US Sanctions on ICC: ਅਮਰੀਕਾ ਨੇ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ਆਈਸੀਸੀ) ਦੀ ਪ੍ਰਧਾਨ ਤੋਮੋਕੋ ਅਕਾਨੇ ਅਤੇ ਸੀਨੀਅਰ ਟ੍ਰਾਇਲ ਵਕੀਲ ਅਬਦੁਲਾਏ ਸੇਏ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਕਦਮ ਨਾਲ ਟਰੰਪ ਪ੍ਰਸ਼ਾਸਨ ਵੱਲੋਂ ਆਈਸੀਸੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਹੋਰ ਤੇਜ਼ ਹੋ ਗਈ ਹੈ। ਪ੍ਰਸ਼ਾਸਨ ਨੇ ਅਦਾਲਤ ਦੇ ਕੰਮਕਾਜ ਨੂੰ ਸੀਮਤ ਕਰਨ ਲਈ ਹੋਰ ਕਦਮ ਚੁੱਕਣ ਦੀ ਚੇਤਾਵਨੀ ਵੀ ਦਿੱਤੀ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਇਹ ਪਾਬੰਦੀਆਂ ਇੱਕ ਕਾਰਜਕਾਰੀ ਹੁਕਮ ਤਹਿਤ ਲਗਾਈਆਂ ਗਈਆਂ ਹਨ। ਇਸ ਹੁਕਮ ਤਹਿਤ ਆਈਸੀਸੀ ਨਾਲ ਜੁੜੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਰੂਬਿਓ ਨੇ ਦੋਵਾਂ ਅਧਿਕਾਰੀਆਂ ‘ਤੇ ਉਨ੍ਹਾਂ ਦੇਸ਼ਾਂ ਦੇ ਅਧਿਕਾਰੀਆਂ ਖ਼ਿਲਾਫ਼ ਆਈਸੀਸੀ ਦੀ ਕਾਰਵਾਈ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ, ਜੋ ਅਦਾਲਤ ਦੇ ਅਧਿਕਾਰ ਖੇਤਰ ਨੂੰ ਮਾਨਤਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਜਾਂਚ, ਗ੍ਰਿਫ਼ਤਾਰੀ, ਹਿਰਾਸਤ ਅਤੇ ਮੁਕੱਦਮੇ ਦੀ ਕਾਰਵਾਈ ਵਿੱਚ ਸ਼ਾਮਲ ਰਹੇ ਹਨ।
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਇਹ ਪਾਬੰਦੀਆਂ ਕਾਰਜਕਾਰੀ ਹੁਕਮ 14203 ਦੀ ਧਾਰਾ 1(ਏ)(2)(ਏ) ਤਹਿਤ ਲਗਾਈਆਂ ਗਈਆਂ ਹਨ। ਇਸ ਐਲਾਨ ਤੋਂ ਬਾਅਦ ਅਮਰੀਕਾ ਅਤੇ ਆਈਸੀਸੀ ਵਿਚਾਲੇ ਟਕਰਾਅ ਹੋਰ ਵੱਧ ਗਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਅਦਾਲਤ ਨੂੰ ਦੇਸ਼ ਦੀ ਪ੍ਰਭੂਸੱਤਾ ਲਈ ਖ਼ਤਰਾ ਕਰਾਰ ਦਿੱਤਾ ਹੈ।
ਰੂਬਿਓ ਨੇ ਕਿਹਾ ਕਿ ਆਈਸੀਸੀ ਨੇ ਕਈ ਵਾਰ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ‘ਤੇ ਅਧਿਕਾਰ ਜਤਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਨਾ ਤਾਂ ਇਸ ਦੇ ਅਧਿਕਾਰ ਖੇਤਰ ਨੂੰ ਸਵੀਕਾਰ ਕੀਤਾ ਹੈ ਅਤੇ ਨਾ ਹੀ ਰੋਮ ਸਟੈਚਿਊ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਇਸ ਨੂੰ ਸਾਰੇ ਦੇਸ਼ਾਂ ਲਈ ਇੱਕ ਖ਼ਤਰਨਾਕ ਮਿਸਾਲ ਦੱਸਿਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪ੍ਰਸ਼ਾਸਨ ਦਾ ਆਖ਼ਰੀ ਕਦਮ ਨਹੀਂ ਹੈ ਅਤੇ ਲੋੜ ਪੈਣ ‘ਤੇ ਹੋਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਹੇਗ ਸਥਿਤ ਆਈਸੀਸੀ ਦੀ ਸਥਾਪਨਾ 2002 ਵਿੱਚ ਰੋਮ ਸਟੈਚਿਊ ਤਹਿਤ ਕੀਤੀ ਗਈ ਸੀ ਅਤੇ ਇਹ ਅਦਾਲਤ ਨਰਸੰਘਾਰ, ਮਨੁੱਖਤਾ ਵਿਰੁੱਧ ਅਪਰਾਧਾਂ ਅਤੇ ਜੰਗੀ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰਦੀ ਹੈ।
मेष: दिन शुभ रहेगा...