ਜਲੰਧਰ ਨਿਊਜ਼ : ਜਲੰਧਰ ਦੇ ਰਹਿਣ ਵਾਲੇ 40 ਸਾਲਾ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਨੌਰਵਿਚ (ਕਨੈਕਟੀਕਟ) ਸ਼ਹਿਰ ਦੇ ਮੇਅਰ ਵਜੋਂ ਚੁਣੇ ਜਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਉਹ ਨੌਰਵਿਚ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ।ਖਾਲਸਾ, ਜੋ ਕਿ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਿਤ ਹਨ, ਪਹਿਲਾਂ 2021 ਵਿੱਚ ਸਿਟੀ ਕੌਂਸਲ ਦੇ ਮੈਂਬਰ ਵਜੋਂ ਚੁਣੇ ਗਏ ਸਨ।
ਤਾਜ਼ਾ ਚੋਣਾਂ ਵਿੱਚ ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਟਰੇਸੀ ਗੋਲਡ ਅਤੇ ਆਜ਼ਾਦ ਉਮੀਦਵਾਰ ਮਾਰਸੀਆ ਵਿਲਬਰ ਨੂੰ ਹਰਾਕੇ ਇਹ ਜਿੱਤ ਦਰਜ ਕੀਤੀ।
ਸਵਰਨਜੀਤ ਸਿੰਘ ਖਾਲਸਾ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ ਨੌਰਵਿਚ ਵਿਚ ਸਿੱਖ ਇੰਟਰਨੈਸ਼ਨਲ ਸੋਸਾਇਟੀ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਦੀ ਇਸ ਕਾਮਯਾਬੀ ’ਤੇ ਸੋਸ਼ਲ ਮੀਡੀਆ ’ਤੇ ਮਾਣ ਪ੍ਰਗਟਾਇਆ ਹੈ।
ਪਰਮਿੰਦਰਪਾਲ ਨੇ ਦੱਸਿਆ ਕਿ ਸਵਰਨਜੀਤ ਨੇ ਜਲੰਧਰ ਦੇ DAV ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਕੀਤੀ ਅਤੇ ਸਟੱਡੀ ਵੀਜ਼ਾ ’ਤੇ ਅਮਰੀਕਾ ਗਏ, ਜਿੱਥੇ ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿਚ ਮਾਸਟਰ ਡਿਗਰੀ ਹਾਸਲ ਕੀਤੀ।ਉਨ੍ਹਾਂ ਦੀ ਪਤਨੀ ਵੀ ਸਿੱਖ ਹੈ ਅਤੇ ਲੁਧਿਆਣਾ ਦੀ ਰਹਿਣ ਵਾਲੀ ਹੈ। ਦੋਵੇਂ ਹੁਣ ਨੌਰਵਿਚ ਵਿੱਚ ਸਥਾਈ ਤੌਰ ’ਤੇ ਵਸਦੇ ਹਨ।
READ ALSO : ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦੇ ਮਾਮਲੇ ‘ਤੇ ‘ਆਪ’ ਦਾ ਵਫ਼ਦ ਰਾਜਪਾਲ ਨੂੰ ਮਿਲੇਗਾ
ਖਾਲਸਾ ਅਮਰੀਕਾ ਵਿੱਚ ਉਸਾਰੀ (ਕੰਸਟਰਕਸ਼ਨ) ਦਾ ਕਾਰੋਬਾਰ ਚਲਾਉਂਦੇ ਹਨ।
ਉਹ ਸਿੱਖਿਆ ਬੋਰਡ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਸਮਾਨਤਾ, ਸਿੱਖਿਆ ਤੇ ਸੱਭਿਆਚਾਰਕ ਜਾਗਰੂਕਤਾ ਲਈ ਸਰਗਰਮ ਤੌਰ ਤੇ ਕੰਮ ਕਰਦੇ ਹਨ। ਉਨ੍ਹਾਂ ਦੀ ਸਮਾਜਿਕ ਸੇਵਾ ਅਤੇ ਸ਼ਹਿਰ ਦੇ ਵਿਕਾਸ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ ਨੌਰਵਿਚ ਦੇ ਲੋਕਾਂ ਵਿੱਚ ਖਾਸ ਮਾਣ ਦਿਵਾਇਆ ਹੈ।
ਨੌਰਵਿਚ ਅਮਰੀਕਾ ਦੇ ਕਨੈਕਟੀਕਟ ਰਾਜ ਵਿੱਚ ਸਥਿਤ ਹੈ, ਜੋ ਕਿ ਨਿਊ ਇੰਗਲੈਂਡ ਖੇਤਰ ਦਾ ਸਭ ਤੋਂ ਦੱਖਣੀ ਰਾਜ ਮੰਨਿਆ ਜਾਂਦਾ ਹੈ। ਇਹ ਰਾਜ ਉੱਚ ਪ੍ਰਤੀ ਵਿਅਕਤੀ ਆਮਦਨ ਅਤੇ ਸ਼ਾਨਦਾਰ ਜੀਵਨ ਮਾਪਦੰਡ ਲਈ ਪ੍ਰਸਿੱਧ ਹੈ।
ਸਵਰਨਜੀਤ ਸਿੰਘ ਖਾਲਸਾ ਦੀ ਇਹ ਜਿੱਤ ਸਿੱਖ ਭਾਈਚਾਰੇ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਮਿਹਨਤ ਨਾਲ ਸਥਾਨਕ ਪੱਧਰ ’ਤੇ ਭਰੋਸਾ ਜਿੱਤਿਆ ਹੈ, ਸਗੋਂ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਲਈ ਪ੍ਰੇਰਣਾ ਦਾ ਨਵਾਂ ਮਿਸਾਲ ਕਾਇਮ ਕੀਤਾ ਹੈ। ਸਵਰਨਜੀਤ ਸਿੰਘ ਖਾਲਸਾ ਦੀ ਮੇਅਰ ਵਜੋਂ ਚੋਣ ਇਹ ਦਰਸਾਉਂਦੀ ਹੈ ਕਿ ਸਿੱਖ ਭਾਈਚਾਰਾ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਮਿਹਨਤ, ਸੱਚਾਈ ਤੇ ਸੇਵਾ ਰਾਹੀਂ ਮਜ਼ਬੂਤ ਕਰ ਰਿਹਾ ਹੈ।
VD : PU Senate Issue | ਅਕਾਲੀ ਆਗੂ ਚੰਦੂਮਜਰਾ ਨੇ ਸੈਨੇਟ ਭੰਗ ‘ਤੇ ਸਵਾਲ ਉਠਾਇਆ
मेष: दिन शुभ रहेगा...