ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵਿਸਥਾਰ : ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
28 September 2026 ਅੱਪਡੇਟ ਕੀਤਾ ਗਿਆ
‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੇ ਦਾਇਰੇ ਨੂੰ ਵਧਾਉਂਦੇ ਹੋਏ, ਪੰਜਾਬ ਸਰਕਾਰ ਨੇ ਯਾਤਰਾ ਸੂਚੀ ਵਿੱਚ ਕਈ ਹੋਰ ਧਾਰਮਿਕ ਸਥਾਨਾਂ ਨੂੰ ਸ਼ਾਮਲ ਕੀਤਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਹੁਸ਼ਿਆਰਪੁਰ ਤੋਂ 15 ਏਸੀ ਸਲੀਪਰ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜੋ ਸ਼ਰਧਾਲੂਆਂ ਨੂੰ ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਵਰਗੇ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਲੈ ਕੇ ਜਾਣਗੀਆਂ। ਇਨ੍ਹਾਂ ਬੱਸਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸ਼ਰਧਾਲੂਆਂ ਲਈ ਮੁਫ਼ਤ ਯਾਤਰਾ, ਰਿਹਾਇਸ਼ ਅਤੇ ਭੋਜਨ
ਪੰਜਾਬ ਸਰਕਾਰ ਅਨੁਸਾਰ, 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂ ਇਸ ਯੋਜਨਾ ਲਈ ਯੋਗ ਹਨ। ਇੱਕ ਪਰਿਵਾਰ ਵਿੱਚੋਂ ਵੱਧ ਤੋਂ ਵੱਧ ਦੋ ਵਿਅਕਤੀਆਂ ਨੂੰ ਇਸ ਯਾਤਰਾ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੈ। ਪੰਜਾਬ ਸਰਕਾਰ ਸ਼ਰਧਾਲੂਆਂ ਲਈ ਏਸੀ ਸਲੀਪਰ ਬੱਸਾਂ, ਰਿਹਾਇਸ਼, ਭੋਜਨ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕਰੇਗੀ। ਯਾਤਰੀਆਂ ਦੀ ਸਹਾਇਤਾ ਲਈ ਹਰੇਕ ਬੱਸ ਵਿੱਚ ਇੱਕ ਸਹਾਇਕ (ਅਟੈਂਡੈਂਟ) ਮੌਜੂਦ ਰਹੇਗਾ। ਯਾਤਰਾ ਦੌਰਾਨ ਸਿਹਤ ਸੰਬੰਧੀ ਕਿਸੇ ਵੀ ਲੋੜ ਪੈਣ ‘ਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਪੰਜ ਜ਼ਿਲ੍ਹਿਆਂ ਦੇ ਸ਼ਰਧਾਲੂਆਂ ਨੇ ਭਾਗ ਲਿਆ
ਹੁਸ਼ਿਆਰਪੁਰ ਤੋਂ ਰਵਾਨਾ ਕੀਤੀਆਂ ਗਈਆਂ 15 ਬੱਸਾਂ ਵਿੱਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਸ਼ਰਧਾਲੂ ਸਵਾਰ ਸਨ।
ਯਾਤਰਾ ਦਾ ਵੇਰਵਾ ਇਸ ਪ੍ਰਕਾਰ ਹੈ:
- 10 ਬੱਸਾਂ: ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਜਲੰਧਰ ਅਤੇ ਕਪੂਰਥਲਾ ਤੋਂ ਹਰਿਦੁਆਰ-ਰਿਸ਼ੀਕੇਸ਼ ਲਈ।
- 2 ਬੱਸਾਂ: ਫਗਵਾੜਾ ਅਤੇ ਗੁਰਦਾਸਪੁਰ ਤੋਂ ਮਥੁਰਾ-ਵ੍ਰਿੰਦਾਵਨ ਲਈ।
- 3 ਬੱਸਾਂ: ਜਲੰਧਰ ਅਤੇ ਗੁਰਦਾਸਪੁਰ ਤੋਂ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾਜੀ ਲਈ।
ਸ਼ਰਧਾਲੂਆਂ ਲਈ ਮੈਡੀਕਲ ਬੀਮਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨੁਸਾਰ, ਸ਼ਰਧਾਲੂਆਂ ਨੂੰ ਮੈਡੀਕਲ ਬੀਮਾ ਕਵਰੇਜ ਵੀ ਪ੍ਰਦਾਨ ਕੀਤੀ ਜਾਵੇਗੀ। ਐਮਰਜੈਂਸੀ ਦੀ ਸਥਿਤੀ ਵਿੱਚ ਸੂਚੀਬੱਧ ਹਸਪਤਾਲਾਂ ਵਿੱਚ ਡਾਕਟਰੀ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ। ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ, ਬੱਸਾਂ ਵਿੱਚ ਮੌਜੂਦ ਸਹਾਇਕਾਂ (ਅਟੈਂਡੈਂਟਾਂ) ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਯਾਤਰਾ ਦੀ ਸਮਾਪਤੀ ‘ਤੇ ਸ਼ਰਧਾਲੂਆਂ ਨੂੰ ‘ਪ੍ਰਸ਼ਾਦ’ ਦੇ ਨਾਲ-ਨਾਲ ਯਾਦਗਾਰ ਵਜੋਂ ਪਿੱਤਲ ਦਾ ਗਲਾਸ ਦੇਣ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਹੁਣ ਤਕ ਲਗਭਗ 148 ਕਰੋੜ ਰੁਪਏ ਖਰਚ ਕੀਤੇ
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ‘ਤੇ ਹੁਣ ਤੱਕ ਲਗਭਗ 148 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਉਪਰਾਲੇ ਦਾ ਉਦੇਸ਼ ਕੁੱਲ 10 ਲੱਖ ਸ਼ਰਧਾਲੂਆਂ ਲਈ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣਾ ਹੈ।
ਧਾਰਮਿਕ ਯਾਤਰਾਵਾਂ ਜਾਰੀ ਰਹਿਣਗੀਆਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਉਨ੍ਹਾਂ ਬਜ਼ੁਰਗ ਨਾਗਰਿਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ, ਜੋ ਇੱਛਾ ਹੋਣ ਦੇ ਬਾਵਜੂਦ ਅਜਿਹੀਆਂ ਯਾਤਰਾਵਾਂ ਕਰਨ ਤੋਂ ਅਸਮਰੱਥ ਹਨ। ਪੰਜਾਬ ਸਰਕਾਰ ਨੇ ਕਿਹਾ ਕਿ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਥਾਨ ਆਪਸੀ ਭਾਈਚਾਰੇ, ਸ਼ਾਂਤੀ ਅਤੇ ਮਾਨਵਤਾ ਦਾ ਸੰਦੇਸ਼ ਦਿੰਦੇ ਹਨ। ਆਉਣ ਵਾਲੇ ਮਹੀਨਿਆਂ ਵਿੱਚ ਲਗਭਗ 1.5 ਲੱਖ ਹੋਰ ਲੋਕਾਂ ਲਈ ਧਾਰਮਿਕ ਯਾਤਰਾਵਾਂ ਦੀ ਸਹੂਲਤ ਦੇਣ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ ਹਨ।
Views: 54