ਅੰਤਰਰਾਸ਼ਟਰੀ ਡੈਸਕ: ਕੈਨੇਡਾ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਹਾਲੀਆ ਦੌਰੇ ਦੌਰਾਨ ਖਾਲਿਸਤਾਨੀ ਤੱਤਾਂ ਦੀ ਹਾਜ਼ਰੀ ਅਸਧਾਰਣ ਤੌਰ ‘ਤੇ ਘੱਟ ਰਹੀ ਜਿਸ ਨਾਲ ਇੱਕ ਨਵੀਂ ਰਾਜਨੀਤਿਕ ਹਕੀਕਤ ਸਾਹਮਣੇ ਆਈ ਹੈ। ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਕੋਈ ਭਾਰਤੀ ਮੰਤਰੀ ਕੈਨੇਡਾ ਜਾਂਦਾ ਸੀ ਤਾਂ ਖਾਲਿਸਤਾਨੀ ਸਮੂਹ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਵਿਰੋਧ ਕਰਦੇ ਸਨ। ਇਹ ਸਮੂਹ ਨਾਅਰੇ ਲਾਉਂਦੇ ਝੰਡੇ ਲਹਿਰਾਉਂਦੇ ਅਤੇ ਭਾਰਤ ਵਿਰੋਧੀ ਮਾਹੌਲ ਬਣਾਉਂਦੇ ਰਹੇ ਹਨ। ਕੈਨੇਡੀਅਨ ਅਧਿਕਾਰੀਆਂ ਵੱਲੋਂ ਪਹਿਲਾਂ ਇਨ੍ਹਾਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਿਸ ਨਾਲ ਇਹ ਤੱਤ ਆਪਣੇ ਏਜੰਡੇ ਨੂੰ ਆਸਾਨੀ ਨਾਲ ਅੱਗੇ ਵਧਾਉਂਦੇ ਰਹੇ। ਪਰ ਇਸ ਵਾਰ ਸਥਿਤੀ ਬਦਲ ਗਈ। ਜੈਸ਼ੰਕਰ ਦੇ ਦੌਰੇ ਦੌਰਾਨ ਕੈਨੇਡੀਅਨ ਪੁਲਿਸ ਨੇ ਵਿਰੋਧ ਕਰਨ ਵਾਲੇ ਤੱਤਾਂ ਨੂੰ ਸਮਾਗਮ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ। ਸਿਰਫ 8 ਤੋਂ 9 ਵਿਅਕਤੀ ਹੀ ਵਿਰੋਧ ਕਰਨ ਵਿੱਚ ਕਾਮਯਾਬ ਹੋਏ ਜੋ ਕਿ ਪਹਿਲਾਂ ਦੀਆਂ ਵੱਡੀਆਂ ਗਿਣਤੀਆਂ ਦੇ ਮੁਕਾਬਲੇ ਬਹੁਤ ਘੱਟ ਸਨ। ਇਹ ਘਟਨਾ ਦਰਸਾਉਂਦੀ ਹੈ ਕਿ ਕੈਨੇਡਾ ਹੁਣ ਖਾਲਿਸਤਾਨੀ ਕੱਟੜਪੰਥੀ ਗਤੀਵਿਧੀਆਂ ਲਈ ਖੁੱਲ੍ਹਾ ਮੈਦਾਨ ਨਹੀਂ ਰਹਿ ਗਿਆ।
ਜੈਸ਼ੰਕਰ ਦੇ ਸਮਾਗਮ ਦੌਰਾਨ ਕੋਈ ਵੱਡਾ ਵਿਰੋਧ ਨਹੀਂ ਹੋਇਆ। ਝੰਡੇ ਗਾਇਬ ਸਨ ਨਾਅਰੇਬਾਜ਼ੀ ਘੱਟ ਸੀ ਅਤੇ ਪੁਲਿਸ ਨੇ ਸਥਿਤੀ ‘ਤੇ ਪੂਰੀ ਤਰ੍ਹਾਂ ਕੰਟਰੋਲ ਬਣਾਇਆ ਹੋਇਆ ਸੀ। ਇਹ ਨਵੀਂ ਕੈਨੇਡੀਅਨ ਸਰਕਾਰ ਦੇ ਰੁਖ ਵਿੱਚ ਆਈ ਤਬਦੀਲੀ ਨੂੰ ਦਰਸਾਉਂਦਾ ਹੈ ਜੋ ਕਿ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ ਸਖ਼ਤੀ ਨਾਲ ਕੰਮ ਕਰ ਰਹੀ ਹੈ।
ਇਹ ਸਿਰਫ ਜਨਤਕ ਵਿਵਸਥਾ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਨਹੀਂ ਸੀ ਸਗੋਂ ਇਹ ਸੰਕੇਤ ਸੀ ਕਿ ਕੈਨੇਡਾ ਹੁਣ ਉਹਨਾਂ ਤੱਤਾਂ ਨੂੰ ਰੋਕਣ ਲਈ ਤਿਆਰ ਹੈ ਜੋ ਭਾਰਤ ਨਾਲ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਜੈਸ਼ੰਕਰ ਦੇ ਦੌਰੇ ਦੀ ਸੁਚਾਰੂ ਅਤੇ ਘਟਨਾ ਰਹਿਤ ਸਮਾਪਤੀ ਨੇ ਇਹ ਸਾਬਤ ਕੀਤਾ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮੂਹਾਂ ਦਾ ਪ੍ਰਭਾਵ ਹੁਣ ਘੱਟ ਹੋ ਚੁੱਕਾ ਹੈ। ਸਿਰਫ 8-9 ਲੋਕਾਂ ਦੀ ਹਾਜ਼ਰੀ ਨੇ ਇਹ ਦਰਸਾਇਆ ਕਿ ਉਨ੍ਹਾਂ ਦਾ ਸਮਰਥਨ ਜ਼ਮੀਨੀ ਪੱਧਰ ‘ਤੇ ਕਿੰਨਾ ਘੱਟ ਹੋ ਗਿਆ ਹੈ। ਭਾਵੇਂ ਉਨ੍ਹਾਂ ਦੀ ਔਨਲਾਈਨ ਗਤੀਵਿਧੀ ਅਜੇ ਵੀ ਚਲ ਰਹੀ ਹੈ ਪਰ ਜਮੀਨੀ ਪੱਧਰ ‘ਤੇ ਉਨ੍ਹਾਂ ਦੀ ਮੌਜੂਦਗੀ ਲਗਭਗ ਅਪ੍ਰਸੰਗਿਕ ਹੋ ਚੁੱਕੀ ਹੈ। ਕੈਨੇਡਾ ਵਿੱਚ ਵੱਸਦੇ ਭਾਰਤੀ ਪ੍ਰਵਾਸੀਆਂ ਨੇ ਵੀ ਇਨ੍ਹਾਂ ਵੰਡ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਸਮੂਹ ਜੋ ਪਹਿਲਾਂ ਭਾਰਤੀ ਮੰਤਰੀਆਂ ਦੇ ਦੌਰਿਆਂ ਨੂੰ ਆਪਣੇ ਏਜੰਡੇ ਲਈ ਵਰਤਦੇ ਸਨ ਹੁਣ ਪੁਲਿਸ ਵੱਲੋਂ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕੇ ਜਾ ਰਹੇ ਹਨ। ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਜੋ ਪਹਿਲਾਂ ਸੁਰਖੀਆਂ ਬਣਦੇ ਸਨ ਹੁਣ ਉਨ੍ਹਾਂ ਦੀ ਅਸਫਲਤਾ ਸੁਰਖੀਆਂ ਬਣ ਰਹੀ ਹੈ।
‘ਜਨਤਕ ਸੁਰੱਖਿਆ ਯਕੀਨੀ ਬਣਾਓ, ਨਹੀਂ ਤਾਂ ਪੂਰਾ ਸ਼ਹਿਰ ਕਰਾਂਗੇ ਬੰਦ’: ਵਪਾਰੀ ਵਰਗ
ਕੈਨੇਡੀਅਨ ਸਰਕਾਰ ਵੱਲੋਂ ਲਿਆ ਗਿਆ ਇਹ ਕਦਮ ਸਿਰਫ਼ ਸਵਾਗਤਯੋਗ ਨਹੀਂ ਸਗੋਂ ਜ਼ਰੂਰੀ ਵੀ ਹੈ। ਕੱਟੜਪੰਥੀ ਤੱਤਾਂ ਨੇ ਲੋਕਤੰਤਰੀ ਆਜ਼ਾਦੀਆਂ ਦੀ ਦੁਰਵਰਤੋਂ ਕਰਕੇ ਨਫ਼ਰਤ ਅਤੇ ਗਲਤ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਸਖ਼ਤੀ ਨਾਲ ਦਖਲ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਸਿੱਖਣ ਵਾਲੀ ਗੱਲ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ। ਸਿੱਟਾ ਸਾਫ਼ ਹੈ ਕਿ ਖਾਲਿਸਤਾਨੀ ਕੱਟੜਪੰਥੀ ਆਪਣੀ ਤਾਕਤ ਗੁਆ ਰਹੇ ਹਨ ਉਨ੍ਹਾਂ ਦੀ ਸਾਰਥਕਤਾ ਘੱਟ ਰਹਿ ਗਈ ਹੈ ਅਤੇ ਜੈਸ਼ੰਕਰ ਦੇ ਦੌਰੇ ਦੌਰਾਨ ਉਨ੍ਹਾਂ ਦੀ ਕਮਜ਼ੋਰ ਪਕੜ ਸਾਫ਼ ਤੌਰ ‘ਤੇ ਸਾਹਮਣੇ ਆ ਗਈ ਹੈ।