Last Updated: November 29, 2026

Dainik Savera Times Logo

Theft Case: ਰਾਜਾ ਵੜਿੰਗ ਦੇ ਗੰਨਮੈਨ ਦੇ ਘਰ ਚੋਰੀ ਦੀ ਵੱਡੀ ਵਾਰਦਾਤ, CCTV ਦੀਆਂ ਤਾਰਾਂ ਕੱਟ ਕੇ ਲੱਖਾਂ ਦੇ ਗਹਿਣੇ ਤੇ ਕੀਮਤੀ ਸਾਮਾਨ ਲੈ ਗਏ ਚੋਰ

28 November 2026 ਅੱਪਡੇਟ ਕੀਤਾ ਗਿਆ

Theft Case: ਰਾਜਾ ਵੜਿੰਗ ਦੇ ਗੰਨਮੈਨ ਦੇ ਘਰ ਚੋਰੀ ਦੀ ਵੱਡੀ ਵਾਰਦਾਤ, CCTV ਦੀਆਂ ਤਾਰਾਂ ਕੱਟ ਕੇ ਲੱਖਾਂ ਦੇ ਗਹਿਣੇ ਤੇ ਕੀਮਤੀ ਸਾਮਾਨ ਲੈ ਗਏ ਚੋਰ

Theft Case: ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਇਲਾਕੇ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਪਿੰਡ ਗਗੜਾ ਦੇ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੀੜਤ ਪੁਲਿਸ ਮੁਲਾਜ਼ਮ ਸਾਬਕਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਗਨਮੈਨ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਘਰ ਵਿੱਚ ਉਨ੍ਹਾਂ ਦਾ ਇਕਲੌਤਾ ਪੁੱਤਰ ਵਰਿੰਦਰ ਸਿੰਘ ਰਹਿੰਦਾ ਹੈ, ਜੋ ਪੁਲਿਸ ਵਿਭਾਗ ਵਿੱਚ ਤਾਇਨਾਤ ਹੈ। ਘਟਨਾ ਵਾਲੇ ਦਿਨ ਪਰਿਵਾਰਕ ਮੈਂਬਰ ਕੀਰਤਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਹੋਏ ਸਨ। ਇਸ ਦੌਰਾਨ ਘਰ ਸੁੰਨਸਾਨ ਹੋਣ ਦਾ ਫਾਇਦਾ ਚੁੱਕ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਚੋਰਾਂ ਨੇ ਸਭ ਤੋਂ ਪਹਿਲਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ, ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ਕੈਮਰਿਆਂ ਵਿੱਚ ਕੈਦ ਨਾ ਹੋ ਸਕਣ। ਇਸ ਤੋਂ ਬਾਅਦ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਸੋਨੇ ਦੇ ਗਹਿਣਿਆਂ ਸਮੇਤ ਹੋਰ ਕੀਮਤੀ ਸਾਮਾਨ ਇਕੱਠਾ ਕਰਕੇ ਫਰਾਰ ਹੋ ਗਏ। ਪਰਿਵਾਰ ਅਨੁਸਾਰ ਚੋਰੀ ਹੋਏ ਸੋਨੇ ਦੇ ਗਹਿਣਿਆਂ ਦੀ ਕੀਮਤ ਕਰੀਬ 1.5 ਲੱਖ ਰੁਪਏ ਹੈ।

ਚੋਰ ਘਰ ਵਿੱਚੋਂ ਤਿੰਨ ਐਲਈਡੀ ਟੀਵੀ, ਤਿੰਨ ਗੈਸ ਸਿਲੰਡਰ, ਇੱਕ ਗੈਸ ਚੁੱਲ੍ਹਾ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਪਰਿਵਾਰ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਚੋਰਾਂ ਨੇ ਘਰ ਦੀ ਰਸੋਈ ਵਿੱਚ ਬੈਠ ਕੇ ਕੋਲਡ ਡਰਿੰਕ ਵੀ ਪੀਤੀ। ਇਸ ਤਰ੍ਹਾਂ ਘਰ ਵਿੱਚ ਕਾਫ਼ੀ ਸਮਾਂ ਬਿਤਾਉਣ ਤੋਂ ਬਾਅਦ ਉਹ ਚੋਰੀ ਕੀਤਾ ਸਾਮਾਨ ਲੈ ਕੇ ਮੌਕੇ ਤੋਂ ਨਿਕਲ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣੇ ਦੀ ਪੁਲਿਸ ਨੇ ਮਾਮਲੇ ਸਬੰਧੀ ਸ਼ਿਕਾਇਤ ਪ੍ਰਾਪਤ ਕਰ ਲਈ ਹੈ। ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਚੋਰਾਂ ਦੀ ਪਛਾਣ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.