Site icon Dainik Savera Punjab

ਜਲੰਧਰ ‘ਚ ਅੱਜ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, CM ਮਾਨ ਕਰਨਗੇ ਨਵੇਂ ਸਟੇਡੀਅਮ ਦਾ ਉਦਘਾਟਨ

Jalandhar Hockey Tournament : ਪੰਜਾਬ ਦੇ ਖੇਡ ਇਤਿਹਾਸ ‘ਚ ਅੱਜ ਦਾ ਦਿਨ ਖ਼ਾਸ ਹੋਣ ਜਾ ਰਿਹਾ ਹੈ। ਜਲੰਧਰ ਦੇ ਬਲਟਰਨ ਪਾਰਕ ਸਥਿਤ ਨਵੇਂ ਬਣੇ ਸੁਰਜੀਤ ਹਾਕੀ ਸਟੇਡੀਅਮ ‘ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦਾ ਆਗਾਜ਼ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਨਵੇਂ ਸਟੇਡੀਅਮ ਦਾ ਉਦਘਾਟਨ ਕਰਨਗੇ। ਇਸ ਟੂਰਨਾਮੈਂਟ ‘ਚ ਭਾਰਤ ਸਮੇਤ ਏਸ਼ੀਆ ਦੀਆਂ ਛੇ ਟੀਮਾਂ ਖ਼ਿਤਾਬ ਲਈ ਆਪਣੀ ਤਾਕਤ ਦਿਖਾਉਣਗੀਆਂ।

ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਦੱਸਿਆ ਜਾ ਰਿਹਾ ਹੈ, ਜਦੋਂ ਜਲੰਧਰ ‘ਚ ਇੰਨੇ ਵੱਡੇ ਪੱਧਰ ਤੇ ਪੁਰਸ਼ਾਂ ਦੀ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਕਾਰਨ ਸ਼ਹਿਰ ਦੇ ਹਾਕੀ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਛੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ
ਇਸ ਟੂਰਨਾਮੈਂਟ ‘ਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸਾਰੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ‘ਚ ਖੇਡੇ ਜਾਣਗੇ।

ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ 27 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਕਰੇਗੀ। ਇਸ ਤੋਂ ਬਾਅਦ ਭਾਰਤ ਦਾ ਸਾਹਮਣਾ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਾਪਾਨ, 1 ਨਵੰਬਰ ਨੂੰ ਮਲੇਸ਼ੀਆ ਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਹੋਵੇਗਾ।

ਮੋਹਾਲੀ ‘ਚ ਹੋਣਗੇ ਸੈਮੀਫਾਈਨਲ ਤੇ ਫਾਈਨਲ
ਲੀਗ ਪੜਾਅ ਦੇ ਮੁਕਾਬਲੇ ਖ਼ਤਮ ਹੋਣ ਤੋਂ ਬਾਅਦ ਅੰਕ ਸੂਚੀ ਦੀਆਂ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ‘ਚ ਜਗ੍ਹਾ ਬਣਾਉਣਗੀਆਂ। 4 ਨਵੰਬਰ ਨੂੰ ਮੋਹਾਲੀ ‘ਚ ਸੈਮੀਫਾਈਨਲ ਤੇ ਕਲਾਸੀਫਿਕੇਸ਼ਨ ਮੁਕਾਬਲੇ ਕਰਵਾਏ ਜਾਣਗੇ, ਜਦਕਿ 5 ਨਵੰਬਰ ਨੂੰ ਕਾਂਸੀ ਤੇ ਸੋਨ ਤਮਗੇ ਲਈ ਫਾਈਨਲ ਮੁਕਾਬਲੇ ਖੇਡੇ ਜਾਣਗੇ।

Exit mobile version