Last Updated: November 25, 2026

Dainik Savera Times Logo

ਫ਼ਰੀਦਾਬਾਦ ‘ਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਪੰਜਾਬ ਵੱਲੋਂ ਹਿੱਤਾਂ ਦੀ ਗੂੰਜ

17 November 2025 ਅੱਪਡੇਟ ਕੀਤਾ ਗਿਆ

ਫ਼ਰੀਦਾਬਾਦ ‘ਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਪੰਜਾਬ ਵੱਲੋਂ ਹਿੱਤਾਂ ਦੀ ਗੂੰਜ

ਨਵੀਂ ਦਿਲੀ: ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਸੋਮਵਾਰ ਨੂੰ ਫ਼ਰੀਦਾਬਾਦ ਵਿੱਚ ਹੋ ਰਹੀ ਹੈ ਜਿਸ ਵਿੱਚ ਪੰਜਾਬ ਦੇ ਹਿੱਤਾਂ ਨਾਲ ਜੁੜੇ ਕਈ ਸੰਵੇਦਨਸ਼ੀਲ ਅਤੇ ਵਿਵਾਦਤ ਮੁੱਦੇ ਚਰਚਾ ਦਾ ਕੇਂਦਰ ਬਣਨਗੇ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਨੁਮਾਇਸ਼ ਕਰਦੇ ਹੋਏ ਆਪਣੇ ਇਤਰਾਜ਼ ਅਤੇ ਮਤ ਪੇਸ਼ ਕਰਨਗੇ। ਮੀਟਿੰਗ ਵਿੱਚ ਚੰਡੀਗੜ੍ਹ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਲੱਦਾਖ਼ ਰਾਜਸਥਾਨ ਅਤੇ ਦਿੱਲੀ ਦੇ ਨੁਮਾਇੰਦੇ ਵੀ ਸ਼ਾਮਿਲ ਹੋਣਗੇ। ਪੰਜਾਬ ਵੱਲੋਂ ਚਰਚਾ ਲਈ ਚੁਣੇ ਗਏ ਮੁੱਖ ਮੁੱਦਿਆਂ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਨਵੇਂ ਸਥਾਈ ਮੈਂਬਰਾਂ ਦੀ ਨਿਯੁਕਤੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਪੁਨਰਗਠਨ ਅਤੇ ਰੋਪੜ ਹਰੀਕੇ ਫ਼ਿਰੋਜ਼ਪੁਰ ਵਰਗੇ ਹੈੱਡ ਵਰਕਸ ਦੇ ਕੰਟਰੋਲ ਨਾਲ ਜੁੜੇ ਮਾਮਲੇ ਸ਼ਾਮਿਲ ਹਨ। ਮੁੱਖ ਮੰਤਰੀ ਨੇ ਮੀਟਿੰਗ ਦੀ ਤਿਆਰੀ ਵਜੋਂ ਉੱਚ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਚਾਰ-ਚਰਚਾ ਕੀਤੀ ਹੈ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਪੇਸ਼ਕਸ਼ ਕੀਤੀ ਜਾ ਸਕੇ।

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਪੁਨਰਗਠਨ ਅਤੇ ਚੋਣਾਂ ਦੀ ਮੰਗ ਵਿਦਿਆਰਥੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਪਹਿਲਾਂ ਹੀ ਉਠਾਈ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਕੇਂਦਰੀ ਦਖਲਅੰਦਾਜ਼ੀ ਨੂੰ ਸੂਬਾਈ ਹੱਕਾਂ ਉੱਤੇ ਹਮਲਾ ਕਰਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਇਸ ਮੀਟਿੰਗ ਵਿੱਚ ਕੇਂਦਰ ਵੱਲੋਂ ਲਿਆ ਜਾ ਰਹੇ ਫੈਸਲਿਆਂ ‘ਤੇ ਸਖ਼ਤ ਇਤਰਾਜ਼ ਜਤਾਏਗੀ।

ਭਾਰਤ ਅਤੇ ਯੂਏਈ ਵਿਚਕਾਰ ਰੱਖਿਆ ਸਹਿਯੋਗ ‘ਤੇ ਹੋਵੇਗੀ ਉੱਚ ਪੱਧਰੀ ਗੱਲਬਾਤ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨੂੰ ਸਥਾਈ ਮੈਂਬਰ ਬਣਾਉਣ ਦੀ ਪੇਸ਼ਕਸ਼ ਦਾ ਵੀ ਪੰਜਾਬ ਵਿਰੋਧ ਕਰੇਗਾ। ਪੰਜਾਬ ਦੀ ਦਲੀਲ ਹੈ ਕਿ ਇਹ ਨਿਰਣੈ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78 ਅਤੇ 79 ਦੇ ਉਲੰਘਣ ਵਿੱਚ ਆਉਂਦਾ ਹੈ ਜਿਸ ਨੂੰ ਪੰਜਾਬ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਜਦ ਤੱਕ ਇਹ ਮਾਮਲਾ ਅਦਾਲਤ ਵਿੱਚ ਪੈਂਡਿੰਗ ਹੈ ਤਦ ਤੱਕ ਨਵੇਂ ਮੈਂਬਰਾਂ ਦੀ ਨਿਯੁਕਤੀ ਜਾਇਜ਼ ਨਹੀਂ ਮੰਨੀ ਜਾ ਸਕਦੀ। ਇਸ ਤੋਂ ਇਲਾਵਾ ਭਾਖੜਾ ਅਤੇ ਪੌਂਗ ਡੈਮ ‘ਚੋਂ ਗਾਰ ਕੱਢਣ ਅਤੇ ਹੜ੍ਹਾਂ ਦੇ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਵੀ ਪੰਜਾਬ ਆਪਣੀ ਚਿੰਤਾ ਜਤਾਏਗਾ। ਪੰਜਾਬ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਸਮੇਂ ਹਰਿਆਣਾ ਅਤੇ ਰਾਜਸਥਾਨ ਪਾਣੀ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਜਿਸ ਨਾਲ ਸਾਰਾ ਬੋਝ ਪੰਜਾਬ ‘ਤੇ ਪੈਂਦਾ ਹੈ। ਇਸ ਲਈ ਇਹ ਮਾਮਲਾ ਵੀ ਗੰਭੀਰਤਾ ਨਾਲ ਚਰਚਾ ਵਿੱਚ ਲਿਆ ਜਾਵੇਗਾ।

ਭਾਖੜਾ ਅਤੇ ਨੰਗਲ ਡੈਮ ‘ਤੇ ਕੇਂਦਰੀ ਬਲਾਂ ਦੀ ਤਾਇਨਾਤੀ ਅਤੇ ਹੈੱਡ ਵਰਕਸ ਦੇ ਕੰਟਰੋਲ ਨੂੰ ਕਿਸੇ ਹੋਰ ਸੂਬੇ ਦੇ ਹਵਾਲੇ ਕਰਨ ਦੀ ਪੇਸ਼ਕਸ਼ ਦਾ ਵੀ ਪੰਜਾਬ ਵਿਰੋਧ ਕਰੇਗਾ। ਪੰਜਾਬ ਦੀ ਸਥਿਤੀ ਹੈ ਕਿ ਇਹ ਹੈੱਡ ਵਰਕਸ ਸੂਬੇ ਦੀ ਸਰਹੱਦ ਵਿੱਚ ਹਨ ਅਤੇ ਇਨ੍ਹਾਂ ਦਾ ਸੰਚਾਲਨ ਸਿਰਫ਼ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਣਾ ਚਾਹੀਦਾ ਹੈ। ਕਿਸੇ ਹੋਰ ਸੂਬੇ ਜਾਂ ਏਜੰਸੀ ਨੂੰ ਇਨ੍ਹਾਂ ‘ਤੇ ਕੰਟਰੋਲ ਦੇਣਾ ਸੂਬਾਈ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਯਮੁਨਾ ਦੇ ਪਾਣੀਆਂ ਵਿੱਚੋਂ ਹਿੱਸਾ ਲੈਣ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮਾਮਲੇ ‘ਤੇ ਵੀ ਆਪਣਾ ਪੁਰਾਣਾ ਸਟੈਂਡ ਦੁਹਰਾਉਣਗੇ। ਪੰਜਾਬ ਦਾ ਕਹਿਣਾ ਹੈ ਕਿ ਸੂਬੇ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਇਹ ਮਾਮਲਾ ਟ੍ਰਿਬਿਊਨਲ ਵਿੱਚ ਪੈਂਡਿੰਗ ਹੈ ਇਸ ਲਈ ਕੋਈ ਨਵਾਂ ਫੈਸਲਾ ਲੈਣਾ ਅਣਚਾਹੀ ਹਸਤਖੇਪ ਹੋਵੇਗਾ।

Weather : ਹਾਏ ਠੰਢ ; – 5 ਡਿਗਰੀ ਸੈਲਸੀਅਸ ਪਹੁੰਚਿਆ ਇਸ ਜ਼ਿਲ੍ਹੇ ਦਾ ਪਾਰਾ

ਹਰਿਆਣਾ ਵੱਲੋਂ ਭਾਖੜਾ ਮੇਨ ਲਾਈਨ ਦੇ ਮਾਮਲੇ ਨੂੰ ਚੁੱਕਣ ਦੀ ਸੰਭਾਵਨਾ ਹੈ ਜਦਕਿ ਰਾਜਸਥਾਨ ਰਾਵੀ ਅਤੇ ਬਿਆਸ ‘ਚੋਂ ਵਾਧੂ ਪਾਣੀ ਦੀ ਮੰਗ ਰੱਖ ਸਕਦਾ ਹੈ। ਪੰਜਾਬ ਘੱਗਰ ਦਰਿਆ ਦੇ ਹੜ੍ਹਾਂ ਨੂੰ ਰੋਕਣ ਲਈ ਸਥਾਈ ਹੱਲ ਦੀ ਮੰਗ ਵੀ ਉਠਾਏਗਾ। ਇਹ ਸਾਰੇ ਮੁੱਦੇ ਮੀਟਿੰਗ ਨੂੰ ਹੰਗਾਮੇ ਵਾਲਾ ਬਣਾਉਣ ਦੀ ਸੰਭਾਵਨਾ ਰੱਖਦੇ ਹਨ।

ਜ਼ੋਨਲ ਕੌਂਸਲਾਂ ਦਾ ਮਕਸਦ ਕੇਂਦਰ ਅਤੇ ਰਾਜਾਂ ਵਿਚਾਲੇ ਜਾਂ ਰਾਜਾਂ ਦੇ ਆਪਸੀ ਵਿਵਾਦਾਂ ਨੂੰ ਹੱਲ ਕਰਨਾ ਹੁੰਦਾ ਹੈ। ਰਾਜ ਪੁਨਰਗਠਨ ਐਕਟ 1956 ਤਹਿਤ ਪੰਜ ਜ਼ੋਨਲ ਕੌਂਸਲਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਉੱਤਰੀ ਜ਼ੋਨਲ ਕੌਂਸਲ ਇੱਕ ਹੈ। ਕੇਂਦਰੀ ਗ੍ਰਹਿ ਮੰਤਰੀ ਇਸ ਦੇ ਮੁਖੀ ਹੁੰਦੇ ਹਨ ਜਦਕਿ ਮੈਂਬਰ ਰਾਜ ਦਾ ਮੁੱਖ ਮੰਤਰੀ ਉਪ ਚੇਅਰਪਰਸਨ ਹੁੰਦਾ ਹੈ ਜੋ ਹਰ ਸਾਲ ਬਦਲਦਾ ਹੈ। ਇਸ ਵਾਰ ਹਰਿਆਣਾ ਦੇ ਮੁੱਖ ਮੰਤਰੀ ਉਪ ਚੇਅਰਪਰਸਨ ਹਨ। ਹਰ ਰਾਜ ਦਾ ਰਾਜਪਾਲ ਦੋ ਮੰਤਰੀਆਂ ਨੂੰ ਕੌਂਸਲ ਦੇ ਮੈਂਬਰ ਵਜੋਂ ਨਾਮਜ਼ਦ ਕਰਦਾ ਹੈ। ਜ਼ੋਨਲ ਕੌਂਸਲਾਂ ਦੇ ਅਧੀਨ ਮੁੱਖ ਸਕੱਤਰਾਂ ਦੀ ਸਥਾਈ ਕਮੇਟੀ ਵੀ ਹੁੰਦੀ ਹੈ ਜੋ ਪਹਿਲਾਂ ਮੁੱਦਿਆਂ ‘ਤੇ ਵਿਚਾਰ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਮੁੱਖ ਮੀਟਿੰਗ ਵਿੱਚ ਪੇਸ਼ ਕੀਤਾ ਜਾਂਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.