ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐੱਲ.) ਵੱਲੋਂ ਬਕਾਇਆ ਬਿਜਲੀ ਬਿੱਲਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਖਰੜ ਸਮੇਤ ਪੰਜ ਡਵੀਜ਼ਨਾਂ ਵਿੱਚ ਇਕੱਠੇ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਕਾਰਵਾਈ ਨਾਲ ਬਕਾਇਆਦਾਰ ਖ਼ਪਤਕਾਰਾਂ ਵਿੱਚ ਹੜਕੰਪ ਮਚ ਗਿਆ। ਮੁਹਿੰਮ ਦੌਰਾਨ ਕਰੀਬ 1.29 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ, ਜਦਕਿ ਬਿੱਲ ਨਾ ਭਰਨ ਵਾਲੇ 1014 ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਅਸਥਾਈ ਤੌਰ ’ਤੇ ਕੱਟ ਦਿੱਤੇ ਗਏ।
ਇਹ ਮੁਹਿੰਮ ਮੁੱਖ ਇੰਜੀਨੀਅਰ ਦੱਖਣ ਜ਼ੋਨ ਇੰਜ. ਆਰ. ਕੇ. ਮਿੱਤਲ ਅਤੇ ਡਿਪਟੀ ਮੁੱਖ ਇੰਜੀਨੀਅਰ ਡੀ.ਐੱਸ. ਸਰਕਲ ਰੋਪੜ ਇੰਜ. ਮੋਹਿਤ ਸੂਦ ਦੀ ਨਿਗਰਾਨੀ ਹੇਠ ਚਲਾਈ ਗਈ।
ਕਿਹੜੀਆਂ ਡਵੀਜ਼ਨਾਂ ਵਿੱਚ ਹੋਈ ਕਾਰਵਾਈ?
ਇਹ ਕਾਰਵਾਈ ਖਰੜ, ਕੁਰਾਲੀ, ਸਮਰਾਲਾ, ਰੋਪੜ ਅਤੇ ਅਨੰਦਪੁਰ ਸਾਹਿਬ ਡਵੀਜ਼ਨਾਂ ਵਿੱਚ ਇਕੱਠੇ ਸ਼ੁਰੂ ਕੀਤੀ ਗਈ। ਇਸ ਦਾ ਮਕਸਦ ਲੰਬੇ ਸਮੇਂ ਤੋਂ ਬਕਾਇਆ ਰਕਮ ਦੀ ਵਸੂਲੀ ਕਰਕੇ ਨਿਗਮ ਦੀ ਆਮਦਨ ਸਥਿਤੀ ਮਜ਼ਬੂਤ ਕਰਨੀ ਸੀ।
REDA ALSO : Ludhiana ਦੇ ਜਮਾਲਪੁਰ ਵਿੱਚ ਗੋਲੀਬਾਰੀ, ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਜ਼ਖਮੀ
ਇੰਜ. ਇੰਦਰਪ੍ਰੀਤ ਸਿੰਘ (ਏ.ਐੱਸ.ਈ.) ਖਰੜ ਮੁਤਾਬਕ, 315 ਖ਼ਪਤਕਾਰਾਂ ਨੇ ਮੌਕੇ ’ਤੇ ਹੀ ਆਪਣੇ ਬਕਾਇਆ ਬਿੱਲ ਜਮ੍ਹਾਂ ਕਰਵਾਏ, ਜਿਸ ਨਾਲ ਨਿਗਮ ਨੂੰ ਕਰੀਬ 1.29 ਕਰੋੜ ਰੁਪਏ ਦੀ ਆਮਦਨ ਹੋਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖ਼ਪਤਕਾਰਾਂ ਨੇ ਵਾਰ-ਵਾਰ ਨੋਟਿਸਾਂ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਇਨ੍ਹਾਂ ਡਿਫ਼ਾਲਟਰਾਂ ’ਤੇ ਕਰੀਬ 3.7 ਕਰੋੜ ਰੁਪਏ ਦੀ ਰਕਮ ਬਕਾਇਆ ਹੈ।
ਖ਼ਪਤਕਾਰਾਂ ਲਈ ਅਪੀਲ
ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਵਾਉਣ, ਨਹੀਂ ਤਾਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਜਾਰੀ ਰਹੇਗੀ। ਨਾਲ ਹੀ ‘ਪੀ.ਐਸ.ਪੀ.ਸੀ.ਐੱਲ. ਕੰਜ਼ਿਊਮਰ’ ਐਪ ਰਾਹੀਂ ਬਿਜਲੀ ਬਿੱਲਾਂ ਦਾ ਆਨਲਾਈਨ ਭੁਗਤਾਨ, ਬਿੱਲਾਂ ਦੀ ਜਾਣਕਾਰੀ, ਸ਼ਿਕਾਇਤ ਦਰਜ ਕਰਨ ਅਤੇ ਹੋਰ ਸੇਵਾਵਾਂ ਦਾ ਲਾਭ ਲੈਣ ਦੀ ਸਲਾਹ ਦਿੱਤੀ ਗਈ ਹੈ।
ਆਉਣ ਵਾਲੇ ਮੌਸਮ ਲਈ ਤਿਆਰੀਆਂ ਮੁਕੰਮਲ
ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਧਾਨ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਿਗਮ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਵਿਆਪਕ ਮੇਂਟੇਨੈਂਸ ਅਤੇ ਸਮਰੱਥਾ ਵਧਾਉਣ ਦਾ ਕੰਮ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਅਤੇ ਹੋਰ ਖ਼ਪਤਕਾਰਾਂ ਨੂੰ ਭਰੋਸੇਯੋਗ ਅਤੇ ਬਿਨਾ ਰੁਕਾਵਟ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਸਕੇ।