
Lecturer Vacancy in Punjab : ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਲੈਕਚਰਾਰ ਭਰਤੀ ’ਤੇ ਸਵਾਲ ਉੱਠ ਰਹੇ ਹਨ। ਦੱਸ ਦੇਈਏ ਕਿ ਵੱਖ-ਵੱਖ ਵਿਸ਼ਿਆਂ ਲਈ ਕੱਢੀ ਲੈਕਚਰਾਰ ਭਰਤੀ ’ਚ ਐਸਸੀ ਭਾਈਚਾਰੇ ਨੂੰ ਅੱਖੋਂ ਪਰੋਖੇ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਇਲਜ਼ਾਮ ਇਹ ਹਨ ਕਿ ਲੈਕਚਰਾਰ ਭਰਤੀ ’ਚ ਐਸਸੀ ਕੋਟੇ ਲਈ ਕੋਈ ਵੈਕੇਂਸੀ ਨਹੀਂ ਰੱਖੀ ਗਈ ਹੈ। ਸੂਬਾ ਸਰਕਾਰ ਵੱਲੋਂ ਲੈਕਚਰਾਰ ਕਾਡਰ ’ਚ ਸਪੈਸ਼ਲ ਪੋਸਟਾਂ ਕੱਢੀਆਂ ਗਈਆਂ ਹਨ। ਜਦਕਿ ਵੱਖ-ਵੱਖ ਵਿਸ਼ਿਆਂ ’ਚ ਐਸਸੀ ਕੈਟਾਗਰੀ ਦੇ ਅੱਗੇ ਖਾਲੀ ਕਾਲਮ ਰੱਖਿਆ ਗਿਆ ਹੈ।
ਜਿਸ ’ਤੇ ਹੁਣ ਐਸਸੀ ਭਾਈਚਾਰੇ ’ਚ ਪੰਜਾਬ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਬਸਪਾ ਪ੍ਰਧਾਨ ਕਰਮੀਪੁਰੀ ਨੇ ਵੀ ਮਾਨ ਸਰਕਾਰ ’ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।
ਇਨ੍ਹਾਂ ਲੈਕਚਰਾਰ ਦੀਆਂ ਕੱਢੀਆਂ ਅਸਾਮੀਆਂ
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਸ਼ੇ ਜਿਨ੍ਹਾਂ ’ਚ ਫਿਜਿਕਸ ਲੈਕਚਰਾਰ, ਕੈਮਿਸਟ੍ਰੀ ਲੈਕਚਰਾਰ, ਬਾਇਓ ਲੈਕਚਰਾਰ, ਕਾਮਰਸ ਲੈਕਚਰਾਰ, ਇਕਨੋਮਿਕਸ ਲੈਕਚਰਾਰ, ਇੰਗਲਿਸ਼ ਲੈਕਚਰਾਰ, ਜਿਓਗਰਾਫੀ ਲੈਕਚਰਾਰ, ਹਿੰਦੀ ਲੈਕਚਰਾਰ, ਹਿਸਟਰੀ ਲੈਕਚਰਰ, ਮੈਥ ਲੈਕਚਰਾਰ, ਪੋਲੀਟੀਕਲ ਸਾਇੰਸ ਅਤੇ ਪੰਜਾਬੀ ਲੈਕਚਰਾਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ।
ਸਰਕਾਰ ਨੂੰ ਚਿਤਾਵਨੀ
ਇਨ੍ਹਾਂ ਤਮਾਮ ਵਿਸ਼ਿਆਂ ’ਚ ਐਸਸੀ ਕੈਟਾਗਰੀ ਦੇ ਅੱਗੇ ਖਾਲੀ ਕਾਲਮ ਰੱਖਿਆ ਗਿਆ ਹੈ। ਜਿਸ ਨੂੰ ਲੈ ਕੇ ਵਾਲਮੀਕੀ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ’ਤੇ ਗਗਨਦੀਪ ਢਿੱਲੋਂ, ਮੁੱਖ ਸਰਪ੍ਰਸਤ ਡਾਕਟਰ ਬੀਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਅਤੇ ਨੈਸ਼ਨਲ ਚੇਅਰਪਰਸਨ ਐਸਸੀ ਕਮਿਸ਼ਨ (ਹਿਊਮਨ ਰਾਇਟਸ ਅਤੇ ਜਸਟਿਸ ਵੈਲਫੇਅਰ ਐਸੋਸੀਏਸ਼ਨ) ਵਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਨੂੰ ਦਰੁੱਸਤ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।

मेष: दिन शुभ रहेगा...