Site icon Dainik Savera Punjab

ਸੜਕਾਂ ‘ਤੇ ਨਹੀਂ ਚਾਹੀਦੀ ਦਾਦਾਗਿਰੀ ਚਾਹੀਦੀ ਹੈ ਸਾਵਧਾਨੀ….

caution-not-hooliganism-on-roads

caution-not-hooliganism-on-roads

ਪੰਜਾਬ ਡੈਕਸ: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਹਰ ਵਿਅਕਤੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਇਹ ਦੌੜ ਘਰ ਦੀ ਚੌਕਠੀ ਤੋਂ ਸ਼ੁਰੂ ਹੋ ਕੇ ਸਮਾਜਿਕ ਬੰਧਨਾਂ ਨੂੰ ਪਾਰ ਕਰਦੀ ਹੋਈ ਸੜਕਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਤੱਕ ਪਹੁੰਚ ਚੁੱਕੀ ਹੈ। ਮਨੁੱਖੀ ਰਿਸ਼ਤੇ ਅਤੇ ਜ਼ਿੰਦਗੀ ਦੀ ਅਸਲ ਅਹਿਮੀਅਤ ਪਿੱਛੇ ਛੁੱਟ ਰਹੀ ਹੈ ਅਤੇ ਦਿਖਾਵੇ ਦੀ ਦੁਨੀਆ ਨੇ ਲੋਕਾਂ ਨੂੰ ਰਫ਼ਤਾਰ ਦੀ ਭੁੱਖ ਵਿੱਚ ਲਪੇਟ ਲਿਆ ਹੈ।

ਦਿੱਲੀ ਵਰਗੇ ਮਹਾਨਗਰਾਂ ਵਿੱਚ ਇਹ ਦੌੜ ਸੜਕਾਂ ਉੱਤੇ ਸਾਫ਼ ਨਜ਼ਰ ਆਉਂਦੀ ਹੈ ਜਿੱਥੇ ਨੌਜਵਾਨ ਵਰਗ ਗੱਡੀ ਦੀ ਗਤੀ ਨੂੰ ਆਪਣੀ ਸ਼ਾਨ ਅਤੇ ਅਹੰਕਾਰ ਨਾਲ ਜੋੜ ਕੇ ਦੇਖਦਾ ਹੈ। ਨਵੇਂ ਦੌਰ ਵਿੱਚ ਜਿੱਥੇ ਪੈਸੇ ਦੀ ਭਰਮਾਰ ਹੋਈ ਹੈ ਉਥੇ ਹੀ ਦਿਖਾਵੇ ਦੀ ਜ਼ਿੰਦਗੀ ਨੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਕਾਰਨ ਰੋਡ ਰੇਜ ਅਤੇ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜਿੱਥੇ ਕਈਆਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਅਤੇ ਕਈ ਸਾਰੀ ਉਮਰ ਲਈ ਅਸਮਰਥ ਹੋ ਗਏ ਹਨ।

ਇਹ ਵੀ ਪੜ੍ਹੋ: ED ਦੀ ਰੇਡ ਤੋਂ ਬਾਅਦ ਤਣਾਅ ‘ਚ ਵਾਧਾ: ਅਮਿਤ ਸ਼ਾਹ ਦੇ ਦਫ਼ਤਰ ਅੱਗੇ TMC ਦਾ ਰੋਸ

ਦਿੱਲੀ ਟਰੈਫਿਕ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਦਰਸ਼ਨ ਸਿੰਘ ਗਿੱਲ ਅਨੁਸਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਭੂਮਿਕਾ ਮਹੱਤਵਪੂਰਨ ਹੈ। ਨੌਜਵਾਨਾਂ ਵਿੱਚ ਗੱਡੀ ਚਲਾਉਣ ਦੀ ਲਾਲਸਾ ਅਤੇ ਦੋਸਤਾਂ ਅੱਗੇ ਸ਼ੇਖੀ ਮਾਰਨ ਦੀ ਆਦਤ ਨੇ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਵੱਲ ਧੱਕ ਦਿੱਤਾ ਹੈ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਪ੍ਰਸਿੱਧ ਸਕੂਲਾਂ ਦੇ ਵਿਦਿਆਰਥੀ ਲਾਲ ਬੱਤੀਆਂ ਟੱਪਣ ਨੂੰ ਮਾਣ ਸਮਝਦੇ ਹਨ।

ਇਸ ਸੰਦਰਭ ਵਿੱਚ ਟਰੈਫਿਕ ਵਿਭਾਗ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮਾਂ ਜਿਵੇਂ ਕਿ ਸਕੂਲਾਂ ਵਿੱਚ ਮੋਬਾਈਲ ਵੈਨ ਰਾਹੀਂ ਵਰਕਸ਼ਾਪਾਂ ਪੋਸਟਰ ਮੁਕਾਬਲੇ ਅਤੇ ਲਘੂ ਫਿਲਮਾਂ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਇੱਕ ਵਰਕਸ਼ਾਪ ਦੌਰਾਨ ਇੱਕ ਵਿਦਿਆਰਥੀ ਨੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਗੱਡੀ ਚਲਾਉਂਦੇ ਹੋਏ ਫੋਨ ਉੱਤੇ ਗੱਲ ਕਰਦੇ ਵੇਖਦਾ ਹੈ ਤਾਂ ਕੀ ਉਹਨਾਂ ਦਾ ਚਾਲਾਨ ਨਹੀਂ ਬਣਦਾ। ਇਹ ਸਵਾਲ ਸਿੱਧਾ ਮਾਪਿਆਂ ਵੱਲ ਵੀ ਉਂਗਲੀ ਚੁੱਕਦਾ ਹੈ ਜੋ ਆਪਣੇ ਬੱਚਿਆਂ ਲਈ ਰੋਲ ਮਾਡਲ ਹਨ।

ਇਹ ਵੀ ਪੜ੍ਹੋ: ਲੋਹੜੀ ਤੱਕ ਪੰਜਾਬ ‘ਚ ਛਾਈ ਰਹੇਗੀ ਧੁੰਦ ਅਤੇ ਠੰਢੀ ਲਹਿਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਕਈ ਸਖ਼ਤ ਕਦਮ ਚੁੱਕੇ ਗਏ ਹਨ ਜਿਵੇਂ ਕਿ ਭਾਰੀ ਜੁਰਮਾਨੇ ਅਤੇ ਨਿਗਰਾਨੀ ਕੈਮਰੇ ਪਰ ਫਿਰ ਵੀ ਨਿਯਮ ਤੋੜਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਵਧ ਰਹੀ ਹੈ। ਇਹ ਸਮਾਂ ਹੈ ਜਦੋਂ ਮਾਪੇ ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਇਹ ਨਿਰਣੈ ਲੈਣ ਕਿ ਸੜਕਾਂ ਉੱਤੇ ਸੁਰੱਖਿਅਤ ਚਲਣਾ ਸਿਰਫ਼ ਨਿਯਮ ਦੀ ਪਾਲਣਾ ਨਹੀਂ ਸਗੋਂ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੀ ਨਿਸ਼ਾਨੀ ਹੈ।

ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਇਹ ਸਿੱਖਾ ਸਕੀਏ ਕਿ ਗੱਡੀ ਚਲਾਉਣ ਸਮੇਂ ਸਪੀਡ ਦੀ ਹੱਦ ਦਾ ਪਾਲਣ ਕਰਨਾ ਲਾਇਸੈਂਸ ਇੰਸ਼ੋਰੈਂਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਨਾਲ ਹੀ ਵਹੀਕਲ ਚਲਾਉਣਾ ਅਤੇ ਦੂਜਿਆਂ ਦੀ ਜਾਨ ਦੀ ਵੀ ਇੱਜ਼ਤ ਕਰਨੀ ਹੈ ਤਾਂ ਅਸੀਂ ਇਕ ਸੁਰੱਖਿਅਤ ਅਤੇ ਜ਼ਿੰਮੇਵਾਰ ਸਮਾਜ ਵੱਲ ਵਧ ਸਕਦੇ ਹਾਂ। ਜੀਵਨ ਅਨਮੋਲ ਹੈ ਅਤੇ ਇਹ ਸਾਨੂੰ ਦੁਬਾਰਾ ਨਹੀਂ ਮਿਲਣਾ ਇਸ ਲਈ ਹਰ ਪਲ ਦੀ ਕੀਮਤ ਸਮਝੋ ਅਤੇ ਟਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰੋ।

caution-not-hooliganism-on-roads

Exit mobile version