
Japan Floods :ਪੂਰਬੀ ਜਪਾਨ ਵਿੱਚ ਵੀਰਵਾਰ ਤੋਂ ਸ਼ੁੱਕਰਵਾਰ ਸਵੇਰ ਤੱਕ ਪਈ ਭਾਰੀ ਬਾਰਿਸ਼ ਨੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ। ਇਸ ਕੁਦਰਤੀ ਆਫ਼ਤ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਲਗਾਤਾਰ ਖਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਜਪਾਨ ਦੀ ਮੌਸਮ ਏਜੰਸੀ ਨੇ ਟੋਕਿਓ ਨੇੜੇ ਚਿਬਾ ਸੂਬੇ ਦੀਆਂ ਇੱਕ-ਤਿਹਾਈ ਤੋਂ ਵੱਧ ਨਗਰ ਪਾਲਿਕਾਵਾਂ ਲਈ ਭਾਰੀ ਮੀਂਹ ਦੀ ਸਭ ਤੋਂ ਉੱਚੀ ‘ਲੈਵਲ 5’ ਚੇਤਾਵਨੀ ਜਾਰੀ ਕੀਤੀ।
ਪ੍ਰਸ਼ਾਸਨ ਮੁਤਾਬਕ ਇਚਿਕਾਵਾ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਸਾਕੁਰਾ ਵਿੱਚ ਪਾਣੀ ਨਾਲ ਭਰੀ ਸੜਕ ‘ਤੇ ਕਾਰ ਵਿੱਚ ਫਸੀ 66 ਸਾਲਾ ਮਹਿਲਾ ਦੀ ਵੀ ਜਾਨ ਚਲੀ ਗਈ। ਪੁਲਿਸ ਨੇ ਦੱਸਿਆ ਕਿ ਚਿਬਾ ਸੂਬੇ ਵਿੱਚ ਇੱਕ ਵਿਅਕਤੀ ਪਾਣੀ ਨਾਲ ਭਰੀ ਸੜਕ ‘ਤੇ ਬੇਹੋਸ਼ ਹਾਲਤ ਵਿੱਚ ਮਿਲਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਸਾਕੁਰਾ ਵਿੱਚ ਡਿੱਗੇ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ, ਜਦਕਿ ਬਾਅਦ ਵਿੱਚ ਪੁਲਿਸ ਨੇ ਦੋ ਹੋਰ ਮੌਤਾਂ ਦੀ ਪੁਸ਼ਟੀ ਕੀਤੀ।
ਭਾਰੀ ਮੀਂਹ ਦਾ ਅਸਰ ਚਿਬਾ ਅਤੇ ਟੋਕਿਓ ਦੇ ਕਈ ਹਿੱਸਿਆਂ ਵਿੱਚ ਆਵਾਜਾਈ ‘ਤੇ ਵੀ ਪਿਆ। ਪਾਣੀ ਭਰਨ ਕਾਰਨ ਸੜਕਾਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਕਈ ਯਾਤਰੀ ਰਸਤੇ ਵਿੱਚ ਫਸ ਗਏ। ਫਸੇ ਹੋਏ ਲੋਕਾਂ ਦੀ ਮਦਦ ਲਈ ਇੱਕ ਸਰਕਾਰੀ ਇਮਾਰਤ ਖੋਲ੍ਹੀ ਗਈ, ਜਿੱਥੇ ਲਗਭਗ 1,800 ਲੋਕਾਂ ਨੇ ਸ਼ਰਨ ਲਈ।
ਚਿਬਾ, ਇਚਿਕਾਵਾ ਅਤੇ ਹੋਰ ਨਗਰ ਪਾਲਿਕਾਵਾਂ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ। ਹੜ੍ਹ ਕਾਰਨ ਕਈ ਸੜਕਾਂ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਹਾਲਾਂਕਿ, ਸ਼ੁੱਕਰਵਾਰ ਸਵੇਰੇ ਸਥਿਤੀ ਵਿੱਚ ਕੁਝ ਸੁਧਾਰ ਆਉਣ ਤੋਂ ਬਾਅਦ ਸਾਰੀਆਂ ਚੇਤਾਵਨੀਆਂ ਦਾ ਪੱਧਰ ਘਟਾ ਦਿੱਤਾ ਗਿਆ।
ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ ਅਨੁਸਾਰ, ਚਿਬਾ ਅਤੇ ਇਬਾਰਾਕੀ ਖੇਤਰਾਂ ਵਿੱਚ 4 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਚਿਬਾ ਖੇਤਰ ਵਿੱਚ ਲਗਭਗ 1,02,600 ਲੋਕਾਂ ਲਈ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਹੁਕਮ ਲਾਗੂ ਸਨ।
ਇਸ ਤੋਂ ਇਲਾਵਾ ਚਿਬਾ, ਇਬਾਰਾਕੀ, ਸਾਇਤਾਮਾ ਅਤੇ ਗੁਨਮਾ ਖੇਤਰਾਂ ਵਿੱਚ 200 ਤੋਂ ਵੱਧ ਰਾਹਤ ਕੇਂਦਰ ਸਥਾਪਤ ਕੀਤੇ ਗਏ। ਭਾਰੀ ਮੀਂਹ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਅਤੇ ਇੱਕ ਸਮੇਂ ਚਿਬਾ ਖੇਤਰ ਦੇ ਲਗਭਗ 45,000 ਘਰਾਂ ਦੀ ਬਿਜਲੀ ਬੰਦ ਹੋ ਗਈ ਸੀ। ਅਧਿਕਾਰੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਨੂੰ ਮੌਸਮ ਸਬੰਧੀ ਚੇਤਾਵਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।