skip to content

Last Updated: November 6, 2026

Dainik Savera Times Logo

Duleep Trophy 2026: ਦਲੀਪ ਟ੍ਰਾਫੀ ਫਾਈਨਲ ਵਿੱਚ ਈਸ਼ਾਨ ਕਿਸ਼ਨ ਦਾ ਜਲਵਾ, 250 ਦੌੜਾਂ ਦੀ ਪਾਰੀ ਨਾਲ ਬਣਾਏ ਕਈ ਵੱਡੇ ਰਿਕਾਰਡ

7 September 2026 ਅੱਪਡੇਟ ਕੀਤਾ ਗਿਆ

Duleep Trophy 2026: ਦਲੀਪ ਟ੍ਰਾਫੀ ਫਾਈਨਲ ਵਿੱਚ ਈਸ਼ਾਨ ਕਿਸ਼ਨ ਦਾ ਜਲਵਾ, 250 ਦੌੜਾਂ ਦੀ ਪਾਰੀ ਨਾਲ ਬਣਾਏ ਕਈ ਵੱਡੇ ਰਿਕਾਰਡ

Duleep Trophy 2026: ਦਲੀਪ ਟਰਾਫੀ 2026 ਦਾ ਫਾਈਨਲ ਚੇਨਈ ਦੇ ਐੱਮ.ਏ. ਚਿਦੰਬਰਮ ਕ੍ਰਿਕਟ ਸਟੇਡੀਅਮ ਵਿੱਚ ਈਸਟ ਜ਼ੋਨ ਅਤੇ ਸਾਊਥ ਜ਼ੋਨ ਦਰਮਿਆਨ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਈਸਟ ਜ਼ੋਨ ਦੇ ਕਪਤਾਨ ਈਸ਼ਾਨ ਕਿਸ਼ਨ ਨੇ ਬੇਮਿਸਾਲ ਬੱਲੇਬਾਜ਼ੀ ਕਰਦਿਆਂ 250 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਨੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਉਣ ਦੇ ਨਾਲ ਕਈ ਰਿਕਾਰਡ ਵੀ ਤੋੜ ਦਿੱਤੇ।

ਈਸ਼ਾਨ ਨੇ 270 ਗੇਂਦਾਂ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਰਿਟਾਇਰਡ ਹਰਟ ਹੋ ਕੇ ਮੈਦਾਨ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ 301 ਗੇਂਦਾਂ ਵਿੱਚ 250 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 27 ਚੌਕੇ ਅਤੇ 7 ਛੱਕੇ ਸ਼ਾਮਲ ਰਹੇ। ਇਸ ਪ੍ਰਦਰਸ਼ਨ ਨਾਲ ਉਹ ਈਸਟ ਜ਼ੋਨ ਵੱਲੋਂ ਦੋਹਰਾ ਸੈਂਕੜਾ ਲਗਾਉਣ ਵਾਲੇ ਤੀਜੇ ਬੱਲੇਬਾਜ਼ ਬਣੇ, ਜਦਕਿ ਇਸ ਤੋਂ ਪਹਿਲਾਂ ਅਰੁਣ ਲਾਲ ਅਤੇ ਸਬਾ ਕਰੀਮ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।

ਈਸ਼ਾਨ ਕਿਸ਼ਨ ਨੇ ਦਲੀਪ ਟਰਾਫੀ ਦੇ ਫਾਈਨਲ ਵਿੱਚ ਈਸਟ ਜ਼ੋਨ ਲਈ ਸਭ ਤੋਂ ਵੱਡੀ ਵਿਅਕਤੀਗਤ ਪਾਰੀ ਖੇਡਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ ਰਿੱਧੀਮਾਨ ਸਾਹਾ ਦੇ 170 ਦੌੜਾਂ ਵਾਲੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਸਾਹਾ ਨੇ ਇਹ ਪਾਰੀ 2012 ਦੇ ਫਾਈਨਲ ਦੌਰਾਨ ਖੇਡੀ ਸੀ। ਇਸ ਦੇ ਨਾਲ ਹੀ ਈਸ਼ਾਨ ਫਾਈਨਲ ਦੇ ਇਤਿਹਾਸ ਵਿੱਚ 200 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੱਤਵੇਂ ਬੱਲੇਬਾਜ਼ ਬਣ ਗਏ।

ਵਿਕਟਕੀਪਰ ਦੇ ਤੌਰ ‘ਤੇ ਵੀ ਈਸ਼ਾਨ ਨੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਉਹ ਦਲੀਪ ਟਰਾਫੀ ਫਾਈਨਲ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ ਅਤੇ ਉਨ੍ਹਾਂ ਨੇ ਦਿਨੇਸ਼ ਕਾਰਤਿਕ ਦੇ 183 ਦੌੜਾਂ ਵਾਲੇ ਰਿਕਾਰਡ ਨੂੰ ਪਿੱਛੇ ਛੱਡਿਆ। ਇਸ ਦੇ ਨਾਲ ਹੀ ਉਹ ਫਾਈਨਲ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਵਿਕਟਕੀਪਰ ਕਪਤਾਨ ਬਣੇ। ਈਸ਼ਾਨ ਹੁਣ ਵਨਡੇ ਇੰਟਰਨੈਸ਼ਨਲ ਅਤੇ ਦਲੀਪ ਟਰਾਫੀ ਦੋਵਾਂ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਹਨ।

ਈਸ਼ਾਨ ਦੀ ਸ਼ਾਨਦਾਰ ਪਾਰੀ ਦੌਰਾਨ ਕੁਮਾਰ ਕੁਸ਼ਾਗ੍ਰ ਨੇ ਵੀ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਪੰਜਵੇਂ ਵਿਕਟ ਲਈ 230 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਕੁਸ਼ਾਗ੍ਰ ਨੇ 132 ਗੇਂਦਾਂ ਦਾ ਸਾਹਮਣਾ ਕਰਦਿਆਂ 101 ਦੌੜਾਂ ਬਣਾਈਆਂ। ਉਨ੍ਹਾਂ ਦੀ ਸੈਂਕੜੇ ਵਾਲੀ ਪਾਰੀ ਵਿੱਚ 8 ਚੌਕੇ ਅਤੇ 5 ਛੱਕੇ ਸ਼ਾਮਲ ਰਹੇ।

ਟੀ-ਬ੍ਰੇਕ ਤੱਕ ਈਸਟ ਜ਼ੋਨ ਨੇ ਆਪਣੀ ਪਹਿਲੀ ਪਾਰੀ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 626 ਦੌੜਾਂ ਬਣਾ ਲਈਆਂ ਸਨ। ਟੀਮ ਲਈ ਹੋਰ ਬੱਲੇਬਾਜ਼ਾਂ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ, ਜਿਸ ਵਿੱਚ ਸ਼ਿਖਰ ਮੋਹਨ ਨੇ 85, ਅਭਿਮਨਿਊ ਈਸ਼ਵਰਨ ਨੇ 72 ਅਤੇ ਵੈਭਵ ਸੂਰਿਆਵੰਸ਼ੀ ਨੇ 44 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਦੀ ਇਤਿਹਾਸਕ ਪਾਰੀ ਦੀ ਬਦੌਲਤ ਈਸਟ ਜ਼ੋਨ ਨੇ ਫਾਈਨਲ ਵਿੱਚ ਆਪਣੀ ਪਕੜ ਕਾਫੀ ਮਜ਼ਬੂਤ ਕਰ ਲਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.