Yoga Bandhas: ਯੋਗ ਸਿਰਫ਼ ਸਰੀਰਕ ਕਸਰਤ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਬਣਾਉਣ ਦੀ ਪ੍ਰਾਚੀਨ ਵਿਧੀ ਹੈ। ਇਸ ਵਿੱਚ ਵੱਖ-ਵੱਖ ਆਸਨਾਂ ਅਤੇ ਪ੍ਰਾਣਾਯਾਮ ਦੇ ਨਾਲ ਕੁਝ ਅਜਿਹੀਆਂ ਵਿਸ਼ੇਸ਼ ਕਿਰਿਆਵਾਂ ਵੀ ਸ਼ਾਮਲ ਹਨ, ਜੋ ਸਰੀਰ ਦੀ ਅੰਦਰੂਨੀ ਊਰਜਾ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਕਿਰਿਆਵਾਂ ਵਿੱਚੋਂ ਇੱਕ ਹੈ ‘ਬੰਧ’, ਜਿਸ ਦਾ ਨਿਯਮਤ ਅਤੇ ਸਹੀ ਅਭਿਆਸ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਇਕਾਗਰਤਾ ਵਧਾਉਣ ਵਿੱਚ ਵੀ ਸਹਾਇਕ ਮੰਨਿਆ ਜਾਂਦਾ ਹੈ।
ਯੋਗ ਸ਼ਾਸਤਰ ਵਿੱਚ ‘ਬੰਧ’ ਦਾ ਅਰਥ ਊਰਜਾ ਨੂੰ ਬੰਨ੍ਹਣਾ, ਰੋਕਣਾ ਜਾਂ ਇੱਕ ਨਿਸ਼ਚਿਤ ਦਿਸ਼ਾ ਵਿੱਚ ਮੋੜਨਾ ਹੈ। ਇਨ੍ਹਾਂ ਕਿਰਿਆਵਾਂ ਰਾਹੀਂ ਸਰੀਰ ਦੇ ਅੰਦਰ ਪ੍ਰਾਣ ਸ਼ਕਤੀ ਨੂੰ ਨਿਯੰਤਰਿਤ ਕਰਨ ਅਤੇ ਯੋਗਿਕ ਚੱਕਰਾਂ ਵੱਲ ਕੇਂਦਰਿਤ ਕਰਨ ਦਾ ਅਭਿਆਸ ਕੀਤਾ ਜਾਂਦਾ ਹੈ। ਭਾਰਤੀ ਹਠਯੋਗ ਪਰੰਪਰਾ ਵਿੱਚ ਮੁੱਖ ਤੌਰ ‘ਤੇ ਚਾਰ ਬੰਧਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਵਿੱਚ ਮੂਲ ਬੰਧ, ਉੱਡਿਆਨ ਬੰਧ, ਜਾਲੰਧਰ ਬੰਧ ਅਤੇ ਮਹਾ ਬੰਧ ਸ਼ਾਮਲ ਹਨ। ਇਨ੍ਹਾਂ ਵਿੱਚੋਂ ਤਿੰਨ ਪ੍ਰਮੁੱਖ ਬੰਧਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਅਭਿਆਸ ਬਾਰੇ ਜਾਣਨਾ ਮਹੱਤਵਪੂਰਨ ਹੈ।
ਮੂਲ ਬੰਧ: ਇਸ ਯੋਗਿਕ ਕਿਰਿਆ ਵਿੱਚ ਪੇਲਵਿਕ ਫਲੋਰ ਯਾਨੀ ਸ਼੍ਰੋਣੀ ਤਲ ਦੀਆਂ ਮਾਸਪੇਸ਼ੀਆਂ ਨੂੰ ਹੌਲੀ-ਹੌਲੀ ਸੁੰਗੇੜਿਆ ਜਾਂਦਾ ਹੈ। ‘ਮੂਲ’ ਦਾ ਭਾਵ ਜੜ੍ਹ ਜਾਂ ਆਧਾਰ ਹੈ, ਜਿਸ ਦਾ ਸਬੰਧ ਮੂਲਾਧਾਰ ਚੱਕਰ ਨਾਲ ਜੋੜਿਆ ਜਾਂਦਾ ਹੈ। ਇਹ ਅਭਿਆਸ ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਅਤੇ ਮੂਤਰਾਸ਼ਯ, ਪ੍ਰਜਨਨ ਤੇ ਸਰੀਰ ਵਿੱਚੋਂ ਫ਼ਜ਼ਲ ਪਦਾਰਥ ਬਾਹਰ ਕੱਢਣ ਵਾਲੇ ਅੰਗਾਂ ਨੂੰ ਸਹਾਰਾ ਦੇਣ ਵਿੱਚ ਮਦਦਗਾਰ ਹੋ ਸਕਦਾ ਹੈ। ਇਸ ਲਈ ਇਸ ਕਿਰਿਆ ਨੂੰ ਯੋਗ ਅਭਿਆਸ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ।
ਉੱਡਿਆਨ ਬੰਧ: ਇਸ ਨੂੰ ਐਬਡੋਮਿਨਲ ਲਾਕ ਵੀ ਕਿਹਾ ਜਾਂਦਾ ਹੈ। ਇਸ ਕਿਰਿਆ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ ਨੂੰ ਅੰਦਰ ਵੱਲ ਖਿੱਚਿਆ ਜਾਂਦਾ ਹੈ, ਜਿਸ ਨਾਲ ਪੇਟ ਦੇ ਅੰਦਰੂਨੀ ਹਿੱਸੇ ਵਿੱਚ ਖਿੱਚ ਪੈਦਾ ਹੁੰਦੀ ਹੈ। ਹਠਯੋਗ ਪਰੰਪਰਾ ਅਨੁਸਾਰ ਇਹ ਪਾਚਨ ਪ੍ਰਣਾਲੀ ਨੂੰ ਸਰਗਰਮ ਕਰਨ ਅਤੇ ਪੇਟ ਦੇ ਅੰਗਾਂ ਨੂੰ ਉਤੇਜਿਤ ਕਰਨ ਵਿੱਚ ਸਹਾਇਕ ਮੰਨਿਆ ਜਾਂਦਾ ਹੈ। ਇਸ ਦੇ ਅਭਿਆਸ ਨੂੰ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਵਿੱਚ ਰਾਹਤ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ ਇਸ ਦੇ ਸਿਹਤ ਸਬੰਧੀ ਫਾਇਦਿਆਂ ਬਾਰੇ ਵਿਗਿਆਨਕ ਸਬੂਤ ਸੀਮਤ ਹਨ।
ਜਾਲੰਧਰ ਬੰਧ: ਇਸ ਨੂੰ ਚਿਨ ਲਾਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਪ੍ਰਾਣਾਯਾਮ ਦੌਰਾਨ ਠੋਡੀ ਨੂੰ ਛਾਤੀ ਦੇ ਉੱਪਰਲੇ ਹਿੱਸੇ ਜਾਂ ਕਾਲਰ ਬੋਨ ਦੇ ਨੇੜੇ ਲਿਆਂਦਾ ਜਾਂਦਾ ਹੈ ਅਤੇ ਗਰਦਨ ਨੂੰ ਇੱਕ ਨਿਸ਼ਚਿਤ ਸਥਿਤੀ ਵਿੱਚ ਰੱਖਿਆ ਜਾਂਦਾ ਹੈ। ਯੋਗ ਪਰੰਪਰਾ ਮੁਤਾਬਕ ਇਸ ਕਿਰਿਆ ਦਾ ਸਬੰਧ ਵਿਸ਼ੁੱਧੀ ਚੱਕਰ ਨਾਲ ਹੈ ਅਤੇ ਇਹ ਸਾਹ ਲੈਣ ਦੀ ਪ੍ਰਕਿਰਿਆ ਦੌਰਾਨ ਪ੍ਰਾਣ ਊਰਜਾ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਗਰਦਨ ਅਤੇ ਸਾਹ ਦੀ ਗਤੀ ‘ਤੇ ਧਿਆਨ ਕੇਂਦਰਿਤ ਕਰਨ ਨਾਲ ਮਨ ਨੂੰ ਇਕਾਗਰ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।
ਇਨ੍ਹਾਂ ਤਿੰਨਾਂ ਬੰਧਾਂ ਤੋਂ ਇਲਾਵਾ ਮਹਾ ਬੰਧ ਨੂੰ ਵੀ ਹਠਯੋਗ ਵਿੱਚ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ, ਜਿਸ ਵਿੱਚ ਮੂਲ, ਉੱਡਿਆਨ ਅਤੇ ਜਾਲੰਧਰ ਬੰਧਾਂ ਦਾ ਇਕੱਠਾ ਅਭਿਆਸ ਕੀਤਾ ਜਾਂਦਾ ਹੈ। ਹਾਲਾਂਕਿ ਇਨ੍ਹਾਂ ਕਿਰਿਆਵਾਂ ਨੂੰ ਆਪਣੀ ਮਰਜ਼ੀ ਨਾਲ ਜਾਂ ਬਿਨਾਂ ਸਿਖਲਾਈ ਦੇ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਸਾਹ ਰੋਕਣ ਅਤੇ ਪੇਟ ਨੂੰ ਅੰਦਰ ਖਿੱਚਣ ਵਾਲੇ ਅਭਿਆਸ ਯੋਗ ਮਾਹਿਰ ਦੀ ਨਿਗਰਾਨੀ ਹੇਠ ਹੀ ਕਰਨੇ ਚਾਹੀਦੇ ਹਨ। ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਗਰਭ ਅਵਸਥਾ ਜਾਂ ਹੋਰ ਸਿਹਤ ਸਮੱਸਿਆਵਾਂ ਵਾਲੇ ਲੋਕ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣ।

