Vaikuntha Chaturdashi: ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਸ਼੍ਰੀ ਮਹਾਕਾਲੇਸ਼ਵਰ ਮੰਦਰ ਵਿੱਚ ਵੈਿਕੁੰਠ ਚਤੁਰਦਸ਼ੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਐਤਵਾਰ ਦੇਰ ਰਾਤ ਬਾਬਾ ਮਹਾਕਾਲ ਦੀ ਸਵਾਰੀ ਕੱਢੀ ਗਈ, ਜਦਕਿ ਸੋਮਵਾਰ ਸਵੇਰੇ ਭਸਮ ਹਰਿਹਰ ਮਿਲਨ ਆਰਤੀ ਕੀਤੀ ਗਈ। ਅੱਧੀ ਰਾਤ ਨੂੰ ਇੱਕ ਅਦਭੁੱਤ ਧਾਰਮਿਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਭਗਵਾਨ ਸ਼ਿਵ ਪਾਲਕੀ ਵਿੱਚ ਸਵਾਰ ਹੋ ਕੇ ਗੋਪਾਲ ਮੰਦਰ ਪਹੁੰਚੇ।
ਧਾਰਮਿਕ ਮਾਨਤਾ ਅਨੁਸਾਰ ਦੇਵਸ਼ਯਨੀ ਇਕਾਦਸ਼ੀ ਤੋਂ ਦੇਵਪ੍ਰਬੋਧਿਨੀ ਇਕਾਦਸ਼ੀ ਤੱਕ ਚਾਰ ਮਹੀਨਿਆਂ ਲਈ ਸ੍ਰਿਸ਼ਟੀ ਦੇ ਸੰਚਾਲਨ ਦੀ ਜ਼ਿੰਮੇਵਾਰੀ ਭਗਵਾਨ ਮਹਾਕਾਲ ਨਿਭਾਉਂਦੇ ਹਨ। ਵੈਿਕੁੰਠ ਚਤੁਰਦਸ਼ੀ ਦੇ ਮੌਕੇ ਉਹ ਮੁੜ ਇਹ ਜ਼ਿੰਮੇਵਾਰੀ ਭਗਵਾਨ ਵਿਸ਼ਨੂੰ, ਜਿਨ੍ਹਾਂ ਨੂੰ ਦੁਆਰਿਕਾਧੀਸ਼ ਜਾਂ ਗੋਪਾਲ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ, ਨੂੰ ਸੌਂਪਦੇ ਹਨ। ਇਸ ਰਸਮ ਦੌਰਾਨ ਬਾਬਾ ਮਹਾਕਾਲ ਨੂੰ ਤੁਲਸੀ ਦੀ ਮਾਲਾ ਅਤੇ ਵੈਸ਼ਨਵ ਤਿਲਕ ਲਗਾਇਆ ਜਾਂਦਾ ਹੈ, ਜਦਕਿ ਭਗਵਾਨ ਵਿਸ਼ਨੂੰ ਨੂੰ ਬੇਲਪੱਤਰ ਦੀ ਮਾਲਾ ਭੇਟ ਕੀਤੀ ਜਾਂਦੀ ਹੈ। ਇਸੇ ਨੂੰ ਹਰਿ ਅਤੇ ਹਰ ਦੇ ਮਿਲਾਪ ਵਜੋਂ ਮਨਾਇਆ ਜਾਂਦਾ ਹੈ।
ਮੰਦਰ ਦੇ ਇੱਕ ਪੁਜਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੈਿਕੁੰਠ ਚਤੁਰਦਸ਼ੀ ਭਗਵਾਨ ਸ਼ਿਵ ਅਤੇ ਵਿਸ਼ਨੂੰ ਦੇ ਮਿਲਾਪ ਦਾ ਪਵਿੱਤਰ ਦਿਨ ਹੈ। ਇਸ ਮੌਕੇ ਭਗਵਾਨ ਸ਼ਿਵ ਖੁਦ ਵਿਸ਼ਨੂੰ ਜੀ ਦੇ ਦਰਬਾਰ ਵਿੱਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਵਤਿਆਂ ਨੂੰ ਇੱਕ-ਦੂਜੇ ਦਾ ਪਰਮ ਮਿੱਤਰ ਮੰਨਿਆ ਜਾਂਦਾ ਹੈ। ਮਾਨਤਾ ਮੁਤਾਬਕ ਦੇਵਸ਼ਯਨੀ ਇਕਾਦਸ਼ੀ ’ਤੇ ਭਗਵਾਨ ਵਿਸ਼ਨੂੰ ਪਾਤਾਲ ਲੋਕ ਜਾਂਦੇ ਸਮੇਂ ਸ੍ਰਿਸ਼ਟੀ ਦਾ ਭਾਰ ਭਗਵਾਨ ਸ਼ਿਵ ਨੂੰ ਸੌਂਪਦੇ ਹਨ।
ਪੁਜਾਰੀ ਨੇ ਅੱਗੇ ਦੱਸਿਆ ਕਿ ਦੇਵਉਠਨੀ ਇਕਾਦਸ਼ੀ ਤੋਂ ਬਾਅਦ ਵੈਿਕੁੰਠ ਚਤੁਰਦਸ਼ੀ ਦੇ ਮੌਕੇ ਬਾਬਾ ਮਹਾਕਾਲ ਮੁੜ ਸ੍ਰਿਸ਼ਟੀ ਦੇ ਸੰਚਾਲਨ ਦੀ ਜ਼ਿੰਮੇਵਾਰੀ ਭਗਵਾਨ ਵਿਸ਼ਨੂੰ ਨੂੰ ਸੌਂਪ ਕੇ ਕੈਲਾਸ਼ ਪਰਤ ਜਾਂਦੇ ਹਨ। ਇਸ ਧਾਰਮਿਕ ਪਰੰਪਰਾ ਨੂੰ ਨਿਭਾਉਣ ਲਈ ਬਾਬਾ ਮਹਾਕਾਲ ਦੀ ਪਾਲਕੀ ਯਾਤਰਾ ਸ਼੍ਰੀ ਮਹਾਕਾਲੇਸ਼ਵਰ ਮੰਦਰ ਤੋਂ ਗੋਪਾਲ ਮੰਦਰ ਤੱਕ ਕੱਢੀ ਗਈ। ਯਾਤਰਾ ਦੇ ਰਸਤੇ ’ਤੇ ਖ਼ਾਸ ਰੰਗੋਲੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੇ ਵਿਚਕਾਰ ‘ਸ੍ਰਿਸ਼ਟੀ ਦਾ ਭਾਰ ਤੁਹਾਡੇ ਹੱਥ’ ਲਿਖਿਆ ਹੋਇਆ ਸੀ।
ਬਾਬਾ ਮਹਾਕਾਲ ਜਦੋਂ ਗਾਜੇ-ਬਾਜੇ ਨਾਲ ਗੋਪਾਲ ਮੰਦਰ ਪਹੁੰਚੇ ਤਾਂ ਉੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਰਿਹਰ ਮਿਲਨ ਦੇ ਦਰਸ਼ਨ ਕਰਨ ਲਈ ਮੌਜੂਦ ਸਨ। ਮੰਦਰ ਵਿੱਚ ਭਗਵਾਨ ਵਿਸ਼ਨੂੰ ਗੋਪਾਲ ਸਰੂਪ ਵਿੱਚ ਬਿਰਾਜਮਾਨ ਹਨ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰਕੇ ਸਾਰੇ ਸ਼ਰਧਾਲੂਆਂ ਨੂੰ ਹਰਿਹਰ ਮਿਲਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਇਸ ਮਿਲਾਪ ਨੂੰ ਸਨਾਤਨ ਸੰਸਕ੍ਰਿਤੀ ਦੀ ਏਕਤਾ ਅਤੇ ਸਾਂਝੀ ਆਸਥਾ ਦਾ ਪ੍ਰਤੀਕ ਦੱਸਿਆ।
ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਧਾਰਮਿਕ ਮਾਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਰਤਿਕ ਸ਼ੁਕਲ ਚਤੁਰਦਸ਼ੀ ਦੀ ਅੱਧੀ ਰਾਤ ਨੂੰ ਬਾਬਾ ਮਹਾਕਾਲ ਮੋਰਪੰਖ ਧਾਰਨ ਕਰਕੇ ਸ਼੍ਰੀ ਗੋਪਾਲ ਮੰਦਰ ਪਹੁੰਚਦੇ ਹਨ ਅਤੇ ਭਗਵਾਨ ਵਿਸ਼ਨੂੰ ਨੂੰ ਬਿਲਵਪੱਤਰ ਭੇਟ ਕਰਕੇ ਚਾਤੁਰਮਾਸ ਤੋਂ ਬਾਅਦ ਸ੍ਰਿਸ਼ਟੀ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੌਂਪਦੇ ਹਨ। ਇਸ ਦੇ ਬਦਲੇ ਭਗਵਾਨ ਸ਼੍ਰੀਹਰੀ ਬਾਬਾ ਮਹਾਕਾਲ ਨੂੰ ਤੁਲਸੀ ਦੀ ਮਾਲਾ ਪਹਿਨਾਉਂਦੇ ਹਨ। ਮੁੱਖ ਮੰਤਰੀ ਨੇ ਇੱਕ ਹੋਰ ਪੋਸਟ ਰਾਹੀਂ 23 ਨਵੰਬਰ 2026 ਦੀ ਸਵੇਰ ਨੂੰ ਹੋਈ ਭਗਵਾਨ ਮਹਾਕਾਲੇਸ਼ਵਰ ਦੀ ਭਸਮ ਆਰਤੀ, ਹਰਿਹਰ ਮਿਲਨ ਆਰਤੀ ਅਤੇ ਸ਼ਿੰਗਾਰ ਦਰਸ਼ਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।