Site icon Dainik Savera Punjab

ਇਥੋਪੀਆ ਵਿੱਚ ਫਸੇ 4 ਨੌਜਵਾਨਾਂ ਦੀ ਵਤਨ ਵਾਪਸੀ ਲਈ MP Satnam Singh Sandhu ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ

ਚੰਡੀਗੜ੍ਹ ਨਿਊਜ਼: ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਥੋਪੀਆ ਵਿੱਚ ਫਸੇ ਪੰਜਾਬ ਅਤੇ ਹਰਿਆਣਾ ਦੇ 4 ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਸੰਧੂ ਨੇ ਕਿਹਾ ਕਿ ਇਹ ਨੌਜਵਾਨ ਟੂਰਿਸਟ ਵੀਜ਼ੇ ‘ਤੇ ਇਥੋਪੀਆ ਗਏ ਸਨ, ਪਰ ਹਵਾਈ ਅੱਡੇ ਤੋਂ ਬਾਹਰ ਨਿਕਲਣ ਮਗਰੋਂ ਕਥਿਤ ਤੌਰ ‘ਤੇ ਅਗਵਾਕਾਰਾਂ ਦੇ ਚੁੰਗਲ ਵਿੱਚ ਫਸ ਗਏ। ਬਾਅਦ ਵਿੱਚ ਉਨ੍ਹਾਂ ਨੂੰ ਇਥੋਪੀਆ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ।

ਸੰਧੂ ਨੇ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਚਾਰਾਂ ਨੌਜਵਾਨਾਂ ਦੇ ਪਰਿਵਾਰ ਗੰਭੀਰ ਮਾਨਸਿਕ ਤਣਾਅ ਵਿੱਚ ਹਨ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਕਪੂਰਥਲਾ ਦੇ ਗੌਰਵ, ਗੁਰਦਾਸਪੁਰ ਦੇ ਮਨਜੀਤ ਸਿੰਘ, ਹਰਿਆਣਾ ਕੈਥਲ ਦੇ ਸੁਖਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੀ ਜਲਦ ਤੋਂ ਜਲਦ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ।



ਇਹ ਵੀ ਪੜ੍ਹੋ : ਪੰਜਾਬ ‘ਚ SIR ਨੂੰ ਲੈ ਕੇ ਵਿਵਾਦ ਤੇਜ਼, ਕੇਵਲ ਸਿੰਘ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਸੰਸਦ ਮੈਂਬਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਇੱਕ ਪੰਜਾਬੀ ਬੋਲਣ ਵਾਲੇ ਪਾਕਿਸਤਾਨੀ ਸਮੇਤ ਕੁਝ ਲੋਕਾਂ ਨੇ ਹੋਟਲ ਛੱਡਣ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ। ਉਨ੍ਹਾਂ ਨਾਲ ਕਥਿਤ ਤੌਰ ‘ਤੇ ਤਸ਼ੱਦਦ ਕੀਤਾ ਗਿਆ, ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ ਅਤੇ ਪੈਸੇ ਤੇ ਹੋਰ ਸਮਾਨ ਵੀ ਖੋਹ ਲਿਆ ਗਿਆ। ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀਆਂ ਤਸਵੀਰਾਂ ਅਤੇ ਵੀਡੀਓ ਬਹੁਤ ਹੀ ਚਿੰਤਾਜਨਕ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੇ ਸਰੀਰ ‘ਤੇ ਗੰਭੀਰ ਸੱਟਾਂ ਦਿਖਾਈ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮਾਮਲਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਇਥੋਪੀਆ ਸਥਿਤ ਭਾਰਤੀ ਦੂਤਾਵਾਸ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਅਤੇ ਉਹ ਖੁਦ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਅਜਿਹੇ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਚਾਰੇ ਨੌਜਵਾਨ ਜਲਦੀ ਸੁਰੱਖਿਅਤ ਭਾਰਤ ਪਰਤਣਗੇ।

ਸੰਧੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਪੂਰੀ ਜਾਂਚ-ਪੜਤਾਲ ਕਰਨ ਅਤੇ ਖਤਰਨਾਕ ਜਾਂ ਗੈਰ-ਕਾਨੂੰਨੀ ਰਸਤਿਆਂ ਤੋਂ ਬਚਣ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਗਾਰ ਅਤੇ ਬਿਹਤਰ ਮੌਕਿਆਂ ਦਾ ਵਿਸਥਾਰ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਤਾਂ ਜੋ ਨੌਜਵਾਨਾਂ ਨੂੰ ਮਜ਼ਬੂਰੀ ਵਿੱਚ ਵਿਦੇਸ਼ਾਂ ਦਾ ਰੁਖ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਨੋਇਡਾ ਦੀ ਰਿਹਾਇਸ਼ੀ ਇਮਾਰਤ ‘ਚ ਭਿਆਨਕ ਅੱਗ, 50 ਲੋਕਾਂ ਦਾ ਰੈਸਕਿਊ; 2 ਹਸਪਤਾਲ ਦਾਖ਼ਲ

Exit mobile version