PUNJAB NEWS : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਟੋਲ ਟੈਕਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਨਵੇਂ ਮੋੜ ‘ਤੇ ਪਹੁੰਚ ਗਿਆ ਹੈ। ਹਿਮਾਚਲ ਸਰਕਾਰ ਵੱਲੋਂ ਸਰਹੱਦੀ ਸੜਕਾਂ ‘ਤੇ ਟੋਲ ਦਰਾਂ ਵਧਾਉਣ ਤੋਂ ਬਾਅਦ ਪੰਜਾਬ ਵਿੱਚ ਵਿਰੋਧ ਜਾਰੀ ਸੀ, ਜਿਸ ਦੇ ਜਵਾਬ ਵਿੱਚ ਰੂਪਨਗਰ ਜ਼ਿਲ੍ਹਾ ਪ੍ਰੀਸ਼ਦ ਨੇ ਆਪਣੀ ਹੱਦ ਵਿੱਚੋਂ ਹਿਮਾਚਲ ਜਾਣ ਵਾਲੇ ਰਸਤਿਆਂ ‘ਤੇ ਟੋਲ ਲਗਾਉਣ ਦਾ ਮਤਾ ਪਾਸ ਕਰ ਦਿੱਤਾ ਹੈ।
ਇਹ ਫ਼ੈਸਲਾ ਜ਼ਿਲ੍ਹਾ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਵਿੱਚ ਲਿਆ ਗਿਆ, ਜਿਸ ਦੀ ਅਗਵਾਈ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ। ਮਤੇ ਨੂੰ ਪੰਚਾਇਤੀ ਰਾਜ ਐਕਟ ਦੀ ਧਾਰਾ 189 ਤਹਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਟੋਲ ਵਸੂਲੀ ਨਾਲ ਜੋੜਿਆ ਗਿਆ ਹੈ। ਹੁਣ ਇਸ ਨੂੰ ਅਗਲੀ ਮਨਜ਼ੂਰੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਕੋਲ ਭੇਜਿਆ ਜਾਵੇਗਾ।
ਅਭਿਜੀਤ ਦੀਪਕੇ ਦੀ ਹਿਰਾਸਤ ਤੋਂ ਬਾਅਦ ਭੜਕਿਆ ਮਾਹੌਲ, CJP ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਐਕਸ਼ਨ
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਪੰਜਾਬ ਦੇ ਵਾਹਨਾਂ ਤੋਂ ਟੋਲ ਲੈ ਸਕਦਾ ਹੈ ਤਾਂ ਪੰਜਾਬ ਨੂੰ ਵੀ ਆਪਣੇ ਵਿਕਾਸ ਕਾਰਜਾਂ ਲਈ ਅਜਿਹਾ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਟੋਲ ਤੋਂ ਮਿਲਣ ਵਾਲੀ ਆਮਦਨ ਸੜਕਾਂ ਅਤੇ ਸਥਾਨਕ ਵਿਕਾਸ ਕਾਰਜਾਂ ਲਈ ਵਰਤੀ ਜਾ ਸਕਦੀ ਹੈ।
ਹਿਮਾਚਲ ਵੱਲੋਂ ਟੋਲ ਦਰਾਂ ਵਧਾਉਣ ਤੋਂ ਬਾਅਦ ਵਪਾਰੀਆਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੇ ਚਿੰਤਾ ਜਤਾਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਧੇ ਹੋਏ ਟੋਲ ਕਾਰਨ ਯਾਤਰਾ ਅਤੇ ਕਾਰੋਬਾਰੀ ਖਰਚੇ ਵਧ ਰਹੇ ਹਨ।
ਹੁਣ ਜੇਕਰ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਦੀ ਹੈ ਤਾਂ ਦੋਵੇਂ ਗੁਆਂਢੀ ਰਾਜਾਂ ਵਿਚਕਾਰ ਟੋਲ ਨੀਤੀ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਕੱਢਣਾ ਲੋਕਾਂ ਅਤੇ ਵਪਾਰ ਲਈ ਬਿਹਤਰ ਰਹੇਗਾ।
ਭਾਰਤ ਵਿੱਚ ਪਹਿਲੀ ਡੇਂਗੂ ਰੋਕਥਾਮ ਵੈਕਸੀਨ ਨੂੰ ਮਨਜ਼ੂਰੀ, 4 ਤੋਂ 60 ਸਾਲ ਦੇ ਲੋਕਾਂ ਲਈ ਹੋਵੇਗੀ ਉਪਲਬਧ