Restaurant Rule: ਕੈਨੇਡਾ ਦੇ ਮੈਨਿਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿੱਚ ਇੱਕ ਨਵਾਂ ਰੈਸਟੋਰੈਂਟ ਆਪਣੇ ਖਾਣੇ ਦੀ ਬਜਾਏ ਇੱਕ ਅਨੋਖੇ ਨਿਯਮ ਕਾਰਨ ਚਰਚਾ ਵਿੱਚ ਆ ਗਿਆ ਹੈ। ਰੈਸਟੋਰੈਂਟ ਦੀ ਮਾਲਕਣ ਨੇ ਐਲਾਨ ਕੀਤਾ ਹੈ ਕਿ ਉੱਥੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਫੈਸਲੇ ਨੇ ਸੋਸ਼ਲ ਮੀਡੀਆ ‘ਤੇ ਬਹਿਸ ਛੇੜ ਦਿੱਤੀ ਹੈ, ਜਿੱਥੇ ਕੁਝ ਲੋਕ ਇਸ ਦਾ ਸਮਰਥਨ ਕਰ ਰਹੇ ਹਨ, ਜਦਕਿ ਕਈ ਇਸ ਨੂੰ ਗਲਤ ਅਤੇ ਭੇਦਭਾਵ ਵਾਲਾ ਕਦਮ ਦੱਸ ਰਹੇ ਹਨ।
ਵਿਨੀਪੈਗ ਦੇ ਐਲਿਸ ਐਵੇਨਿਊ ਵਿੱਚ ‘ਮਿਸ ਕ੍ਰਿਸਟੀਨ ਕਿਚਨ’ ਨਾਮ ਦਾ ਇਹ ਰੈਸਟੋਰੈਂਟ 30 ਨਵੰਬਰ ਨੂੰ ਖੁੱਲ੍ਹਣ ਦੀ ਤਿਆਰੀ ਕਰ ਰਿਹਾ ਸੀ। ਇੱਥੇ ਗਾਹਕਾਂ ਨੂੰ ਜਮੈਕਨ ਪਕਵਾਨਾਂ ਦਾ ਸੁਆਦ ਚਖਣ ਦਾ ਮੌਕਾ ਮਿਲਣਾ ਸੀ। ਇਸ ਦੇ ਮੀਨੂ ਵਿੱਚ ਬ੍ਰੇਜ਼ਡ ਆਕਸਟੇਲ, ਜਰਕ ਚਿਕਨ ਅਤੇ ਤਲੇ ਹੋਏ ਪਲਾਂਟੇਨ ਵਰਗੇ ਖਾਸ ਵਿਅੰਜਨ ਸ਼ਾਮਲ ਕੀਤੇ ਗਏ ਹਨ। ਹਾਲਾਂਕਿ, ਖਾਣੇ ਦੀਆਂ ਇਨ੍ਹਾਂ ਖਾਸ ਚੀਜ਼ਾਂ ਨਾਲੋਂ ਰੈਸਟੋਰੈਂਟ ਦਾ ਬੱਚਿਆਂ ਦੀ ਐਂਟਰੀ ‘ਤੇ ਲਗਾਇਆ ਗਿਆ ਬੈਨ ਵਧੇਰੇ ਚਰਚਾ ਦਾ ਵਿਸ਼ਾ ਬਣ ਗਿਆ।
ਰੈਸਟੋਰੈਂਟ ਦੀ ਮਾਲਕਣ ਅਤੇ ਸ਼ੈੱਫ ਕ੍ਰਿਸਟੀਨ ਪੈਟਿਸਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਇੱਥੇ ਸਿਰਫ਼ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਾਹਕਾਂ ਨੂੰ ਸ਼ਾਂਤ ਅਤੇ ਆਰਾਮਦਾਇਕ ਮਾਹੌਲ ਦੇਣਾ ਚਾਹੁੰਦੀ ਹੈ, ਤਾਂ ਜੋ ਲੋਕ ਦੋਸਤਾਂ ਜਾਂ ਆਪਣੇ ਸਾਥੀਆਂ ਨਾਲ ਬਿਨਾਂ ਰੌਲੇ-ਰੱਪੇ ਦੇ ਸਮਾਂ ਬਿਤਾ ਸਕਣ। ਰੈਸਟੋਰੈਂਟ ਦਾ ਆਕਾਰ ਛੋਟਾ ਹੋਣ ਕਾਰਨ ਉਹ ਇਸ ਨੂੰ ਪਰਿਵਾਰਕ ਥਾਂ ਦੀ ਬਜਾਏ ਬਾਲਗਾਂ ਲਈ ਸੁਕੂਨ ਵਾਲੀ ਜਗ੍ਹਾ ਬਣਾਉਣਾ ਚਾਹੁੰਦੀ ਹੈ।
ਇਸ ਨਿਯਮ ਨੂੰ ਲੈ ਕੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਹਰ ਰੈਸਟੋਰੈਂਟ ਲਈ ਬੱਚਿਆਂ ਦੇ ਅਨੁਕੂਲ ਹੋਣਾ ਲਾਜ਼ਮੀ ਨਹੀਂ ਹੈ ਅਤੇ ਮਾਲਕ ਨੂੰ ਆਪਣੇ ਕਾਰੋਬਾਰ ਦਾ ਮਾਹੌਲ ਤੈਅ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਕਈ ਲੋਕਾਂ ਨੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਨਤਕ ਥਾਵਾਂ ‘ਤੇ ਬੱਚਿਆਂ ਅਤੇ ਪਰਿਵਾਰਾਂ ਨੂੰ ਉਮਰ ਦੇ ਆਧਾਰ ‘ਤੇ ਰੋਕਣਾ ਠੀਕ ਨਹੀਂ। ਇਸ ਵਿਵਾਦ ਦੇ ਵਿਚਕਾਰ ਰੈਸਟੋਰੈਂਟ ਨੂੰ ਸੋਸ਼ਲ ਮੀਡੀਆ ‘ਤੇ ਇੱਕ ਸਿਤਾਰੇ ਵਾਲੀਆਂ ਸਮੀਖਿਆਵਾਂ ਵੀ ਮਿਲਣ ਲੱਗੀਆਂ।
ਕ੍ਰਿਸਟੀਨ ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਨੇ ਰੈਸਟੋਰੈਂਟ ਬਾਰੇ ਖਾਣੇ ਕਾਰਨ ਬਿਮਾਰ ਹੋਣ ਅਤੇ ਮਾੜੀ ਸੇਵਾ ਮਿਲਣ ਵਰਗੀਆਂ ਸ਼ਿਕਾਇਤਾਂ ਲਿਖੀਆਂ, ਜਦਕਿ ਉੱਥੇ ਬੈਠ ਕੇ ਖਾਣੇ ਦੀ ਸੇਵਾ ਅਜੇ ਸ਼ੁਰੂ ਹੀ ਨਹੀਂ ਹੋਈ ਸੀ। ਉਨ੍ਹਾਂ ਨੇ ਇਨ੍ਹਾਂ ਸਮੀਖਿਆਵਾਂ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਇਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਮੁਤਾਬਕ, ਰੈਸਟੋਰੈਂਟ ਉਦਯੋਗ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਕਈ ਵਾਰ ਦੇਖਿਆ ਕਿ ਛੋਟੇ ਬੱਚਿਆਂ ਦੇ ਰੌਲੇ ਕਾਰਨ ਹੋਰ ਗਾਹਕ ਪਰੇਸ਼ਾਨ ਹੁੰਦੇ ਹਨ ਅਤੇ ਕੁਝ ਲੋਕ ਬੱਚਿਆਂ ਤੋਂ ਦੂਰ ਬੈਠਣ ਲਈ ਮੇਜ਼ ਦੀ ਮੰਗ ਵੀ ਕਰਦੇ ਹਨ।
ਮਾਲਕਣ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਲਗਭਗ 30 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ, ਰੌਸ਼ਨੀ ਘੱਟ ਰੱਖੀ ਗਈ ਹੈ ਅਤੇ ਬੱਚਿਆਂ ਦੇ ਮਨੋਰੰਜਨ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈ। ਹਾਲਾਂਕਿ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰ ਟੇਕਅਵੇਅ ਰਾਹੀਂ ਖਾਣਾ ਮੰਗਵਾ ਸਕਦੇ ਹਨ। ਇਹ ਮਾਮਲਾ ਮੈਨਿਟੋਬਾ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਵੀ ਪਹੁੰਚਿਆ ਹੈ। ਆਲੋਚਨਾ ਦੇ ਬਾਵਜੂਦ ਕ੍ਰਿਸਟੀਨ ਆਪਣੇ ਫੈਸਲੇ ‘ਤੇ ਕਾਇਮ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਗਿਣਤੀ ਘਟਣ ਦੇ ਬਾਵਜੂਦ ਉਹ ਰੈਸਟੋਰੈਂਟ ਦਾ ਮਾਹੌਲ ਆਪਣੀ ਸੋਚ ਅਨੁਸਾਰ ਹੀ ਰੱਖਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਬਾਲਗਾਂ ਲਈ ਵਿਸ਼ੇਸ਼ ਤਜਰਬਿਆਂ ਦਾ ਰੁਝਾਨ ਵੀ ਚਰਚਾ ਵਿੱਚ ਹੈ, ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਯਾਤਰੀਆਂ ਲਈ ਖਾਸ ਚਾਰਟਰਡ ਉਡਾਣ ਦਾ ਤਜਰਬਾ ਵੀ ਸ਼ਾਮਲ ਹੈ।