
Sanju Samson: ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਚੌਥੇ ਟੀ-20 ਮੁਕਾਬਲੇ ਵਿੱਚ ਵੈਸਟਇੰਡੀਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 248 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 223 ਦੌੜਾਂ ਹੀ ਬਣਾ ਸਕੀ ਅਤੇ 24 ਦੌੜਾਂ ਨਾਲ ਮੈਚ ਗੁਆ ਬੈਠੀ। ਇਸ ਹਾਰ ਤੋਂ ਬਾਅਦ ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਨੇ ਮੈਚ ਦੇ ਅਹਿਮ ਮੋੜ ਬਾਰੇ ਆਪਣੀ ਰਾਏ ਸਾਂਝੀ ਕੀਤੀ।
ਸੰਜੂ ਸੈਮਸਨ ਮੁਤਾਬਕ, ਤਿਲਕ ਵਰਮਾ ਦਾ ਵਿਕਟ ਡਿੱਗਣਾ ਭਾਰਤ ਲਈ ਸਭ ਤੋਂ ਵੱਡਾ ਝਟਕਾ ਸਾਬਤ ਹੋਇਆ। ਮੈਚ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਿਲਕ ਅਤੇ ਨੀਤੀਸ਼ ਰੈੱਡੀ ਦਬਾਅ ਦੇ ਬਾਵਜੂਦ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ। ਦੋਵੇਂ ਬੱਲੇਬਾਜ਼ ਹਰ ਓਵਰ ਵਿੱਚ ਲੋੜੀਂਦੀਆਂ ਦੌੜਾਂ ਬਣਾ ਰਹੇ ਸਨ ਅਤੇ ਭਾਰਤੀ ਟੀਮ ਜਿੱਤ ਦੇ ਕਾਫ਼ੀ ਨੇੜੇ ਪਹੁੰਚ ਰਹੀ ਸੀ। ਸੈਮਸਨ ਨੇ ਕਿਹਾ ਕਿ ਪੰਜ ਵਿਕਟਾਂ ਡਿੱਗਣ ਤੋਂ ਬਾਅਦ ਵੀ ਦੋ ਨੌਜਵਾਨ ਖਿਡਾਰੀਆਂ ਵੱਲੋਂ ਜਿਸ ਤਰ੍ਹਾਂ ਮੈਚ ਨੂੰ ਸੰਭਾਲਿਆ ਗਿਆ, ਉਹ ਕਾਬਿਲੇ-ਤਾਰੀਫ਼ ਸੀ।
248 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 12ਵੇਂ ਓਵਰ ਤੱਕ 130 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇਸ ਮੁਸ਼ਕਲ ਹਾਲਾਤ ਵਿੱਚ ਤਿਲਕ ਵਰਮਾ ਅਤੇ ਨੀਤੀਸ਼ ਰੈੱਡੀ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਟੀਮ ਦੀਆਂ ਜਿੱਤ ਦੀਆਂ ਉਮੀਦਾਂ ਕਾਇਮ ਰੱਖੀਆਂ। ਹਾਲਾਂਕਿ, ਤਿਲਕ ਦੇ ਆਊਟ ਹੋਣ ਸਮੇਂ ਭਾਰਤ ਨੂੰ 19 ਗੇਂਦਾਂ ਵਿੱਚ 48 ਦੌੜਾਂ ਦੀ ਲੋੜ ਸੀ। ਉਨ੍ਹਾਂ ਦੀ ਵਿਕਟ ਡਿੱਗਣ ਤੋਂ ਬਾਅਦ ਭਾਰਤੀ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ।
ਸੰਜੂ ਸੈਮਸਨ ਨੇ ਇਸ ਮੁਕਾਬਲੇ ਵਿੱਚ ਪਾਰੀ ਦੀ ਸ਼ੁਰੂਆਤ ਕਰਦਿਆਂ ਤੂਫ਼ਾਨੀ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਸਿਰਫ਼ 23 ਗੇਂਦਾਂ ਵਿੱਚ 56 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ। ਆਪਣੀ ਪਾਰੀ ਬਾਰੇ ਗੱਲ ਕਰਦਿਆਂ ਸੈਮਸਨ ਨੇ ਕਿਹਾ ਕਿ ਵੱਡੇ ਟੀਚੇ ਦਾ ਪਿੱਛਾ ਕਰਦੇ ਸਮੇਂ ਬੱਲੇਬਾਜ਼ ਨੂੰ ਆਪਣੀ ਸਮਝ ਅਤੇ ਹਮਲਾਵਰ ਖੇਡ ‘ਤੇ ਭਰੋਸਾ ਰੱਖਣਾ ਪੈਂਦਾ ਹੈ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਵਿੱਚ ਕਾਫ਼ੀ ਮਜ਼ਾ ਆਇਆ, ਪਰ ਮੈਚ ਹਾਰਨ ਕਾਰਨ ਉਹ ਨਿਰਾਸ਼ ਹਨ ਅਤੇ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਸਨ।
ਜਦੋਂ ਸੈਮਸਨ ਤੋਂ ਪੁੱਛਿਆ ਗਿਆ ਕਿ ਕੀ ਭਾਰਤੀ ਟੀਮ ਨੂੰ ਗੇਂਦਬਾਜ਼ੀ ਦੌਰਾਨ ਜਸਪ੍ਰੀਤ ਬੁਮਰਾਹ ਦੀ ਕਮੀ ਮਹਿਸੂਸ ਹੋਈ, ਤਾਂ ਉਨ੍ਹਾਂ ਕਿਹਾ ਕਿ ਬੁਮਰਾਹ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੇ ਬੁਮਰਾਹ ਨੂੰ ਅਜਿਹਾ ਗੇਂਦਬਾਜ਼ ਦੱਸਿਆ ਜੋ ਇੱਕ ਪੀੜ੍ਹੀ ਵਿੱਚ ਇੱਕ ਵਾਰ ਸਾਹਮਣੇ ਆਉਂਦਾ ਹੈ। ਸੈਮਸਨ ਮੁਤਾਬਕ, ਭਾਰਤੀ ਟੀਮ ਖੁਸ਼ਕਿਸਮਤ ਹੈ ਕਿ ਉਸ ਕੋਲ ਬੁਮਰਾਹ ਵਰਗਾ ਤਜਰਬੇਕਾਰ ਗੇਂਦਬਾਜ਼ ਹੈ, ਪਰ ਇਸ ਦੇ ਨਾਲ ਹੀ ਟੀਮ ਵਿੱਚ ਹੋਰ ਚੰਗੇ ਨੌਜਵਾਨ ਗੇਂਦਬਾਜ਼ ਵੀ ਮੌਜੂਦ ਹਨ।
ਸੈਮਸਨ ਨੇ ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ ਅਤੇ ਪ੍ਰਿੰਸ ਯਾਦਵ ਦੇ ਪਿਛਲੇ ਕੁਝ ਮੈਚਾਂ ਵਿੱਚ ਕੀਤੇ ਪ੍ਰਦਰਸ਼ਨ ਨੂੰ ਵੀ ਪ੍ਰਭਾਵਸ਼ਾਲੀ ਦੱਸਿਆ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਵੱਧ ਮੌਕੇ ਦੇਣ ਅਤੇ ਉਨ੍ਹਾਂ ਦਾ ਸਾਥ ਦੇਣ ਨਾਲ ਉਨ੍ਹਾਂ ਦੇ ਹੁਨਰ ਵਿੱਚ ਹੋਰ ਨਿਖਾਰ ਆਵੇਗਾ। ਭਾਰਤ ਦੀ ਇਸ ਹਾਰ ਦੇ ਬਾਵਜੂਦ ਸੈਮਸਨ ਨੇ ਟੀਮ ਦੇ ਨਵੇਂ ਖਿਡਾਰੀਆਂ ਦੀ ਸਮਰੱਥਾ ‘ਤੇ ਭਰੋਸਾ ਜਤਾਇਆ।