ਪੰਜਾਬ ਸਰਕਾਰ ਨੇ ਬਕਰੀਦ (ਈਦ-ਉਲ-ਅਧਾ) ਦੀ ਸਰਕਾਰੀ ਛੁੱਟੀ ਨੂੰ ਲੈ ਕੇ ਚੱਲ ਰਹੀ ਉਲਝਣ ਨੂੰ ਖਤਮ ਕਰਦਿਆਂ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪਹਿਲਾਂ 27 ਮਈ, ਬੁੱਧਵਾਰ ਨੂੰ ਐਲਾਨੀ ਗਈ ਗਜ਼ਟਿਡ ਛੁੱਟੀ ਹੁਣ ਸੋਧ ਕੇ 28 ਮਈ, ਵੀਰਵਾਰ ਕਰ ਦਿੱਤੀ ਗਈ ਹੈ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਸੂਬੇ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਸਰਕਾਰੀ ਅਦਾਰੇ 28 ਮਈ ਨੂੰ ਬੰਦ ਰਹਿਣਗੇ। ਪਹਿਲਾਂ ਜਾਰੀ ਕੀਤੀ ਗਈ 27 ਮਈ ਦੀ ਛੁੱਟੀ ਹੁਣ ਰੱਦ ਮੰਨੀ ਜਾਵੇਗੀ।
ਰਿਪੋਰਟਾਂ ਅਨੁਸਾਰ ਚੰਨ ਦਿਖਣ ਦੀ ਤਾਰੀਖ ਅਤੇ ਧਾਰਮਿਕ ਪਰੰਪਰਾਵਾਂ ਵਿੱਚ ਆਏ ਬਦਲਾਅ ਕਾਰਨ ਈਦ-ਉਲ-ਅਧਾ ਦੀ ਤਾਰੀਖ ਵਿੱਚ ਸੋਧ ਕੀਤੀ ਗਈ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੀ 28 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ, ਜਿਸ ਦੇ ਆਧਾਰ ‘ਤੇ ਪੰਜਾਬ ਸਰਕਾਰ ਨੇ ਆਪਣਾ ਨਵਾਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬਕਰੀਦ ਦੀ ਛੁੱਟੀ ਹੁਣ ਸੋਧੇ ਹੋਏ ਹੁਕਮਾਂ ਅਨੁਸਾਰ ਹੀ ਲਾਗੂ ਹੋਵੇਗੀ ਅਤੇ ਸਾਰੇ ਸਰਕਾਰੀ ਵਿਭਾਗਾਂ ਨੂੰ ਨਵੇਂ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਇਸ ਫੈਸਲੇ ਨਾਲ ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਛੁੱਟੀ ਦੀ ਤਾਰੀਖ ਨੂੰ ਲੈ ਕੇ ਬਣੀ ਭੰਬਲਭੂਸੇ ਦੀ ਸਥਿਤੀ ਪੂਰੀ ਤਰ੍ਹਾਂ ਖਤਮ ਹੋ ਗਈ ਹੈ।

