PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਏਕਤਾ ਨਗਰ ਸਥਿਤ ਪਰੇਡ ਗਰਾਊਂਡ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਰਦਾਰ ਪਟੇਲ ਨੇ 550 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕਰਕੇ ਆਪਣੇ ਦ੍ਰਿੜ ਇਰਾਦੇ ਨਾਲ ਭਾਰਤ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਏਕਤਾ ਦਿਵਸ ਦਾ ਸਮਾਗਮ ਪਹਿਲਾਂ ਨਾਲੋਂ ਵੱਖਰੇ ਢੰਗ ਨਾਲ ਕਰਵਾਇਆ ਗਿਆ ਹੈ। ਆਮ ਤੌਰ ’ਤੇ ਇਹ ਪ੍ਰੋਗਰਾਮ ਸਵੇਰੇ ਹੁੰਦਾ ਸੀ, ਪਰ ਇਸ ਵਾਰ ਲੋਕ ਸ਼ਾਮ ਨੂੰ ਇਕੱਠੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਵੇਰੇ ਦੇਸ਼ ਦੇ ਲੱਖਾਂ ਲੋਕਾਂ ਨੇ ਏਕਤਾ ਦਾ ਸੰਦੇਸ਼ ਦਿੰਦਿਆਂ ‘ਰਨ ਫਾਰ ਯੂਨਿਟੀ’ ਵਿੱਚ ਹਿੱਸਾ ਲਿਆ ਅਤੇ ਇਸ ਦੌਰਾਨ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਦੁਨੀਆ ਦੇ ਇਸ ਮਹਾਨ ਦੇਸ਼ ਦਾ ਨਾਗਰਿਕ ਹੋਣਾ ਮਾਣ ਵਾਲੀ ਗੱਲ ਹੈ। ਗਣਤੰਤਰ ਸਾਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਉਂਦਾ ਹੈ, ਜਦਕਿ ਏਕਤਾ ਦੇਸ਼ ਨੂੰ ਅੱਗੇ ਵਧਣ ਦੀ ਤਾਕਤ ਦਿੰਦੀ ਹੈ।
10 ਤੋਂ 12 ਸਾਲਾਂ ਵਿੱਚ 50 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ: PM ਮੋਦੀ
ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਨਮਨ ਕੀਤਾ। ਗਰੀਬੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪਹਿਲਾਂ ‘ਗਰੀਬੀ ਹਟਾਓ’ ਦੇ ਨਾਅਰੇ ਲਗਾਉਣ ਵਾਲੇ ਲੋਕ ਖ਼ੁਦ ਅਮੀਰ ਹੁੰਦੇ ਗਏ, ਪਰ ਪਿਛਲੇ ਕੁਝ ਸਾਲਾਂ ਵਿੱਚ ਹਾਲਾਤ ਬਦਲਣੇ ਸ਼ੁਰੂ ਹੋਏ ਹਨ। ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 2024 ਤੋਂ ਪਹਿਲਾਂ ਦੇ 10 ਤੋਂ 12 ਸਾਲਾਂ ਦੌਰਾਨ 50 ਕਰੋੜ ਭਾਰਤੀਆਂ ਨੇ ਗਰੀਬੀ ’ਤੇ ਜਿੱਤ ਹਾਸਲ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪਹਿਲਾਂ ਦੇਸ਼ ਦੀ ਹਰ 100 ਵਿੱਚੋਂ 27 ਤੋਂ ਵੱਧ ਆਬਾਦੀ, ਯਾਨੀ ਇੱਕ ਚੌਥਾਈ ਤੋਂ ਵੀ ਜ਼ਿਆਦਾ ਲੋਕ ਅਤਿ ਦੀ ਗਰੀਬੀ ਵਿੱਚ ਰਹਿੰਦੇ ਸਨ। ਉਨ੍ਹਾਂ ਮੁਤਾਬਕ, ਹੁਣ ਇਹ ਅੰਕੜਾ ਲਗਾਤਾਰ ਘਟਦਾ ਹੋਇਆ ਤਿੰਨ ਫ਼ੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਵਿਸ਼ਵ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਦੇਸ਼ ਜੰਗਾਂ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸਰੋਤਾਂ ਦੀ ਘਾਟ ਵਧ ਰਹੀ ਹੈ ਅਤੇ ਦੁਨੀਆ ਦੀ ਸਪਲਾਈ ਚੇਨ ਵੀ ਪ੍ਰਭਾਵਿਤ ਹੋਈ ਹੈ। ਅਜਿਹੇ ਸਮੇਂ ਵਿੱਚ ਭਾਰਤ ਦੀ ਏਕਤਾ ਅਤੇ ਲੋਕਾਂ ਵਿਚਕਾਰ ਭਾਈਚਾਰਾ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ।
ਦੁਨੀਆ ਨੂੰ ਹਾਲ ਹੀ ਵਿੱਚ ਊਰਜਾ ਸੰਕਟ ਦਾ ਕਰਨਾ ਪਿਆ ਸਾਹਮਣਾ
ਊਰਜਾ ਸੰਕਟ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਖਰੀਦ ’ਤੇ ਵੀ ਪਾਬੰਦੀਆਂ ਲਗਾਉਣੀਆਂ ਪਈਆਂ। ਭਾਰਤ ਦੀ ਵੱਡੀ ਆਬਾਦੀ ਅਤੇ ਘਰੇਲੂ ਪੈਟਰੋਲੀਅਮ ਉਤਪਾਦਨ ਦੀਆਂ ਸੀਮਤ ਸਮਰੱਥਾਵਾਂ ਨੂੰ ਦੇਖਦਿਆਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਦੇਸ਼ ਨੂੰ ਇਸ ਸੰਕਟ ਦਾ ਵੱਡਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਵਿਚਕਾਰ ਭਾਰਤ ਵਿਰੋਧੀ ਤਾਕਤਾਂ ਵੀ ਸਰਗਰਮ ਹੋ ਗਈਆਂ ਸਨ, ਪਰ ਭਾਰਤ ਨੇ ਵਿਸ਼ਵਵਿਆਪੀ ਊਰਜਾ ਸੰਕਟ ਦੇ ਪ੍ਰਭਾਵ ਨੂੰ ਆਪਣੇ ਨਾਗਰਿਕਾਂ ਤੱਕ ਪਹੁੰਚਣ ਤੋਂ ਰੋਕਣ ਦੀ ਸਮਰੱਥਾ ਦਿਖਾਈ ਹੈ।