Site icon Dainik Savera Punjab

India-Nepal Relations: PM ਮੋਦੀ ਨੇ ਭਾਰਤ-ਨੇਪਾਲ ਦੇ ਰਿਸ਼ਤਿਆਂ ਨੂੰ ਦੱਸਿਆ ਅਟੁੱਟ, 24 ਹਜ਼ਾਰ ਕਰੋੜ ਨੇਪਾਲੀ ਰੁਪਏ ਦੀ ਮਦਦ ਦਾ ਐਲਾਨ

India Nepal Relations: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਂਢੀ ਦੇਸ਼ ਨੇਪਾਲ ਦੇ ਆਰਥਿਕ ਵਿਕਾਸ ਅਤੇ ਮੁੜ ਨਿਰਮਾਣ ਵਿੱਚ ਸਹਿਯੋਗ ਦੇਣ ਦੀ ਭਾਰਤ ਦੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਨੇ ਨੇਪਾਲ ਲਈ 24 ਹਜ਼ਾਰ ਕਰੋੜ ਨੇਪਾਲੀ ਰੁਪਏ ਦੇ ਵਿਕਾਸ ਸਹਿਯੋਗ ਪੈਕੇਜ ਦਾ ਐਲਾਨ ਕੀਤਾ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਦੁਵੱਲੀ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਨੇ ਕਿਹਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦਾ ਪਹਿਲਾ ਦੁਵੱਲਾ ਵਿਦੇਸ਼ੀ ਦੌਰਾ ਭਾਰਤ ਦਾ ਹੋਣਾ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਦੋਸਤੀ ਅਤੇ ਭਰੋਸੇ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਬਾਲੇਂਦਰ ਸ਼ਾਹ ਦੀ ਸੋਚ ਅਤੇ ਦੂਰਦਰਸ਼ਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਵਜੋਂ ਸੰਯੁਕਤ ਰਾਸ਼ਟਰ ਵਿੱਚ ਆਪਣਾ ਸੰਬੋਧਨ ਦਿੱਤਾ ਸੀ, ਤਾਂ ਉਨ੍ਹਾਂ ਦੀ ਦੂਰਅੰਦੇਸ਼ੀ ਸਾਫ਼ ਨਜ਼ਰ ਆਈ ਸੀ। ਮੋਦੀ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਹੋਈ ਗੱਲਬਾਤ ਵਿੱਚ ਵੀ ਉਨ੍ਹਾਂ ਨੂੰ ਨੇਪਾਲ ਦੇ ਭਵਿੱਖ ਅਤੇ ਭਾਰਤ-ਨੇਪਾਲ ਸਬੰਧਾਂ ਨੂੰ ਲੈ ਕੇ ਸ਼ਾਹ ਦਾ ਸਪੱਸ਼ਟ ਨਜ਼ਰੀਆ ਅਤੇ ਵਚਨਬੱਧਤਾ ਮਹਿਸੂਸ ਹੋਈ ਹੈ।

ਮੋਦੀ ਨੇ ਕਿਹਾ ਕਿ ਇਸ ਸਾਲ ਨੇਪਾਲ ਦੀ ਜਨਤਾ ਵੱਲੋਂ ਦਿੱਤਾ ਗਿਆ ਇਤਿਹਾਸਕ ਫ਼ਤਵਾ ਉੱਥੋਂ ਦੀ ਨਵੀਂ ਪੀੜ੍ਹੀ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਅਨੁਸਾਰ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਸਿਰਫ਼ ਗੁਆਂਢੀ ਦੇਸ਼ਾਂ ਵਾਲੇ ਨਹੀਂ ਹਨ, ਸਗੋਂ ਇਹ ਆਪਸੀ ਸਾਂਝ ਅਤੇ ਅਟੁੱਟ ਵਿਸ਼ਵਾਸ ’ਤੇ ਆਧਾਰਿਤ ਹਨ। ਦੋਵਾਂ ਦੇਸ਼ਾਂ ਦੀਆਂ ਖੁਸ਼ੀਆਂ ਅਤੇ ਚੁਣੌਤੀਆਂ ਸਾਂਝੀਆਂ ਹਨ ਅਤੇ ਦੋਵੇਂ ਇੱਕ-ਦੂਜੇ ਦੀ ਤਰੱਕੀ ਵਿੱਚ ਭਾਈਵਾਲ ਹੋਣ ਦੇ ਨਾਲ ਮੁਸ਼ਕਲ ਸਮੇਂ ਵਿੱਚ ਸਹਾਰਾ ਵੀ ਬਣਦੇ ਹਨ।

ਪ੍ਰਧਾਨ ਮੰਤਰੀ ਨੇ ਅਗਸਤ ਮਹੀਨੇ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇਸ ਔਖੇ ਸਮੇਂ ਵਿੱਚ ਨੇਪਾਲ ਦੇ ਲੋਕਾਂ ਨਾਲ ਖੜ੍ਹਾ ਹੈ। ਇਸੇ ਸੰਦਰਭ ਵਿੱਚ ਉਨ੍ਹਾਂ ਨੇ ਨੇਪਾਲ ਦੇ ਮੁੜ ਨਿਰਮਾਣ ਅਤੇ ਲੰਬੇ ਸਮੇਂ ਦੇ ਵਿਕਾਸ ਨੂੰ ਨਵੀਂ ਮਜ਼ਬੂਤੀ ਦੇਣ ਲਈ 24 ਹਜ਼ਾਰ ਕਰੋੜ ਨੇਪਾਲੀ ਰੁਪਏ ਦੇ ਵਿਕਾਸ ਸਹਿਯੋਗ ਪੈਕੇਜ ਦਾ ਐਲਾਨ ਕੀਤਾ।

ਇਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਵਿਚਾਲੇ ਅਹਿਮ ਦੁਵੱਲੀ ਬੈਠਕ ਹੋਈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਵਿੱਚ ਕਈ ਅਹਿਮ ਮਾਮਲਿਆਂ ’ਤੇ ਸਹਿਮਤੀ ਵੀ ਬਣੀ।

ਸਾਂਝੀ ਮੀਡੀਆ ਬ੍ਰੀਫਿੰਗ ਤੋਂ ਪਹਿਲਾਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਅਯੁੱਧਿਆ ਅਤੇ ਨੇਪਾਲ ਦੇ ਜਨਕਪੁਰ ਨੂੰ ਜੋੜਨ ਵਾਲੀ ‘ਸਰਯੂ-ਕਮਲਾ’ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਪਹਿਲਕਦਮੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਅਤੇ ਆਵਾਜਾਈ ਦੇ ਸਾਧਨਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Exit mobile version