਵੇਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.