Punjab Bus Accident : ਅੱਜ ਸਵੇਰੇ ਕਰੀਬ 5 ਵਜੇ ਪੰਜਾਬ ਦੇ ਬੰਗਾ ਨੇੜੇ ਮਜਾਰੀ ਪਿੰਡ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਮਨਾਲੀ ਤੋਂ ਪਰਤ ਰਹੀ ਇੱਕ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਇਸ ਬੱਸ ਵਿੱਚ ਮੁੱਖ ਤੌਰ ‘ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀ ਅਤੇ ਹੋਰ ਸੈਲਾਨੀ ਸਵਾਰ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆਉਣ ਕਾਰਨ ਵਾਪਰਿਆ।
ਮੁੱਢਲੀ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਤਿੰਨ ਲੋਕਾਂ—ਜਿਨ੍ਹਾਂ ਵਿੱਚ ਬੱਸ ਕੰਡਕਟਰ ਅਤੇ LPU ਦਾ ਇੱਕ ਵਿਦਿਆਰਥੀ ਸ਼ਾਮਲ ਹੈ—ਦੀ ਮੌਤ ਹੋ ਗਈ ਹੈ। ਤੀਜੇ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਜਾਰੀ ਹਨ। ਮੌਤਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਬਾਰੇ ਪ੍ਰਸ਼ਾਸਨ ਵੱਲੋਂ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।


