Shubman Gill: ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਟੈਸਟ ਮੈਚ ਡਰਾਅ ਰਹਿਣ ਤੋਂ ਬਾਅਦ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਬੇਸਿਨ ਰਿਜ਼ਰਵ ਦੀ ਪਿੱਚ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜ ਦਿਨਾਂ ਦੇ ਖੇਡ ਦੌਰਾਨ ਪਿੱਚ ਲਗਾਤਾਰ ਹੋਰ ਸਮਤਲ ਅਤੇ ਹੌਲੀ ਹੁੰਦੀ ਗਈ, ਜਿਸ ਕਾਰਨ ਮੈਚ ਦਾ ਨਤੀਜਾ ਨਿਕਲਣਾ ਮੁਸ਼ਕਲ ਹੋ ਗਿਆ। ਭਾਰਤ ਨੇ ਜ਼ਿਆਦਾਤਰ ਸਮੇਂ ਖੇਡ ’ਤੇ ਕਾਬੂ ਬਣਾਈ ਰੱਖਿਆ, ਪਰ ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿੱਚ ਸਾਰੇ ਵਿਕਟ ਹਾਸਲ ਨਹੀਂ ਕਰ ਸਕਿਆ। ਮੇਜ਼ਬਾਨ ਟੀਮ ਨੇ ਆਖਰੀ ਦਿਨ 5 ਵਿਕਟਾਂ ’ਤੇ 239 ਦੌੜਾਂ ਬਣਾਈਆਂ ਅਤੇ ਮੁਕਾਬਲਾ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਿਆ।
ਮੈਚ ਤੋਂ ਬਾਅਦ ਗਿੱਲ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਉਮੀਦ ਸੀ ਕਿ ਪਿੱਚ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋਵੇਗੀ, ਪਰ ਤੀਜੇ, ਚੌਥੇ ਅਤੇ ਪੰਜਵੇਂ ਦਿਨ ਇਸ ਦਾ ਸੁਭਾਅ ਬਦਲਦਾ ਗਿਆ। ਪਿੱਚ ’ਤੇ ਨਾ ਤਾਂ ਦਰਾਰਾਂ ਪਈਆਂ ਅਤੇ ਨਾ ਹੀ ਲੰਬੇ ਸਮੇਂ ਤੱਕ ਖੇਡ ਹੋਣ ਦਾ ਕੋਈ ਖ਼ਾਸ ਅਸਰ ਦਿਖਾਈ ਦਿੱਤਾ। ਉਨ੍ਹਾਂ ਮੁਤਾਬਕ ਪਿੱਚ ਸਿਰਫ਼ ਹੌਲੀ ਹੁੰਦੀ ਗਈ ਅਤੇ ਅਜਿਹੇ ਹਾਲਾਤ ਵਿੱਚ ਟੈਸਟ ਮੈਚ ਦਾ ਨਤੀਜਾ ਕੱਢਣਾ ਕਾਫ਼ੀ ਔਖਾ ਸੀ। ਗਿੱਲ ਨੇ ਇਹ ਵੀ ਕਿਹਾ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਕਾਰਨ ਹੁਣ ਟੀਮਾਂ ਅਤੇ ਦਰਸ਼ਕ ਨਤੀਜਿਆਂ ਨੂੰ ਵਧੇਰੇ ਮਹੱਤਵ ਦਿੰਦੇ ਹਨ, ਜਦਕਿ ਪਹਿਲਾਂ ਡਰਾਅ ਹੋਣਾ ਆਮ ਗੱਲ ਸੀ।
ਭਾਰਤੀ ਕਪਤਾਨ ਨੇ ਦੱਸਿਆ ਕਿ ਤੇਜ਼ ਗੇਂਦਬਾਜ਼ਾਂ ਦੇ ਮੁਕਾਬਲੇ ਆਫ਼ ਸਪਿਨਰ ਵਾਸ਼ਿੰਗਟਨ ਸੁੰਦਰ ਨੂੰ ਪਿੱਚ ਤੋਂ ਕੁਝ ਵਧੇਰੇ ਮਦਦ ਮਿਲੀ, ਪਰ ਕੁੱਲ ਮਿਲਾ ਕੇ ਕਿਸੇ ਵੀ ਗੇਂਦਬਾਜ਼ ਨੂੰ ਖ਼ਾਸ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਮੁਤਾਬਕ ਸਪਿਨਰਾਂ ਦੀਆਂ ਗੇਂਦਾਂ ’ਤੇ ਬੱਲੇਬਾਜ਼ ਕੁਝ ਵਧੇਰੇ ਵਾਰ ਚਕਮਾ ਖਾਂਦੇ ਦਿਖਾਈ ਦਿੱਤੇ, ਪਰ ਪਿੱਚ ’ਤੇ ਇੰਨਾ ਟਰਨ ਨਹੀਂ ਸੀ ਕਿ ਵਿਕਟਾਂ ਮਿਲ ਸਕਣ। ਪੰਜਵੇਂ ਦਿਨ ਤੇਜ਼ ਗੇਂਦਬਾਜ਼ਾਂ ਨੂੰ ਵੀ ਕੋਈ ਖ਼ਾਸ ਸਹਿਯੋਗ ਨਹੀਂ ਮਿਲਿਆ। ਕੁਝ ਗੇਂਦਾਂ ਨੀਵੀਆਂ ਜ਼ਰੂਰ ਰਹੀਆਂ, ਪਰ ਉਨ੍ਹਾਂ ਵਿੱਚ ਰਫ਼ਤਾਰ ਦੀ ਕਮੀ ਸੀ।
ਗਿੱਲ ਨੇ ਕਿਹਾ ਕਿ ਭਾਰਤ ਨੇ ਮੈਚ ਖ਼ਤਮ ਹੋਣ ਤੋਂ ਕਰੀਬ ਇੱਕ ਘੰਟਾ ਪਹਿਲਾਂ ਹੀ ਡਰਾਅ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਗੇਂਦਬਾਜ਼ ਆਪਣੀਆਂ ਯੋਜਨਾਵਾਂ ਅਜ਼ਮਾ ਚੁੱਕੇ ਸਨ ਅਤੇ ਪਿੱਚ ਤੋਂ ਹੋਰ ਮਦਦ ਮਿਲਣ ਦੀ ਉਮੀਦ ਨਹੀਂ ਸੀ। ਤੇਜ਼ ਗੇਂਦਬਾਜ਼ਾਂ ਨੇ ਲਗਭਗ 50-50 ਓਵਰ ਸੁੱਟੇ ਸਨ। ਉਨ੍ਹਾਂ ਮੁਤਾਬਕ ਜੇਕਰ ਵਿਕਟ ਵਿੱਚ ਕੁਝ ਮਦਦ ਹੁੰਦੀ ਜਾਂ ਬੱਲੇਬਾਜ਼ਾਂ ਨੂੰ ਆਊਟ ਕਰਨ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਤਾਂ ਭਾਰਤ ਹੋਰ ਕੋਸ਼ਿਸ਼ ਕਰਦਾ। ਗਿੱਲ ਨੇ ਡਰਾਅ ’ਤੇ ਨਿਰਾਸ਼ਾ ਵੀ ਜਤਾਈ ਅਤੇ ਕਿਹਾ ਕਿ ਪਿਛਲੇ 6-7 ਸਾਲਾਂ ਵਿੱਚ ਭਾਰਤੀ ਟੀਮ ਦੇ ਬਹੁਤ ਘੱਟ ਮੈਚ ਡਰਾਅ ਰਹੇ ਹਨ, ਇਸ ਲਈ ਹੁਣ ਟੀਮ ਨੂੰ ਅਜਿਹੇ ਨਤੀਜਿਆਂ ਦੀ ਆਦਤ ਨਹੀਂ ਰਹੀ।
ਗਿੱਲ ਨੇ ਲਾਲ ਕੂਕਾਬੁਰਾ ਗੇਂਦ ਦੀ ਗੁਣਵੱਤਾ ਅਤੇ ਕੋਵਿਡ ਸਮੇਂ ਲਾਗੂ ਕੀਤੇ ਗਏ ਲਾਰ ਨਾਲ ਗੇਂਦ ਚਮਕਾਉਣ ਦੇ ਨਿਯਮ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪਹਿਲੀ ਗੇਂਦ ਲਗਭਗ 25 ਤੋਂ 30 ਓਵਰਾਂ ਬਾਅਦ ਹੀ ਕਾਫ਼ੀ ਨਰਮ ਹੋ ਗਈ ਸੀ ਅਤੇ ਇੰਗਲੈਂਡ ਵਿੱਚ ਵੀ ਅਜਿਹਾ ਤਜਰਬਾ ਹੋਇਆ ਸੀ। ਗੇਂਦ ਨਰਮ ਹੋਣ ਕਾਰਨ ਬੱਲੇ ਦੇ ਕਿਨਾਰੇ ਨਾਲ ਲੱਗ ਕੇ ਵਿਕਟਕੀਪਰ ਤੱਕ ਪਹੁੰਚਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਨਾਲ ਕੈਚ ਆਊਟ, ਐੱਲਬੀਡਬਲਯੂ ਅਤੇ ਬੋਲਡ ਵਰਗੇ ਤਰੀਕਿਆਂ ਰਾਹੀਂ ਵਿਕਟ ਲੈਣਾ ਹੋਰ ਔਖਾ ਹੋ ਜਾਂਦਾ ਹੈ। ਉਨ੍ਹਾਂ ਦਾ ਸਵਾਲ ਸੀ ਕਿ ਕੋਵਿਡ ਮਹਾਮਾਰੀ ਨੂੰ ਕਈ ਸਾਲ ਬੀਤ ਜਾਣ ਦੇ ਬਾਵਜੂਦ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ’ਤੇ ਪਾਬੰਦੀ ਕਿਉਂ ਜਾਰੀ ਹੈ।
ਦੂਜੀ ਪਾਰੀ ਐਲਾਨਣ ਦੇ ਫ਼ੈਸਲੇ ਬਾਰੇ ਗਿੱਲ ਨੇ ਕਿਹਾ ਕਿ ਟੀਮ ਨੇ ਨਿਊਜ਼ੀਲੈਂਡ ਨੂੰ ਆਊਟ ਕਰਨ ਲਈ ਲੋੜੀਂਦੇ ਸਮੇਂ ਅਤੇ ਅਗਲੇ ਮੈਚ ਤੋਂ ਪਹਿਲਾਂ ਮਿਲਣ ਵਾਲੇ ਆਰਾਮ ਨੂੰ ਧਿਆਨ ਵਿੱਚ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਅਗਲੇ ਟੈਸਟ ਤੋਂ ਪਹਿਲਾਂ ਸਿਰਫ਼ ਤਿੰਨ ਦਿਨ ਦਾ ਸਮਾਂ ਹੈ, ਜਿਸ ਵਿੱਚੋਂ ਇੱਕ ਦਿਨ ਯਾਤਰਾ ਦੌਰਾਨ ਲੰਘੇਗਾ। ਡਬਲਯੂਟੀਸੀ ਫਾਈਨਲ ਦੀ ਦੌੜ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਬਾਕੀ ਰਹਿੰਦੇ ਛੇ ਮੈਚਾਂ ਵਿੱਚੋਂ ਪੰਜ ਜਿੱਤ ਲੈਂਦਾ ਹੈ ਤਾਂ ਫਾਈਨਲ ਵਿੱਚ ਪਹੁੰਚਣ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਕ੍ਰਾਈਸਟਚਰਚ ਵਿੱਚ ਹੋਣ ਵਾਲੇ ਦੂਜੇ ਟੈਸਟ ਲਈ ਉਨ੍ਹਾਂ ਨੇ ਟੀਮ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਦੱਸੀ, ਹਾਲਾਂਕਿ ਆਖਰੀ ਫ਼ੈਸਲਾ ਉੱਥੋਂ ਦੀ ਪਿੱਚ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ।

