Traffic Police ਪੰਜਾਬ ’ਚ 7 ਮਹੀਨਿਆਂ ’ਚ 41 ਲੱਖ ਚਲਾਨ, ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਵੱਡੀ ਕਾਰਵਾਈ
3 weeks ਪਹਿਲਾ

ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵਿੱਚ ਵੱਡਾ ਵਾਧਾ ਹੋਇਆ ਹੈ। ਸਾਲ 2021 ਵਿੱਚ ਸੂਬੇ ਭਰ ਵਿੱਚ 53,973 ਟਰੈਫਿਕ ਚਲਾਨ ਕੀਤੇ ਗਏ ਸਨ, ਜਦਕਿ 2025 ਵਿੱਚ ਇਹ ਅੰਕੜਾ ਵਧ ਕੇ 20.47 ਲੱਖ ਤੱਕ ਪਹੁੰਚ ਗਿਆ। ਇਸ ਤਰ੍ਹਾਂ ਸਿਰਫ਼ ਚਾਰ ਸਾਲਾਂ ਵਿੱਚ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਕਰੀਬ 38 ਗੁਣਾ ਵਾਧਾ ਦਰਜ ਕੀਤਾ ਗਿਆ ਹੈ। 2026 ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਹੀ ਪੰਜਾਬ ਵਿੱਚ ਟਰੈਫਿਕ ਚਲਾਨਾਂ ਦਾ ਅੰਕੜਾ 41 ਲੱਖ ਤੋਂ ਵੀ ਉੱਪਰ ਪਹੁੰਚ ਗਿਆ ਹੈ। ਹਾਲਾਂਕਿ, ਚਲਾਨਾਂ ਦੀ ਵੱਡੀ ਗਿਣਤੀ ਦੇ ਬਾਵਜੂਦ ਜੁਰਮਾਨਿਆਂ ਦੀ ਵਸੂਲੀ ਉਮੀਦ ਮੁਤਾਬਕ ਨਹੀਂ ਹੋ ਸਕੀ। ਡਿਜੀਟਲ ਕੈਮਰਿਆਂ ਅਤੇ ਸੀਸੀਟੀਵੀ ਨਿਗਰਾਨੀ ਰਾਹੀਂ ਲਗਾਤਾਰ ਚਲਾਨ ਜਾਰੀ ਕੀਤੇ ਜਾ ਰਹੇ ਹਨ, ਪਰ ਕਈ ਲੋਕ ਇਨ੍ਹਾਂ ਜੁਰਮਾਨਿਆਂ ਦਾ ਸਮੇਂ ਸਿਰ ਭੁਗਤਾਨ ਨਹੀਂ ਕਰ ਰਹੇ।

ਪੰਜਾਬ ਚ ਇਸ ਸਮੇਂ 2026 ਦੇ 7 ਮਹੀਨਿਆਂ ਚ 41ਲੱਖ ਚਲਾਨ ਕੱਟੇ ਜਾ ਚੁੱਕੇ ਹਨ। ਪਰਿਵਾਹਨ ਈ-ਚਲਾਨ ਪਲੇਟਫਾਰਮ ਦੇ ਸਰਕਾਰੀ ਅੰਕੜਿਆਂ ਅਨੁਸਾਰ, ਪੰਜਾਬ ਵਿੱਚ 2021 ਦੌਰਾਨ 53,973 ਟਰੈਫਿਕ ਚਲਾਨ ਜਾਰੀ ਕੀਤੇ ਗਏ, ਜਿਨ੍ਹਾਂ ਰਾਹੀਂ 5.3 ਕਰੋੜ ਰੁਪਏ ਦੀ ਵਸੂਲੀ ਹੋਈ। 2022 ਵਿੱਚ ਚਲਾਨਾਂ ਦੀ ਗਿਣਤੀ ਥੋੜ੍ਹੀ ਘਟ ਕੇ 51,876 ਰਹਿ ਗਈ, ਜਦਕਿ 2023 ਵਿੱਚ ਇਹ ਵਧ ਕੇ 72,790 ਹੋ ਗਈ। ਇਸ ਤੋਂ ਬਾਅਦ 2024 ਵਿੱਚ ਚਲਾਨਾਂ ਦੀ ਗਿਣਤੀ ਵਿੱਚ ਅਚਾਨਕ ਵੱਡਾ ਉਛਾਲ ਦੇਖਣ ਨੂੰ ਮਿਲਿਆ ਅਤੇ ਕੁੱਲ 3.98 ਲੱਖ ਚਲਾਨ ਜਾਰੀ ਕੀਤੇ ਗਏ। ਇਹ ਇੱਕ ਸਾਲ ਵਿੱਚ ਕਰੀਬ 447 ਫੀਸਦੀ ਵਾਧਾ ਸੀ, ਜਦਕਿ ਇਨ੍ਹਾਂ ਰਾਹੀਂ 54.53 ਕਰੋੜ ਰੁਪਏ ਦੀ ਰਕਮ ਇਕੱਠੀ ਹੋਈ। ਅੰਕੜਿਆਂ ਮੁਤਾਬਕ ਚਲਾਨਾਂ ਦੀ ਗਿਣਤੀ ਵਸੂਲੀ ਨਾਲੋਂ ਕਾਫ਼ੀ ਵੱਧ ਹੈ। ਆਟੋਮੈਟਿਕ ਸਿਸਟਮ ਤੁਰੰਤ ਚਲਾਨ ਜਾਰੀ ਕਰ ਦਿੰਦਾ ਹੈ, ਪਰ ਜੁਰਮਾਨੇ ਦੀ ਵਸੂਲੀ ਵਾਹਨ ਚਾਲਕਾਂ ਦੇ ਭੁਗਤਾਨ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ’ਤੇ ਨਿਰਭਰ ਕਰਦੀ ਹੈ। ਜੇਕਰ ਚਲਾਨ ਜਾਰੀ ਹੋਣ ਦੀ ਮੌਜੂਦਾ ਰਫ਼ਤਾਰ ਬਰਕਰਾਰ ਰਹੀ, ਤਾਂ 2026 ਦੇ ਅੰਤ ਤੱਕ ਪੰਜਾਬ ਵਿੱਚ ਕਰੀਬ 69 ਲੱਖ ਚਲਾਨ ਹੋਣ ਦਾ ਅਨੁਮਾਨ ਹੈ। ਇਸ ਦੇ ਬਾਵਜੂਦ ਜੁਰਮਾਨਿਆਂ ਤੋਂ ਹੋਣ ਵਾਲੀ ਆਮਦਨ ਲਗਭਗ 82 ਕਰੋੜ ਰੁਪਏ ਰਹਿਣ ਦੀ ਸੰਭਾਵਨਾ ਹੈ, ਜੋ 2025 ਦੇ 123.04 ਕਰੋੜ ਰੁਪਏ ਦੇ ਮੁਕਾਬਲੇ ਕਾਫ਼ੀ ਘੱਟ ਹੈ। ਚਲਾਨ ਵੱਧ ਰਹੇ ਹਨ, ਪਰ ਜੁਰਮਾਨੇ ਸਮੇਂ ਸਿਰ ਵਸੂਲ ਕਰਨਾ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
Views: 30