
Nanded Accident News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਹੋਏ ਸੜਕ ਹਾਦਸੇ ਕਾਰਨ ਹੋਈਆਂ ਮੌਤਾਂ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਵਿੱਚੋਂ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ (ਮੁਆਵਜ਼ਾ) ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।
Saddened by the loss of lives due to a mishap in Nanded, Maharashtra. My thoughts are with the bereaved families in this hour of grief. Praying for the speedy recovery of the injured. An ex-gratia of Rs. 2 lakh from PMNRF would be given to the next of kin of each deceased. The… pic.twitter.com/ozCzgGwjRv
— IANS (@ians_india) September 11, 2026
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮਹਾਰਾਸ਼ਟਰ ਦੇ ਨਾਂਦੇੜ ਵਿੱਚ ਹੋਏ ਹਾਦਸੇ ਵਿੱਚ ਜਾਨਾਂ ਜਾਣ ਕਾਰਨ ਦੁਖੀ ਹਾਂ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਟਰੱਕ ਅਤੇ ਟਾਟਾ ਮੈਜਿਕ ਵੈਨ ਵਿਚਕਾਰ ਭਿਆਨਕ ਹਾਦਸਾ ਵਾਪਰਿਆ। ਇਸ ਘਟਨਾ ਵਿੱਚ ਘੱਟੋ-ਘੱਟ ਅੱਠ ਯਾਤਰੀਆਂ ਦੀ ਮੌਤ ਹੋ ਗਈ। ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਹਾਦਸਾ ਨਾਂਦੇੜ-ਭੋਕਰ ਹਾਈਵੇਅ ‘ਤੇ ਵਾਕਾਡ ਪਿੰਡ ਨੇੜੇ ਸੀਤਾਖੰਡੀ ਇਲਾਕੇ ਵਿੱਚ ਵਾਪਰਿਆ। ਵੈਨ ਨਾਂਦੇੜ ਤੋਂ ਭੋਕਰ ਵੱਲ ਜਾ ਰਹੀ ਸੀ ਜਦੋਂ ਇਹ ਟਰੱਕ ਨਾਲ ਟਕਰਾ ਗਈ। ਇਹ ਦੋਵਾਂ ਵਾਹਨਾਂ ਵਿਚਕਾਰ ਤੇਜ਼ ਰਫ਼ਤਾਰ ਨਾਲ ਆਹਮੋ-ਸਾਹਮਣੇ ਦੀ ਟੱਕਰ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸੜਕ ਤੋਂ ਦੂਰ ਜਾ ਡਿੱਗੀ। ਘਟਨਾ ਵਿੱਚ ਟਰੱਕ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ।
ਰਿਪੋਰਟਾਂ ਅਨੁਸਾਰ ਵੈਨ ਵਿੱਚ 12 ਲੋਕ ਸਵਾਰ ਸਨ। ਟੱਕਰ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਮਦਦ ਲਈ ਚੀਕ-ਚਿਹਾੜਾ ਪੈ ਗਿਆ। ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਪੁਲਿਸ ਨੇ ਜ਼ਖਮੀਆਂ ਨੂੰ ਬਚਾਇਆ ਅਤੇ ਹਸਪਤਾਲ ਭੇਜਿਆ। ਇਸ ਦੌਰਾਨ, ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
