ਨਵੀਂ ਦਿੱਲੀ (ਦੈਨਿਕ ਸਵੇਰਾ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2026–27 ਲਈ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ। ਹੁਣ Affiliated and Associated ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਾਠ‑ਪੁਸਤਕਾਂ ਸਿੱਧੇ ਬੋਰਡ ਵੱਲੋਂ ਹੀ ਸਕੂਲਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ।
ਬੋਰਡ ਦੇ ਇਸ ਫ਼ੈਸਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਮਾਪਿਆਂ ਦਾ ਖਰਚਾ ਘਟਾਉਣਾ ਹੈ। ਹੁਣ 15 ਫ਼ੀਸਦੀ ਛੂਟ ਦਾ ਲਾਭ ਸਿੱਧੇ ਵਿਦਿਆਰਥੀਆਂ ਨੂੰ ਮਿਲੇਗਾ, ਜਿਸ ਨਾਲ ਪਾਠ‑ਪੁਸਤਕਾਂ ਪਹਿਲਾਂ ਨਾਲੋਂ ਘੱਟ ਕੀਮਤ ’ਤੇ ਉਪਲਬਧ ਹੋਣਗੀਆਂ।
ਪਾਠ‑ਪੁਸਤਕਾਂ ਦੀ ਮੰਗ ਇਕੱਠੀ ਕਰਨ ਲਈ ਬੋਰਡ ਨੇ ਆਪਣੀ ਅਧਿਕਾਰਕ ਵੈਬਸਾਈਟ ’ਤੇ ਖਾਸ ਵੈਬ ਪੋਰਟਲ ਬਣਾਇਆ ਹੈ। ਸਕੂਲ ਆਪਣੇ ਲਾਗਇਨ ਆਈਡੀ ਨਾਲ ‘ਬੁੱਕ ਡਿਮਾਂਡ’ ਪੇਜ ’ਤੇ ਜਾ ਕੇ ਜਮਾਤ ਅਤੇ ਵਿਸ਼ੇ ਅਨੁਸਾਰ ਲੋੜੀਂਦੀਆਂ ਪੁਸਤਕਾਂ ਦੀ ਜਾਣਕਾਰੀ ਆਨਲਾਈਨ ਭਰ ਸਕਦੇ ਹਨ। ਇਹ ਪ੍ਰਕਿਰਿਆ 15 ਮਾਰਚ 2026 ਤੱਕ ਪੂਰੀ ਕੀਤੀ ਜਾ ਸਕਦੀ ਹੈ।
ਬੋਰਡ ਨੇ ਸਭ ਐਫੀਲੀਏਟਡ ਅਤੇ ਐਸੋਸੀਏਟਡ ਸਕੂਲਾਂ ਨੂੰ ਕਿਹਾ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੇ ਸਕੂਲ ਲਾਗਇਨ ਵਿੱਚ ਜਾ ਕੇ ਬੁੱਕ ਡਿਮਾਂਡ ਫਾਰਮ ਭਰਨਾ ਯਕੀਨੀ ਬਣਾਉਣ। ਇਸ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਠ‑ਪੁਸਤਕਾਂ ਦੀ ਸਪਲਾਈ ਲਈ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਜਾ ਸਕਣਗੇ।