
Congo School Fire: ਕਾਂਗੋ ਦੇ ਪੂਰਬੀ ਸ਼ਹਿਰ ਬੁਕਾਵੁ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਘਰ ਵਿੱਚ ਲੱਗੀ ਅੱਗ ਦੇਖਦੇ ਹੀ ਦੇਖਦੇ ਨੇੜਲੇ ਦੋ ਸਕੂਲਾਂ ਤੱਕ ਫੈਲ ਗਈ। ਇਸ ਹਾਦਸੇ ਵਿੱਚ 26 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਸੂਬਾਈ ਸਰਕਾਰ ਮੁਤਾਬਕ, ਮ੍ਰਿਤਕਾਂ ਵਿੱਚ 19 ਲੜਕੀਆਂ ਅਤੇ 7 ਲੜਕੇ ਸ਼ਾਮਲ ਹਨ।
ਸਥਾਨਕ ਪ੍ਰਸ਼ਾਸਨ ਮੁਤਾਬਕ ਅੱਗ ਦੀ ਸ਼ੁਰੂਆਤ ਸਕੂਲਾਂ ਦੇ ਨੇੜੇ ਬਣੇ ਇੱਕ ਘਰ ਤੋਂ ਹੋਈ ਸੀ। ਇਸ ਤੋਂ ਬਾਅਦ ਅੱਗ ਤੇਜ਼ੀ ਨਾਲ ਆਸ-ਪਾਸ ਦੇ ਇਲਾਕੇ ਵਿੱਚ ਫੈਲਦੀ ਹੋਈ ਫੁਰਾਹਾ ਸੈਕੰਡਰੀ ਸਕੂਲ ਅਤੇ ਉਜਾਮਾ ਪ੍ਰਾਇਮਰੀ ਸਕੂਲ ਤੱਕ ਪਹੁੰਚ ਗਈ। ਦੋਵੇਂ ਸਕੂਲ ਇੱਕ-ਦੂਜੇ ਦੇ ਕਾਫ਼ੀ ਨੇੜੇ ਹਨ। ਇਲਾਕੇ ਵਿੱਚ ਆਬਾਦੀ ਸੰਘਣੀ ਹੈ ਅਤੇ ਜ਼ਿਆਦਾਤਰ ਮਕਾਨ ਲੱਕੜ ਦੇ ਬਣੇ ਹੋਏ ਹਨ, ਜਿਸ ਕਾਰਨ ਅੱਗ ਨੇ ਥੋੜ੍ਹੇ ਸਮੇਂ ਵਿੱਚ ਕਈ ਥਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਲੱਗਣ ਸਮੇਂ ਦੋਵੇਂ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਫੁਰਾਹਾ ਸੈਕੰਡਰੀ ਸਕੂਲ ਵਿੱਚ ਕਈ ਬੱਚੇ ਅੰਦਰ ਹੀ ਫਸ ਗਏ ਅਤੇ ਅੱਗ ਤੇ ਧੂੰਏਂ ਕਾਰਨ ਕੁਝ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅਚਾਨਕ ਅੱਗ ਫੈਲਣ ਕਾਰਨ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਨਿਕਲਣ ਲਈ ਕਾਫ਼ੀ ਸਮਾਂ ਨਹੀਂ ਮਿਲ ਸਕਿਆ। ਬਾਹਰ ਨਿਕਲਣ ਦਾ ਰਸਤਾ ਤੰਗ ਹੋਣ ਕਾਰਨ ਸਥਿਤੀ ਹੋਰ ਵਿਗੜ ਗਈ ਅਤੇ ਵੱਡੀ ਗਿਣਤੀ ਵਿੱਚ ਬੱਚੇ ਦਰਵਾਜ਼ੇ ਵੱਲ ਭੱਜਣ ਲੱਗੇ।
ਅਧਿਕਾਰੀਆਂ ਮੁਤਾਬਕ, ਕਈ ਵਿਦਿਆਰਥੀਆਂ ਨੇ ਖਿੜਕੀਆਂ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ। ਸਥਾਨਕ ਅਧਿਕਾਰੀ ਮੋਇਜ ਲੁਬਾਲਾ ਨੇ ਦੱਸਿਆ ਕਿ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਕਈ ਬੱਚੇ ਇੱਕ-ਦੂਜੇ ਨਾਲ ਟਕਰਾ ਕੇ ਡਿੱਗ ਗਏ ਅਤੇ ਉਨ੍ਹਾਂ ਦੇ ਉੱਪਰ ਹੋਰ ਬੱਚੇ ਵੀ ਡਿੱਗਦੇ ਗਏ। ਇਸ ਭਗਦੜ ਵਿੱਚ ਕਈ ਵਿਦਿਆਰਥੀਆਂ ਦੀ ਦੱਬਣ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਬੱਚਿਆਂ ਅਤੇ ਹੋਰ ਲੋਕਾਂ ਨੂੰ ਨੇੜਲੇ ਸਿਹਤ ਕੇਂਦਰਾਂ ਵਿੱਚ ਪਹੁੰਚਾਇਆ ਗਿਆ, ਜਿੱਥੇ ਕਈ ਵਿਦਿਆਰਥੀ ਸਕੂਲ ਯੂਨੀਫਾਰਮ ਵਿੱਚ ਹੀ ਇਲਾਜ ਲਈ ਪਹੁੰਚੇ।
ਹਾਦਸੇ ਤੋਂ ਬਾਅਦ ਸਥਾਨਕ ਸਿਹਤ ਕੇਂਦਰਾਂ ’ਤੇ ਵੀ ਮਰੀਜ਼ਾਂ ਦਾ ਦਬਾਅ ਵੱਧ ਗਿਆ। ਨਰਸ ਸਿਜਾ ਜੀਨ-ਬੈਪਟਿਸਟ ਮੁਤਾਬਕ, ਜ਼ਖਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਮੈਡੀਕਲ ਸਟਾਫ ਲਈ ਸਾਰੇ ਮਰੀਜ਼ਾਂ ਦਾ ਸਹੀ ਅੰਕੜਾ ਦਰਜ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਕਈ ਬੱਚਿਆਂ ਨੂੰ ਸੜਨ ਅਤੇ ਦਮ ਘੁੱਟਣ ਕਾਰਨ ਇਲਾਜ ਦੀ ਲੋੜ ਪਈ। ਸ਼ੁਰੂਆਤੀ ਜਾਣਕਾਰੀ ਵਿੱਚ M23 ਸਮੂਹ ਨੇ 24 ਵਿਦਿਆਰਥੀਆਂ ਦੀ ਮੌਤ ਅਤੇ 29 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਸੀ, ਪਰ ਬਾਅਦ ਵਿੱਚ ਸੂਬਾਈ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ 26 ਦੱਸੀ।
ਫਿਲਹਾਲ ਅੱਗ ਲੱਗਣ ਦੀ ਸਹੀ ਵਜ੍ਹਾ ਸਾਹਮਣੇ ਨਹੀਂ ਆਈ ਹੈ ਅਤੇ ਸਥਾਨਕ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ ਹੈ। ਬੁਕਾਵੁ ’ਤੇ ਇਸ ਸਮੇਂ M23 ਬਾਗੀ ਸਮੂਹ ਦਾ ਕੰਟਰੋਲ ਹੈ, ਜਿਸ ਨੇ ਫਰਵਰੀ 2025 ਵਿੱਚ ਸ਼ਹਿਰ ’ਤੇ ਕਬਜ਼ਾ ਕੀਤਾ ਸੀ। ਪੂਰਬੀ ਕਾਂਗੋ ਲੰਬੇ ਸਮੇਂ ਤੋਂ ਸੰਘਰਸ਼ ਅਤੇ ਹਿੰਸਾ ਨਾਲ ਪ੍ਰਭਾਵਿਤ ਹੈ, ਜਿਸ ਕਾਰਨ ਇੱਥੇ ਸਿਹਤ ਸਮੇਤ ਜ਼ਰੂਰੀ ਸੇਵਾਵਾਂ ’ਤੇ ਪਹਿਲਾਂ ਤੋਂ ਹੀ ਦਬਾਅ ਬਣਿਆ ਹੋਇਆ ਹੈ। ਹਾਦਸੇ ਤੋਂ ਬਾਅਦ ਅਧਿਕਾਰੀ ਜ਼ਖਮੀਆਂ ਦੇ ਇਲਾਜ, ਪ੍ਰਭਾਵਿਤ ਵਿਦਿਆਰਥੀਆਂ ਦੀ ਮਦਦ, ਨੁਕਸਾਨ ਦਾ ਮੁਲਾਂਕਣ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਦਾ ਪੂਰਾ ਅੰਕੜਾ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ।
मेष: दिन शुभ रहेगा...