Last Updated: November 6, 2026

Dainik Savera Times Logo

Fuel Export Duty: ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ‘ਤੇ ਐਕਸਪੋਰਟ ਡਿਊਟੀ ਖ਼ਤਮ, ਡੀਜ਼ਲ ਅਤੇ ATF ‘ਤੇ ਵਧਾਈ ਗਈ ਡਿਊਟੀ

31 October 2026 ਅੱਪਡੇਟ ਕੀਤਾ ਗਿਆ

Fuel Export Duty: ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ‘ਤੇ ਐਕਸਪੋਰਟ ਡਿਊਟੀ ਖ਼ਤਮ, ਡੀਜ਼ਲ ਅਤੇ ATF ‘ਤੇ ਵਧਾਈ ਗਈ ਡਿਊਟੀ

Fuel Export Duty: ਕੇਂਦਰ ਸਰਕਾਰ ਨੇ ਪੈਟਰੋਲ ਦੇ ਨਿਰਯਾਤ ‘ਤੇ ਲੱਗਣ ਵਾਲੀ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡੀਜ਼ਲ ਅਤੇ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ATF) ਦੇ ਨਿਰਯਾਤ ‘ਤੇ ਲੱਗਣ ਵਾਲੇ ਵਿਸ਼ੇਸ਼ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ। ਵਿੱਤ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ, ਡੀਜ਼ਲ ‘ਤੇ ਡਿਊਟੀ 3 ਰੁਪਏ ਅਤੇ ATF ‘ਤੇ 50 ਪੈਸੇ ਪ੍ਰਤੀ ਲੀਟਰ ਵਧਾਈ ਗਈ ਹੈ।

ਸਰਕਾਰ ਵੱਲੋਂ ਜਾਰੀ ਨਵੀਆਂ ਦਰਾਂ ਅਨੁਸਾਰ, ਪੈਟਰੋਲ ਦੇ ਨਿਰਯਾਤ ‘ਤੇ ਡਿਊਟੀ ਹੁਣ 2.50 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ ਜ਼ੀਰੋ ਹੋ ਗਈ ਹੈ। ਦੂਜੇ ਪਾਸੇ, ਡੀਜ਼ਲ ‘ਤੇ ਨਿਰਯਾਤ ਡਿਊਟੀ ਪਹਿਲਾਂ ਦੇ 8.50 ਰੁਪਏ ਤੋਂ ਵਧਾ ਕੇ 11.50 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ATF ‘ਤੇ ਟੈਕਸ 10.50 ਰੁਪਏ ਤੋਂ ਵਧਾ ਕੇ 11 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।

ਇਹ ਨਿਰਯਾਤ ਡਿਊਟੀਆਂ ਮੱਧ ਪੂਰਬ ਵਿੱਚ ਜਾਰੀ ਸੰਘਰਸ਼ ਕਾਰਨ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ਪ੍ਰਭਾਵਿਤ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਮਾਰਚ ਦੇ ਅਖੀਰ ਵਿੱਚ ਲਾਗੂ ਕੀਤੀਆਂ ਗਈਆਂ ਸਨ। ਸਰਕਾਰ ਵੱਲੋਂ ਇਨ੍ਹਾਂ ਦਰਾਂ ਦੀ ਹਰ 15 ਦਿਨਾਂ ਬਾਅਦ ਸਮੀਖਿਆ ਕੀਤੀ ਜਾਂਦੀ ਹੈ, ਤਾਂ ਜੋ ਬਦਲਦੇ ਕੌਮਾਂਤਰੀ ਹਾਲਾਤ ਮੁਤਾਬਕ ਫੈਸਲਾ ਲਿਆ ਜਾ ਸਕੇ।

ਇਸ ਕਦਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਰਿਫਾਇਨਰੀ ਕੰਪਨੀਆਂ ਘਰੇਲੂ ਬਾਜ਼ਾਰ ਦੀ ਬਜਾਏ ਵਿਦੇਸ਼ੀ ਗਾਹਕਾਂ ਨੂੰ ਤੇਲ ਵੇਚਣ ਨੂੰ ਪਹਿਲ ਨਾ ਦੇਣ। ਜਦੋਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਕਾਰਨ ਨਿਰਯਾਤ ਤੋਂ ਵਧੇਰੇ ਮੁਨਾਫ਼ਾ ਮਿਲਣ ਦੀ ਸੰਭਾਵਨਾ ਹੁੰਦੀ ਹੈ, ਤਾਂ ਅਜਿਹੀ ਡਿਊਟੀ ਰਾਹੀਂ ਘਰੇਲੂ ਸਪਲਾਈ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਅਮਰੀਕਾ ਅਤੇ ਈਰਾਨ ਵਿਚਾਲੇ ਵਧ ਰਹੇ ਤਣਾਅ ਅਤੇ ਹੋਰਮੁਜ਼ ਜਲਡਮਰੂਮੱਧ ਬੰਦ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਬ੍ਰੈਂਟ ਕ੍ਰੂਡ ਦੀ ਕੀਮਤ ਵਧ ਕੇ 113.10 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਇਸ ਵਿੱਚ 1.55 ਫ਼ੀਸਦੀ, ਇੱਕ ਮਹੀਨੇ ਵਿੱਚ 15.71 ਫ਼ੀਸਦੀ ਅਤੇ ਤਿੰਨ ਮਹੀਨਿਆਂ ਵਿੱਚ ਲਗਭਗ 26 ਫ਼ੀਸਦੀ ਦਾ ਵਾਧਾ ਹੋਇਆ ਹੈ।

ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਕੁੱਲ ਕੱਚੇ ਤੇਲ ਦੀ ਦਰਾਮਦ ਦਾ ਲਗਭਗ 45 ਫ਼ੀਸਦੀ ਹਿੱਸਾ ਹੋਰਮੁਜ਼ ਜਲਡਮਰੂਮੱਧ ਰਾਹੀਂ ਆਉਂਦਾ ਸੀ। ਇਹ ਸਮੁੰਦਰੀ ਰਸਤਾ ਫਾਰਸ ਦੀ ਖਾੜੀ ਨੂੰ ਵਿਸ਼ਵ ਬਾਜ਼ਾਰ ਨਾਲ ਜੋੜਦਾ ਹੈ। ਇਸ ਮਾਰਗ ‘ਤੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਭਾਰਤ ਨੂੰ ਕੱਚਾ ਤੇਲ ਮੰਗਵਾਉਣ ਲਈ ਹੋਰ ਬਦਲਵੇਂ ਰਸਤੇ ਅਤੇ ਸਪਲਾਇਰ ਲੱਭਣੇ ਪੈ ਰਹੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.