Last Updated: November 19, 2026

Dainik Savera Times Logo

Sonia Gandhi Book Controversy: ਸੋਨੀਆ ਗਾਂਧੀ ਦੀ ਕਿਤਾਬ ਦੇ ਨਾਂ ‘ਤੇ ਭੜਕਿਆ ਸ਼ਿੰਦੇ ਧੜਾ, ਪੂਰੇ ਸੂਬੇ ‘ਚ ਪਾਬੰਦੀ ਲਗਾਉਣ ਦੀ ਕੀਤੀ ਮੰਗ

18 November 2026 ਅੱਪਡੇਟ ਕੀਤਾ ਗਿਆ

Sonia Gandhi Book Controversy: ਸੋਨੀਆ ਗਾਂਧੀ ਦੀ ਕਿਤਾਬ ਦੇ ਨਾਂ ‘ਤੇ ਭੜਕਿਆ ਸ਼ਿੰਦੇ ਧੜਾ, ਪੂਰੇ ਸੂਬੇ ‘ਚ ਪਾਬੰਦੀ ਲਗਾਉਣ ਦੀ ਕੀਤੀ ਮੰਗ

Sonia Gandhi Book Controversy: ਮਹਾਰਾਸ਼ਟਰ ਵਿੱਚ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਸਿਆਸੀ ਵਿਵਾਦ ਭਖ ਗਿਆ ਹੈ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਧੜੇ ਨੇ ਕਿਤਾਬ ਦੇ ਪੰਨਾ ਨੰਬਰ 201 ਵਿੱਚ ਦਰਜ ਕੁਝ ਟਿੱਪਣੀਆਂ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਧੜੇ ਦੇ ਆਗੂਆਂ ਦਾ ਦੋਸ਼ ਹੈ ਕਿ ਇਸ ਕਿਤਾਬ ਵਿੱਚ ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦਾ ਅਪਮਾਨ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਉਨ੍ਹਾਂ ਮਹਾਰਾਸ਼ਟਰ ਸਰਕਾਰ ਤੋਂ ਪੂਰੇ ਸੂਬੇ ਵਿੱਚ ਕਿਤਾਬ ਦੀ ਵਿਕਰੀ ਅਤੇ ਪ੍ਰਕਾਸ਼ਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਇਸ ਮੁੱਦੇ ਨੂੰ ਲੈ ਕੇ ਸ਼ਿੰਦੇ ਧੜੇ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਿਤਾਬ ਵਿੱਚ ਵੀਰ ਸਾਵਰਕਰ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਹਨ। ਖ਼ਾਸ ਤੌਰ ‘ਤੇ ਪੰਨਾ ਨੰਬਰ 201 ਵਿੱਚ ਦਰਜ ਸਮੱਗਰੀ ਨੂੰ ਉਨ੍ਹਾਂ ਨੇ ਮਹਾਰਾਸ਼ਟਰ ਦੀਆਂ ਭਾਵਨਾਵਾਂ ਅਤੇ ਬਾਲਾ ਸਾਹਿਬ ਠਾਕਰੇ ਦੇ ਸਨਮਾਨ ਨਾਲ ਜੋੜਿਆ। ਆਗੂਆਂ ਮੁਤਾਬਕ ਕਿਤਾਬ ਵਿੱਚ ਸਾਵਰਕਰ ਵੱਲੋਂ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਅਤੇ ਉਨ੍ਹਾਂ ਨੂੰ ਚਿੱਠੀਆਂ ਲਿਖਣ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਉਹ ਸੂਬੇ ਦੇ ਮਾਣ ਨਾਲ ਜੁੜਿਆ ਮਾਮਲਾ ਮੰਨਦੇ ਹਨ।

‘Belonging of Love’ ਦੀ ਥਾਂ ‘Belonging of Jihad’ ਨਾਮ ਰੱਖਣ ਦੀ ਮੰਗ

ਸ਼ਿੰਦੇ ਧੜੇ ਦੇ ਆਗੂਆਂ ਨੇ ਕਿਤਾਬ ਦੇ ਸਿਰਲੇਖ ‘ਤੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਕਿਤਾਬ ਦਾ ਨਾਮ ‘Belonging of Love’ ਦੀ ਬਜਾਏ ‘Belonging of Jihad’ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਿਤਾਬ ਵਿੱਚ ਹਿੰਦੂਤਵ ਵਿਰੋਧੀ ਵਿਚਾਰ ਪੇਸ਼ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਵੀਰ ਸਾਵਰਕਰ ਬਾਰੇ ਲਿਖੀ ਗਈ ਕਥਿਤ ਇਤਰਾਜ਼ਯੋਗ ਸਮੱਗਰੀ ਨੂੰ ਦੇਖਦਿਆਂ ਇਸ ਕਿਤਾਬ ‘ਤੇ ਪੂਰੇ ਮਹਾਰਾਸ਼ਟਰ ਵਿੱਚ ਪਾਬੰਦੀ ਲਗਾਈ ਜਾਵੇ।

ਵਿਰੋਧ ਪ੍ਰਦਰਸ਼ਨ ਦੌਰਾਨ ਸ਼ਿੰਦੇ ਧੜੇ ਦੇ ਆਗੂਆਂ ਨੇ ਸੋਨੀਆ ਗਾਂਧੀ ਦੀ ਕਿਤਾਬ ਦੀ ਇੱਕ ਕਾਪੀ ਵੀ ਪਾੜ ਦਿੱਤੀ। ਇਸ ਮੌਕੇ ਸ਼ਿਵ ਸੈਨਾ ਆਗੂ ਸੰਜੇ ਨਿਰੂਪਮ ਨੇ ਊਧਵ ਠਾਕਰੇ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਤਾਬ ਵਿੱਚ ਵੀਰ ਸਾਵਰਕਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਤਾਂ ਊਧਵ ਠਾਕਰੇ ਇਸ ਮਾਮਲੇ ‘ਤੇ ਆਪਣਾ ਪੱਖ ਸਪੱਸ਼ਟ ਕਿਉਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਕਿਤਾਬ ਦਾ ਵਿਰੋਧ ਕਰਦੀ ਹੈ ਅਤੇ ਸਰਕਾਰ ਤੋਂ ਸੂਬਾ ਪੱਧਰ ‘ਤੇ ਇਸ ਨੂੰ ਬੈਨ ਕਰਨ ਦੀ ਉਮੀਦ ਰੱਖਦੀ ਹੈ।

ਇਸ ਵਿਵਾਦ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਦੀ ਕਿਤਾਬ ਦੇ ਲਾਂਚ ਸਮਾਗਮ ਨੂੰ ਲੈ ਕੇ ਸਿਆਸੀ ਚਰਚਾ ਹੋਈ ਸੀ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵੀ ਸੁਰਖੀਆਂ ਵਿੱਚ ਰਹੀ ਸੀ। ਉਨ੍ਹਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵੱਖ-ਵੱਖ ਚਰਚਾਵਾਂ ਸ਼ੁਰੂ ਹੋ ਗਈਆਂ ਸਨ।

ਫਿਲਹਾਲ ਕਿਤਾਬ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਸਿਆਸੀ ਟਕਰਾਅ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ। ਸ਼ਿੰਦੇ ਧੜਾ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਿਹਾ ਹੈ ਅਤੇ ਸੰਜੇ ਨਿਰੂਪਮ ਨੇ ਊਧਵ ਠਾਕਰੇ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ। ਇਸ ਮੁੱਦੇ ਨੇ ਕਾਂਗਰਸ, ਸ਼ਿਵ ਸੈਨਾ ਦੇ ਦੋਵੇਂ ਧੜਿਆਂ ਅਤੇ ਸੂਬੇ ਦੀ ਸਿਆਸਤ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.