skip to content

Last Updated: November 6, 2026

Dainik Savera Times Logo

Stock Market Today: ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ, ਸੈਂਸੈਕਸ 358 ਅੰਕ ਚੜ੍ਹਿਆ; IT ਸ਼ੇਅਰਾਂ ‘ਚ ਤੇਜ਼ੀ

6 November 2026 ਅੱਪਡੇਟ ਕੀਤਾ ਗਿਆ

Stock Market Today: ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ, ਸੈਂਸੈਕਸ 358 ਅੰਕ ਚੜ੍ਹਿਆ; IT ਸ਼ੇਅਰਾਂ ‘ਚ ਤੇਜ਼ੀ

Stock Market Today: ਪਿਛਲੇ ਕੁਝ ਦਿਨਾਂ ਤੋਂ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜਾਰੀ ਤੇਜ਼ੀ ਤੋਂ ਬਾਅਦ ਸ਼ੁੱਕਰਵਾਰ ਨੂੰ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਬਾਜ਼ਾਰ ਦੀ ਸ਼ੁਰੂਆਤ ਹਲਕੀ ਵਾਧੇ ਨਾਲ ਹੋਈ। ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ ਵਿੱਚ ਆਈ ਭਾਰੀ ਗਿਰਾਵਟ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਬੀਐੱਸਈ ਸੈਂਸੈਕਸ ਆਪਣੇ ਪਿਛਲੇ ਬੰਦ 79,310.01 ਦੇ ਮੁਕਾਬਲੇ 103.65 ਅੰਕ ਜਾਂ 0.13 ਫ਼ੀਸਦੀ ਦੇ ਵਾਧੇ ਨਾਲ 79,413.66 ‘ਤੇ ਖੁੱਲ੍ਹਿਆ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਇਹ 293.95 ਅੰਕ ਡਿੱਗ ਕੇ 79,016.05 ਦੇ ਹੇਠਲੇ ਪੱਧਰ ਤੱਕ ਪਹੁੰਚ ਗਿਆ।

ਇਸ ਤੋਂ ਬਾਅਦ ਬਾਜ਼ਾਰ ਵਿੱਚ ਖਰੀਦਦਾਰੀ ਵਧਣ ਕਾਰਨ ਸੈਂਸੈਕਸ ਨੇ ਮੁੜ ਤੇਜ਼ੀ ਫੜੀ ਅਤੇ 358.36 ਅੰਕ ਜਾਂ 0.45 ਫ਼ੀਸਦੀ ਦੇ ਉਛਾਲ ਨਾਲ 79,668.37 ਦੇ ਇੰਟਰਾ-ਡੇਅ ਉੱਚੇ ਪੱਧਰ ਨੂੰ ਛੂਹ ਲਿਆ। ਦੂਜੇ ਪਾਸੇ ਨਿਫਟੀ-50 ਦੀ ਸ਼ੁਰੂਆਤ ਵੀ ਲਗਭਗ ਸਥਿਰ ਰਹੀ। ਇਹ ਆਪਣੇ ਪਿਛਲੇ ਬੰਦ 24,536.60 ਦੇ ਮੁਕਾਬਲੇ 24,538.20 ‘ਤੇ ਖੁੱਲ੍ਹਿਆ। ਸ਼ੁਰੂਆਤੀ ਗਿਰਾਵਟ ਦੌਰਾਨ ਨਿਫਟੀ 148.55 ਅੰਕ ਜਾਂ 0.60 ਫ਼ੀਸਦੀ ਟੁੱਟ ਕੇ 24,388.05 ਤੱਕ ਆ ਗਿਆ, ਪਰ ਬਾਅਦ ਵਿੱਚ ਇਸ ਨੇ ਵੀ ਵਾਪਸੀ ਕਰਦਿਆਂ 108.55 ਅੰਕਾਂ ਦੇ ਵਾਧੇ ਨਾਲ 24,645.15 ਦਾ ਪੱਧਰ ਛੂਹਿਆ।

ਵੱਡੀਆਂ ਕੰਪਨੀਆਂ ਤੋਂ ਇਲਾਵਾ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ। ਨਿਫਟੀ ਮਿਡਕੈਪ ਇੰਡੈਕਸ ਵਿੱਚ 0.89 ਫ਼ੀਸਦੀ, ਜਦਕਿ ਨਿਫਟੀ ਸਮਾਲਕੈਪ ਇੰਡੈਕਸ ਵਿੱਚ 1.5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸੈਕਟਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਦਬਾਅ ਮੈਟਲ ਸ਼ੇਅਰਾਂ ‘ਤੇ ਰਿਹਾ ਅਤੇ ਨਿਫਟੀ ਮੈਟਲ ਇੰਡੈਕਸ 1.7 ਫ਼ੀਸਦੀ ਡਿੱਗ ਗਿਆ। ਇਸ ਤੋਂ ਇਲਾਵਾ ਰੀਅਲਟੀ ਇੰਡੈਕਸ ਵਿੱਚ 1.56 ਫ਼ੀਸਦੀ ਦੀ ਕਮੀ ਆਈ। ਕੈਮੀਕਲ, ਆਇਲ ਐਂਡ ਗੈਸ, ਕੰਜ਼ਿਊਮਰ ਡਿਊਰੇਬਲਜ਼, ਪੀਐੱਸਯੂ ਬੈਂਕ, ਐੱਫਐੱਮਸੀਜੀ ਅਤੇ ਆਟੋ ਸੈਕਟਰ ਦੇ ਸ਼ੇਅਰਾਂ ਵਿੱਚ ਵੀ ਕਮਜ਼ੋਰੀ ਰਹੀ।

ਹਾਲਾਂਕਿ ਆਈਟੀ ਸੈਕਟਰ ਨੇ ਬਾਜ਼ਾਰ ਨੂੰ ਕੁਝ ਹੱਦ ਤੱਕ ਸਹਾਰਾ ਦਿੱਤਾ ਅਤੇ ਨਿਫਟੀ ਆਈਟੀ ਇੰਡੈਕਸ ਵਿੱਚ ਲਗਭਗ 2 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਫਾਰਮਾ, ਮਿਡਸਮਾਲ ਆਈਟੀ, ਟੈਲੀਕਾਮ, ਪ੍ਰਾਈਵੇਟ ਬੈਂਕ ਅਤੇ ਮੀਡੀਆ ਸੈਕਟਰ ਦੇ ਸ਼ੇਅਰਾਂ ਵਿੱਚ ਵੀ ਖਰੀਦਦਾਰੀ ਦੇਖਣ ਨੂੰ ਮਿਲੀ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਸ਼ੇਅਰ ਬਾਜ਼ਾਰਾਂ ਦੀ ਭਾਰੀ ਗਿਰਾਵਟ ਦਾ ਅਸਰ ਦੁਨੀਆ ਦੇ ਕਈ ਬਾਜ਼ਾਰਾਂ ‘ਤੇ ਪੈ ਸਕਦਾ ਹੈ, ਪਰ ਭਾਰਤੀ ਬਾਜ਼ਾਰ ‘ਤੇ ਇਸ ਦਾ ਪ੍ਰਭਾਵ ਤੁਲਨਾਤਮਕ ਤੌਰ ‘ਤੇ ਘੱਟ ਰਹਿਣ ਦੀ ਸੰਭਾਵਨਾ ਹੈ। ਨੈਸਡੈਕ ਵਿੱਚ 5.6 ਫ਼ੀਸਦੀ ਦੀ ਗਿਰਾਵਟ ਪਿੱਛੇ ਡਾਟਾ ਸੈਂਟਰਾਂ ਵਿੱਚ ਨਿਵੇਸ਼ ਦੀ ਰਫ਼ਤਾਰ ਘਟਣ ਅਤੇ ਏਆਈ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।

ਮਾਹਿਰਾਂ ਅਨੁਸਾਰ ਗਲੋਬਲ ਤਕਨੀਕੀ ਸ਼ੇਅਰਾਂ ਵਿੱਚ ਆਈ ਕਮਜ਼ੋਰੀ ਦਾ ਭਾਰਤੀ ਬਾਜ਼ਾਰ ਨੂੰ ਅਸਿੱਧੇ ਤੌਰ ‘ਤੇ ਫ਼ਾਇਦਾ ਵੀ ਮਿਲ ਸਕਦਾ ਹੈ। ਇਸ ਨਾਲ ਵਿਦੇਸ਼ੀ ਨਿਵੇਸ਼ਕ ਹੋਰ ਉੱਭਰਦੇ ਬਾਜ਼ਾਰਾਂ ਵੱਲ ਰੁਖ ਕਰ ਸਕਦੇ ਹਨ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਦੀ ਖਰੀਦਦਾਰੀ ਵੀ ਭਾਰਤੀ ਬਾਜ਼ਾਰ ਲਈ ਸਕਾਰਾਤਮਕ ਸੰਕੇਤ ਬਣੀ ਹੋਈ ਹੈ। ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ਦੌਰਾਨ ਐੱਫਆਈਆਈ ਨੇ 35,781 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। ਵੀਰਵਾਰ ਨੂੰ ਲਗਾਤਾਰ ਪੰਜਵੇਂ ਸੈਸ਼ਨ ਵਿੱਚ ਉਨ੍ਹਾਂ ਨੇ 14,974 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਇਸ ਦੇ ਉਲਟ ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ ਵੀਰਵਾਰ ਨੂੰ 10,444 ਕਰੋੜ ਰੁਪਏ ਦੇ ਸ਼ੇਅਰ ਵੇਚੇ। ਮਾਹਿਰਾਂ ਮੁਤਾਬਕ ਕੰਪਨੀਆਂ ਦੇ ਮਜ਼ਬੂਤ ਤਿਮਾਹੀ ਨਤੀਜੇ ਅਤੇ ਵੱਡੀਆਂ ਕੰਪਨੀਆਂ ਦੇ ਆਕਰਸ਼ਕ ਮੁੱਲਾਂਕਣ ਕਾਰਨ ਵੀ ਬਾਜ਼ਾਰ ਨੂੰ ਸਮਰਥਨ ਮਿਲ ਰਿਹਾ ਹੈ।

ਇਸੇ ਦੌਰਾਨ ਕਮੋਡਿਟੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ ਲਗਭਗ 2 ਫ਼ੀਸਦੀ ਚੜ੍ਹ ਕੇ 100.31 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ, ਜਦਕਿ ਅਮਰੀਕੀ ਡਬਲਯੂਟੀਆਈ ਕਰੂਡ ਦੀ ਕੀਮਤ 1 ਫ਼ੀਸਦੀ ਤੋਂ ਵੱਧ ਵਧ ਕੇ 91.91 ਡਾਲਰ ਪ੍ਰਤੀ ਬੈਰਲ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਬਾਜ਼ਾਰਾਂ ਦੀ ਅਸਥਿਰਤਾ, ਕੱਚੇ ਤੇਲ ਦੀਆਂ ਕੀਮਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦ-ਵਿਕਰੀ ਭਾਰਤੀ ਸ਼ੇਅਰ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੇ। ਹਾਲਾਂਕਿ ਦੇਸ਼ ਦੇ ਮਜ਼ਬੂਤ ਆਰਥਿਕ ਸੰਕੇਤਕ ਅਤੇ ਐੱਫਆਈਆਈ ਦੀ ਲਗਾਤਾਰ ਖਰੀਦਦਾਰੀ ਬਾਜ਼ਾਰ ਲਈ ਉਮੀਦਜਨਕ ਮੰਨੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.