Seoni Police Suspension: ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਵੱਡੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਜਦੋਂ ਇੱਕ ਹੋਟਲ ਵਿੱਚ ਲੁਕਵੇਂ ਕੈਮਰੇ ਨਾਲ ਰਿਕਾਰਡ ਹੋਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਮਾਮਲੇ ਵਿੱਚ ਇੱਕ ਐਡੀਸ਼ਨਲ ਸੁਪਰਡੈਂਟ ਆਫ਼ ਪੁਲਿਸ (ASP) ਅਤੇ ਇੱਕ ਸਬ-ਡਿਵੀਜ਼ਨਲ ਪੁਲਿਸ ਅਫ਼ਸਰ (SDOP) ਸਮੇਤ ਛੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ ਵਿੱਚ ਕਥਿਤ ਤੌਰ ‘ਤੇ ਇੱਕ ਪੁਲਿਸ ਅਧਿਕਾਰੀ ਹੋਟਲ ਵਿੱਚ ਠਹਿਰੇ ਨੌਜਵਾਨ ਦੇ ਬੈਗ ਵਿੱਚ ਗਾਂਜਾ ਰੱਖ ਕੇ ਉਸ ਨੂੰ ਨਸ਼ੇ ਦੇ ਮਾਮਲੇ ਵਿੱਚ ਫਸਾਉਣ ਦੀ ਗੱਲ ਕਰਦਾ ਦਿਖਾਈ ਦੇ ਰਿਹਾ ਹੈ। ਮਾਮਲੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਮੋਹਨ ਯਾਦਵ ਨੇ ਮੁਅੱਤਲੀ ਦੇ ਨਾਲ ਪੂਰੀ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਅਨੁਸਾਰ, ਇਹ ਵੀਡੀਓ 13 ਨਵੰਬਰ ਨੂੰ ਬਬਾਰੀਆ ਰੋਡ ਸਥਿਤ ਇੱਕ ਹੋਟਲ ਵਿੱਚ ਰਿਕਾਰਡ ਕੀਤੀ ਗਈ ਸੀ। ਫੁਟੇਜ ਵਿੱਚ ASP ਦੀਪਕ ਮਿਸ਼ਰਾ ਅਤੇ ਹੋਰ ਪੁਲਿਸ ਕਰਮਚਾਰੀ ਹੋਟਲ ਵਿੱਚ ਠਹਿਰੇ ਇੱਕ ਨੌਜਵਾਨ ਜੋੜੇ ਤੋਂ ਪੁੱਛਗਿੱਛ ਕਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਨੇ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਤੋਂ ਇਨਕਾਰ ਕੀਤਾ ਤਾਂ ਕਥਿਤ ਤੌਰ ‘ਤੇ ਇੱਕ ਅਧਿਕਾਰੀ ਨੇ ਹੋਟਲ ਸਟਾਫ ਨੂੰ ਗਾਂਜਾ ਲਿਆ ਕੇ ਨੌਜਵਾਨ ਦੇ ਬੈਗ ਵਿੱਚ ਰੱਖਣ ਲਈ ਕਿਹਾ। ਇਸ ਤਰ੍ਹਾਂ ਉਸ ਨੂੰ ਕਿਸੇ ਅਪਰਾਧਿਕ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਣ ਦਾ ਦੋਸ਼ ਹੈ। ਜੋੜੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਦੋਵੇਂ ਬਾਲਗ ਹਨ ਅਤੇ ਵਿਆਹ ਕਰਨਾ ਚਾਹੁੰਦੇ ਹਨ।
ਇਸ ਘਟਨਾ ਤੋਂ ਬਾਅਦ ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ASP ਦੀਪਕ ਮਿਸ਼ਰਾ, SDOP ਚੰਚਲੇਸ਼ ਮਰਕਾਮ ਅਤੇ ਕੋਤਵਾਲੀ ਥਾਣੇ ਦੇ ਇੰਚਾਰਜ ਸਤੀਸ਼ ਤਿਵਾੜੀ ਸਮੇਤ ਛੇ ਪੁਲਿਸ ਮੁਲਾਜ਼ਮ ਸ਼ਾਮਲ ਹਨ। ਇਸ ਮਾਮਲੇ ਵਿੱਚ ਟ੍ਰੈਫਿਕ ਇੰਸਪੈਕਟਰ ਵਿਜੇ ਤਿਵਾੜੀ ਦਾ ਨਾਂ ਵੀ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਅਨੁਸ਼ਾਸਨ ਅਤੇ ਜਵਾਬਦੇਹੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਕਰਮਚਾਰੀਆਂ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਪੁਲਿਸ ਮੁਲਾਜ਼ਮਾਂ ਦਾ ਸ਼ੱਕੀ ਰਵੱਈਆ ਸਾਹਮਣੇ ਆਇਆ ਹੈ, ਜਿਸ ਕਾਰਨ ASP ਅਤੇ SDOP ਸਮੇਤ ਛੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਮਾਮਲੇ ਦੀ ਨਿਰਪੱਖ ਅਤੇ ਵਿਸਥਾਰਪੂਰਵਕ ਜਾਂਚ ਕਰਵਾਉਣ ਦੀ ਗੱਲ ਵੀ ਆਖੀ। ਮੋਹਨ ਯਾਦਵ ਮੁਤਾਬਕ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਕਰਨੀ ਚਾਹੀਦੀ ਹੈ। ਸਰਕਾਰ ਦੀ ਅਜਿਹੇ ਮਾਮਲਿਆਂ ਵਿੱਚ ਜ਼ੀਰੋ ਟਾਲਰੈਂਸ ਨੀਤੀ ਹੈ ਅਤੇ ਦੋਸ਼ ਸਾਬਤ ਹੋਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਹੋਟਲ ਮਾਲਕ ਸੰਜੇ ਸਨੋਡੀਆ ਨੇ ਪੁਲਿਸ ਅਧਿਕਾਰੀਆਂ ‘ਤੇ ਜਬਰੀ ਵਸੂਲੀ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਹੋਟਲ ਚਲਾਉਣ ਦੀ ਇਜਾਜ਼ਤ ਦੇਣ ਦੇ ਬਦਲੇ ਪਿਛਲੇ ਦੋ ਮਹੀਨਿਆਂ ਤੋਂ ਹਰ ਮਹੀਨੇ 50 ਹਜ਼ਾਰ ਰੁਪਏ ਮੰਗੇ ਜਾ ਰਹੇ ਸਨ। ਉਨ੍ਹਾਂ ਮੁਤਾਬਕ ਸਤੀਸ਼ ਤਿਵਾੜੀ, SDOP ਮਰਕਾਮ ਅਤੇ ਟ੍ਰੈਫਿਕ ਇੰਸਪੈਕਟਰ ਵਿਜੇ ਤਿਵਾੜੀ ਵੱਲੋਂ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ। ਹੋਟਲ ਮਾਲਕ ਨੇ ਦਾਅਵਾ ਕੀਤਾ ਕਿ ਅਕਤੂਬਰ ਵਿੱਚ ਉਨ੍ਹਾਂ ਨੇ ਤਿੰਨਾਂ ਅਧਿਕਾਰੀਆਂ ਨੂੰ 10-10 ਹਜ਼ਾਰ ਰੁਪਏ ਦਿੱਤੇ ਸਨ ਅਤੇ ਇਸ ਤੋਂ ਇਲਾਵਾ ਥਾਣਾ ਇੰਚਾਰਜ ਨੂੰ 20 ਹਜ਼ਾਰ ਰੁਪਏ ਹੋਰ ਦਿੱਤੇ ਸਨ।
ਸਨੋਡੀਆ ਨੇ ਅੱਗੇ ਦੋਸ਼ ਲਾਇਆ ਕਿ ਮੰਗੀ ਗਈ ਰਕਮ ਨਾ ਦੇ ਸਕਣ ਕਾਰਨ 7, 8 ਅਤੇ 9 ਅਕਤੂਬਰ ਨੂੰ ਹੋਟਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਸਟਾਫ਼ ਤੇ ਮਹਿਮਾਨਾਂ ਨੂੰ ਕਥਿਤ ਤੌਰ ‘ਤੇ ਧਮਕਾਇਆ ਗਿਆ। ਉਨ੍ਹਾਂ ਮੁਤਾਬਕ ਅਕਤੂਬਰ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਯਸ਼ ਮੇਸ਼ਰਾਮ ਨਾਲ ਵੀ ਕੁੱਟਮਾਰ ਕੀਤੀ ਗਈ, ਜਿਸ ਨੂੰ ਉਨ੍ਹਾਂ ਨੇ ਹੋਟਲ ਕਿਰਾਏ ‘ਤੇ ਦਿੱਤਾ ਸੀ। ਹੋਟਲ ਮਾਲਕ ਨੇ ਦਾਅਵਾ ਕੀਤਾ ਕਿ 13 ਨਵੰਬਰ ਨੂੰ ਪੁਲਿਸ ਟੀਮ ਨੇ ਹੋਟਲ ਪਹੁੰਚ ਕੇ ਇੱਕ ਡਿਜੀਟਲ ਵੀਡੀਓ ਰਿਕਾਰਡਰ (DVR) ਜ਼ਬਤ ਕਰ ਲਿਆ ਸੀ, ਪਰ ਲੁਕਵੇਂ ਕੈਮਰਿਆਂ ਨਾਲ ਜੁੜਿਆ ਦੂਜਾ DVR ਉੱਥੇ ਹੀ ਰਹਿ ਗਿਆ, ਜਿਸ ਵਿੱਚ ਇਹ ਵੀਡੀਓ ਸੁਰੱਖਿਅਤ ਸੀ।