ਰਾਜਸਥਾਨ: ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਭਿਆਨਕ ਸੜਕ ਹਾਦਸੇ ਨੇ ਚਾਰ ਪਰਿਵਾਰਾਂ ਦੀ ਦੁਖਦਾਈ ਯਾਦ ਛੱਡ ਦਿੱਤੀ। ਸਿੰਧਰੀ ਥਾਣਾ ਖੇਤਰ ਦੇ ਮੇਗਾ ਹਾਈਵੇਅ ‘ਤੇ ਇੱਕ ਕਾਰ ਅਤੇ ਟਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋਈ, ਜਿਸ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਕਾਰ ਵਿੱਚ ਸਵਾਰ ਪੰਜ ਦੋਸਤਾਂ ਵਿੱਚੋਂ ਚਾਰ ਦੀ ਮੌਕੇ ‘ਤੇ ਹੀ ਜਿਉਂਦੇ ਸੜ ਕੇ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਅਨੁਸਾਰ, ਡਾਬੜ ਪਿੰਡ ਦੇ ਇਹ ਪੰਜ ਦੋਸਤ ਸਿੰਧਰੀ ਤੋਂ ਰਾਤ 1:30 ਵਜੇ ਘਰ ਵਾਪਸ ਆ ਰਹੇ ਸਨ, ਜਦੋਂ ਸੜਾ ਪਿੰਡ ਨੇੜੇ ਇਹ ਹਾਦਸਾ ਵਾਪਰਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਾਰ ਵਿੱਚ ਬੈਠੇ ਲੋਕ ਬਾਹਰ ਨਿਕਲ ਨਹੀਂ ਸਕੇ। DSP ਨੀਰਜ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਮੋਹਨ ਸਿੰਘ (35), ਸ਼ੰਭੂ ਸਿੰਘ (20), ਪੰਚਾਰਾਮ (22) ਅਤੇ ਪ੍ਰਕਾਸ਼ (28) ਦੀ ਮੌਤ ਹੋ ਗਈ, ਜਦਕਿ ਦਲੀਪ ਸਿੰਘ ਨੂੰ ਜੋਧਪੁਰ ਇਲਾਜ ਲਈ ਭੇਜਿਆ ਗਿਆ।
ਦਿਲਜੀਤ ਦੋਸਾਂਝ-ਆਮਿਤਾਭ ਬਚਣ ਦੀ ਜੋੜੀ, ‘ਕੌਣ ਬਣੇਗਾ ਕਰੋੜਪਤੀ’ ਚ ਜਲਦ ਹੀ ਨਜ਼ਰ ਆਉਣਗੇ !
ਚਾਰਾਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਗਈ। ਪਰਿਵਾਰਕ ਮੈਂਬਰਾਂ ਦੀ ਮਦਦ ਨਾਲ DNA ਟੈਸਟ ਰਾਹੀਂ ਸ਼ਨਾਖ਼ਤ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਨੇ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਖੁਲ੍ਹਵਾਇਆ। ਇਹ ਘਟਨਾ ਦੋ ਦਿਨ ਪਹਿਲਾਂ ਜੈਸਲਮੇਰ ‘ਚ ਵਾਪਰੇ ਬੱਸ ਅੱਗ ਹਾਦਸੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਗਈ, ਜਿਸ ਵਿੱਚ 20 ਲੋਕਾਂ ਦੀ ਮੌਤ ਹੋਈ ਸੀ। ਉਸ ਹਾਦਸੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ PMNRF ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ₹2 ਲੱਖ ਅਤੇ ਜ਼ਖਮੀਆਂ ਨੂੰ ₹50 ਹਜ਼ਾਰ ਦੀ ਮਦਦ ਦਾ ਐਲਾਨ ਕੀਤਾ ਸੀ। ਬਾਲੋਤਰਾ ਹਾਦਸਾ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਰਾਤ ਦੇ ਸਮੇਂ ਯਾਤਰਾ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰਦਾ ਹੈ।