Site icon Dainik Savera Punjab

PUNJAB : ਬਠਿੰਡਾ ‘ਚ ਵਾਪਰੀ ਰੂਹ ਕੰਬਾਊ ਵਾਰਦਾਤ ; ਕੁਹਾੜੀ ਨਾਲ ਵੱਢਿਆ ਸਾਬਕਾ ਸਰਪੰਚ ਜਗਤਾਰ ਸਿੰਘ ਤਾਰਾ

Former Sarpanch Murder in Bathinda : ਪੰਜਾਬ ‘ਚ ਇੱਕ ਹੋਰ ਸਾਬਕਾ ਸਰਪੰਚ ਨੂੰ ਕਤਲ ਕੀਤੇ ਜਾਣ ਦੀ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਤਾਜ਼ਾ, ਘਟਨਾ ਬਠਿੰਡਾ ‘ਚ ਵਾਪਰੀ ਹੈ, ਜਿਥੇ ਮੁਲਜ਼ਮ ਨੇ ਬਜ਼ੁਰਗ ਜਗਤਾਰ ਸਿੰਘ ਤਾਰਾ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਤੋਂ ਵੀ ਗੋਲੀਆਂ ਮਾਰ ਕੇ ਸਾਬਕਾ ਸਰਪੰਚ ਨਵਤੇਜ ਸਿੰਘ ਦੇ ਕਤਲ ਦੀ ਘਟਨਾ ਵਾਪਰੀ ਸੀ।

ਕਤਲ ਪਿੱਛੇ ਮੁੱਢਲੀ ਜਾਣਕਾਰੀ ਤਹਿਤ ਪੁਰਾਣੀ ਰੰਜਿਸ਼ ਆ ਰਹੀ ਸਾਹਮਣੇ

ਜਾਣਕਾਰੀ ਅਨੁਸਾਰ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਪਿੱਛੇ ਪੁਰਾਣੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਅਤੇ ਕਤਲ ਕਰਨ ਵਾਲਾ ਗੁਰਬਖਸ਼ ਸਿੰਘ ਇੱਕੋ ਹੀ ਪਿੰਡ ਫੂਸ ਮੰਡੀ ਦੇ ਰਹਿਣ ਵਾਲੇ ਹਨ। ਜਾਣਕਾਰੀ ਅਨੁਸਾਰ, ਮ੍ਰਿਤਕ ਸਾਬਕਾ ਸਰਪੰਚ ਜਗਤਾਰ ਸਿੰਘ ਤਾਰਾ ਪਿੰਡ ਫੂਸ ਮੰਡੀ ਉਮਰ 62 ਸਾਲ ਦੱਸੀ ਜਾ ਰਹੀ ਹੈ।

ਮੌਕੇ ‘ਤੇ ਪਹੁੰਚੀ ਪੁਲਿਸ, ਫੋਰੈਂਸਿਕ ਟੀਮਾਂ ਵੱਲੋਂ ਜਾਂਚ ਜਾਰੀ

ਕਤਲ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਪੁੱਜੇ ਐਸ.ਪੀ. ਸਿਟੀ ਆਸ਼ਵੰਤ ਸਿੰਘ ਨੇ ਦੱਸਿਆ ਕਿ ਆਪਸੀ ਰੰਜਿਸ਼ ਅਧੀਨ ਸਾਬਕਾ ਸਰਪੰਚ ਜਗਤਾਰ ਸਿੰਘ ਉਰਫ ਤਾਰਾ, ਜਿਸ ਦੀ ਉਮਰ 62 ਸਾਲ ਹੈ, ਦਾ ਕਤਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਠੇਕੇ ‘ਤੇ ਸ਼ਰਾਬ ਲੈਣ ਆਇਆ ਸੀ ਜਗਤਾਰ ਸਿੰਘ

ਐਸਪੀ ਨੇ ਦੱਸਿਆ ਕਿ ਸਾਬਕਾ ਸਰਪੰਚ ਜਗਤਾਰ ਸਿੰਘ ਤਾਰਾ ਠੇਕੇ ‘ਤੇ ਸ਼ਰਾਬ ਲੈਣ ਲਈ ਆਇਆ ਸੀ, ਜਿਥੇ ਪਹਿਲਾਂ ਤੋਂ ਹੀ ਬੈਠੇ ਮੁਲਜ਼ਮ ਨੇ ਉਸ ਦੇ ਸਿਰ ਵਿੱਚ ਕੁਹਾੜੀ ਨਾਲ ਵਾਰ ਕੀਤਾ। ਨਤੀਜੇ ਵੱਜੋਂ ਸਾਬਕਾ ਸਰਪੰਚ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਲਈ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕਤਲ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਤੇ ਮੁਲਜ਼ਮ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਸਨ।

Exit mobile version