Site icon Dainik Savera Punjab

ਖੰਨਾ ਫਾਇਰਿੰਗ ਮਾਮਲਾ: ਫੈਸ਼ਨ ਡਿਜ਼ਾਈਨਰ ਦੇ ਘਰ ਤੇ ਹਮਲੇ ਦੀ ਸਾਜ਼ਿਸ਼ ਭਰਾ ਨੇ ਹੀ ਰਚੀ, ਪੁਲਿਸ ਦਾ ਵੱਡਾ ਖੁਲਾਸਾ

Khanna Firing Case: Brother hatched the plot to attack fashion designer's house, big revelation from police

Khanna Firing Case: Brother hatched the plot to attack fashion designer's house, big revelation from police

ਖੰਨਾ ਦੇ ਨਾਮੀ ਫੈਸ਼ਨ ਡਿਜ਼ਾਈਨਰ ਅਤੇ ਕੱਪੜਾ ਵਪਾਰੀ ਆਸ਼ੂ ਵਿਜਨ ਦੇ ਘਰ 19 ਜਨਵਰੀ ਦੀ ਰਾਤ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਪੂਰੀ ਸਾਜ਼ਿਸ਼ ਦੇ ਪਿੱਛੇ ਕੋਈ ਬਾਹਰੀ ਦੁਸ਼ਮਣ ਨਹੀਂ, ਸਗੋਂ ਆਸ਼ੂ ਵਿਜਨ ਦਾ ਮੂੰਹਬੋਲਿਆ ਭਰਾ ਅਮਿਤ ਕੁਮਾਰ ਉਰਫ਼ ਲਾਡੀ ਹੀ ਮਾਸਟਰਮਾਈਂਡ ਸੀ।

ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਖੰਨਾ ਦੇ ਐੱਸਐੱਸਪੀ ਡਾ. ਦਰਪਣ ਅਹਲੂਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕੇਸ ਸਿਰਫ਼ ਫਾਇਰਿੰਗ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਦੇ ਪਿੱਛੇ ਫਿਰੌਤੀ, ਸਾਜ਼ਿਸ਼ ਅਤੇ ਗੈਂਗਸਟਰ ਨੈੱਟਵਰਕ ਨਾਲ ਜੁੜੀ ਪੂਰੀ ਕੜੀ ਮੌਜੂਦ ਹੈ।

5 ਕਰੋੜ ਦੀ ਫਿਰੌਤੀ ਲਈ ਦਿੱਤੀ ਗਈ ਸੀ ਧਮਕੀ

ਐੱਸਐੱਸਪੀ ਮੁਤਾਬਕ, 25 ਦਸੰਬਰ 2025 ਨੂੰ ਆਸ਼ੂ ਵਿਜਨ ਨੂੰ ਵਟਸਐਪ ਰਾਹੀਂ ਇੱਕ ਧਮਕੀ ਭਰੀ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਦੇ ਹੋਏ 5 ਕਰੋੜ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ। ਕਾਲ ਦੌਰਾਨ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਤੁਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

READ ALSO : ਕੇਂਦਰੀ ਬਜਟ ਤੋਂ ਪਹਿਲਾਂ ਰੁਪਏ ਦੀ ਇਤਿਹਾਸਕ ਗਿਰਾਵਟ, ਡਾਲਰ ਮੁਕਾਬਲੇ 92 ਦੇ ਪੱਧਰ ਤੱਕ ਡਿੱਗਿਆ

ਜਾਂਚ ਦੌਰਾਨ ਪੁਲਿਸ ਨੂੰ ਸ਼ੱਕ ਸੀ ਕਿ ਇਹ ਮਾਮਲਾ ਕਿਸੇ ਵੱਡੇ ਗੈਂਗਸਟਰ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ। ਫਿਰੌਤੀ ਦੀ ਰਕਮ ਨਾ ਮਿਲਣ ‘ਤੇ ਦਹਿਸ਼ਤ ਫੈਲਾਉਣ ਲਈ 19 ਜਨਵਰੀ ਦੀ ਰਾਤ ਆਸ਼ੂ ਵਿਜਨ ਦੇ ਘਰ ‘ਤੇ ਫਾਇਰਿੰਗ ਕਰਵਾਈ ਗਈ ਅਤੇ ਉਸਦੀ ਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ।

ਮੂੰਹ ਬੋਲਿਆ ਭਰਾ ਨਿਕਲਿਆ ਮਾਸਟਰਮਾਈਂਡ

ਜਿਵੇਂ-ਜਿਵੇਂ ਜਾਂਚ ਅੱਗੇ ਵਧੀ, ਪੁਲਿਸ ਸਾਹਮਣੇ ਸਭ ਤੋਂ ਚੌਕਾਉਣ ਵਾਲੀ ਗੱਲ ਆਈ ਕਿ ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਆਸ਼ੂ ਵਿਜਨ ਦਾ ਮੂੰਹਬੋਲਿਆ ਭਰਾ ਅਮਿਤ ਕੁਮਾਰ ਉਰਫ਼ ਲਾਡੀ ਸੀ। ਅਮਿਤ ਖੰਨਾ ਦੀ ਸਬਜ਼ੀ ਮੰਡੀ ਦਾ ਇੱਕ ਨਾਮਵਰ ਆੜਤੀ ਹੈ ਅਤੇ ਉਸਦੇ ਕਈ ਸਿਆਸੀ ਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ।

ਪੁਲਿਸ ਮੁਤਾਬਕ, ਅਮਿਤ ਨੂੰ ਆਸ਼ੂ ਵਿਜਨ ਦੀ ਆਰਥਿਕ ਹਾਲਤ, ਜਾਇਦਾਦ ਅਤੇ ਲੈਣ-ਦੇਣ ਬਾਰੇ ਪੂਰੀ ਜਾਣਕਾਰੀ ਸੀ। ਉਸਨੂੰ ਪੂਰਾ ਯਕੀਨ ਸੀ ਕਿ ਜਾਨ ਦੇ ਖਤਰੇ ਕਾਰਨ ਆਸ਼ੂ ਵਿਜਨ ਫਿਰੌਤੀ ਦੇਣ ਲਈ ਮਜਬੂਰ ਹੋ ਸਕਦਾ ਹੈ। ਯੋਜਨਾ ਇਹ ਸੀ ਕਿ ਮਿਲਣ ਵਾਲੀ ਰਕਮ ਦਾ ਵੱਡਾ ਹਿੱਸਾ ਅਮਿਤ ਖੁਦ ਰੱਖੇਗਾ।

ਗੈਂਗਸਟਰ ਦੇ ਨਾਮ ‘ਤੇ ਧਮਕੀਆਂ ਦਿਵਾਈਆਂ

ਇਸ ਸਾਜ਼ਿਸ਼ ਨੂੰ ਅਮਲ ਵਿੱਚ ਲਿਆਉਣ ਲਈ ਅਮਿਤ ਲਾਡੀ ਨੇ ਆਪਣੇ ਸਾਥੀ ਇਸ਼ਵਰ ਸਿੰਘ ਰੰਧਾਵਾ (ਪ੍ਰਾਪਰਟੀ ਡੀਲਰ) ਨੂੰ ਨਾਲ ਮਿਲਾਇਆ। ਦੋਵਾਂ ਨੇ ਮਿਲ ਕੇ ਮੋਹਾਲੀ ਦੇ ਜਿੰਮ ਚਲਾਉਣ ਵਾਲੇ ਵਿਕੀ ਵਾਟਸ ਨਾਲ ਸੰਪਰਕ ਕੀਤਾ, ਜਿਸਦੇ ਖ਼ਿਲਾਫ਼ ਪਹਿਲਾਂ ਤੋਂ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਵਿਕੀ ਨੇ ਆਪਣੇ ਸੰਪਰਕਾਂ ਰਾਹੀਂ ਗੋਲਡੀ ਬਰਾੜ ਦੇ ਨਾਮ ‘ਤੇ ਧਮਕੀ ਭਰੀ ਕਾਲ ਕਰਵਾਈ, ਤਾਂ ਜੋ ਮਾਮਲੇ ਨੂੰ ਅਸਲੀ ਗੈਂਗਸਟਰ ਐਂਗਲ ਦਿੱਤਾ ਜਾ ਸਕੇ।

ਇਸ ਤੋਂ ਬਾਅਦ ਪਰਮਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਗਿਆ। ਜਦੋਂ ਫਿਰੌਤੀ ਨਹੀਂ ਮਿਲੀ, ਤਾਂ ਸ਼ੂਟਰ ਕਿਰਾਏ ‘ਤੇ ਲਏ ਗਏ। ਪੁਲਿਸ ਅਨੁਸਾਰ, ਸ਼ੂਟਰਾਂ ਨੂੰ ਹਥਿਆਰ, ਮੋਟਰਸਾਈਕਲ ਅਤੇ ਲਾਜਿਸਟਿਕ ਸਹਾਇਤਾ ਦਿੱਤੀ ਗਈ।

ਕਈ ਆਰੋਪੀ ਗ੍ਰਿਫ਼ਤਾਰ, ਸ਼ੂਟਰਾਂ ਦੀ ਤਲਾਸ਼ ਜਾਰੀ

ਐੱਸਐੱਸਪੀ ਡਾ. ਦਰਪਣ ਅਹਲੂਵਾਲੀਆ ਨੇ ਦੱਸਿਆ ਕਿ ਕੇਸ ਦੀ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ। ਪੁਲਿਸ ਨੇ ਮੁੱਖ ਆਰੋਪੀ ਅਮਿਤ ਕੁਮਾਰ ਉਰਫ਼ ਲਾਡੀ, ਇਸ਼ਵਰ ਸਿੰਘ ਰੰਧਾਵਾ, ਵਿਕੀ ਵਾਟਸ, ਪਰਮਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਦੀ ਤਲਾਸ਼ ਹਾਲੇ ਜਾਰੀ ਹੈ। ਨਾਲ ਹੀ ਗੈਂਗਸਟਰ ਗੋਲਡੀ ਬਰਾੜ ਦੀ ਭੂਮਿਕਾ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਕੋਚ ਗੌਤਮ ਗੰਭੀਰ ਦੇ ਟੀਮ ਇੰਡੀਆ ਦੀ ਕਪਤਾਨੀ ਤੋਂ ਹਟਾਉਣ ਤੇ BCCI ਨੇ ਤੌੜੀ ਚੁੱਪ

Exit mobile version