Last Updated: October 21, 2026

Dainik Savera Times Logo

Bharti Singh Dussehra: ਭਾਰਤੀ ਸਿੰਘ ਲਈ ਖ਼ਾਸ ਹੈ ਦੁਸਹਿਰੇ ਦਾ ਤਿਉਹਾਰ, ਕਿਹਾ- ‘ਬੱਚਿਆਂ ਨੂੰ ਬਚਪਨ ਦੀਆਂ ਖ਼ੂਬਸੂਰਤ ਯਾਦਾਂ ਦੇਣਾ ਚਾਹੁੰਦੀ ਹਾਂ’

20 October 2026 ਅੱਪਡੇਟ ਕੀਤਾ ਗਿਆ

Bharti Singh Dussehra: ਭਾਰਤੀ ਸਿੰਘ ਲਈ ਖ਼ਾਸ ਹੈ ਦੁਸਹਿਰੇ ਦਾ ਤਿਉਹਾਰ, ਕਿਹਾ- ‘ਬੱਚਿਆਂ ਨੂੰ ਬਚਪਨ ਦੀਆਂ ਖ਼ੂਬਸੂਰਤ ਯਾਦਾਂ ਦੇਣਾ ਚਾਹੁੰਦੀ ਹਾਂ’

Bharti Singh: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਦੁਸਹਿਰੇ ਦੇ ਮੌਕੇ ’ਤੇ ਪਰਿਵਾਰ, ਰਵਾਇਤਾਂ ਅਤੇ ਖੁਸ਼ੀਆਂ ਵੰਡਣ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਤਿਉਹਾਰਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਹ ਮੌਕੇ ਬੱਚਿਆਂ ਨੂੰ ਪਰਿਵਾਰਕ ਰਵਾਇਤਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਬਚਪਨ ਦੀਆਂ ਖੂਬਸੂਰਤ ਯਾਦਾਂ ਬਣਾਉਣ ਦਾ ਮੌਕਾ ਦਿੰਦੇ ਹਨ।

ਇਨ੍ਹੀਂ ਦਿਨੀਂ ‘ਇੰਡੀਅਨ ਗੇਮ ਸ਼ੋਅ’ ਦੀ ਮੇਜ਼ਬਾਨੀ ਕਰ ਰਹੀ ਭਾਰਤੀ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਿਉਹਾਰਾਂ ਦੇ ਮੌਸਮ ਵਿੱਚ ਸਮਾਂ ਕਿੰਨੀ ਤੇਜ਼ੀ ਨਾਲ ਲੰਘ ਜਾਂਦਾ ਹੈ, ਇਸ ਦਾ ਅਹਿਸਾਸ ਬੱਚਿਆਂ ਨੂੰ ਵੱਡੇ ਹੁੰਦੇ ਦੇਖ ਕੇ ਹੁੰਦਾ ਹੈ। ਉਨ੍ਹਾਂ ਮੁਤਾਬਕ, ਤਿਉਹਾਰ ਲਗਾਤਾਰ ਆਉਂਦੇ ਰਹਿੰਦੇ ਹਨ, ਪਰ ਪਿਆਰ, ਪਰਿਵਾਰ ਅਤੇ ਇਕੱਠੇ ਰਹਿਣ ਦੀ ਭਾਵਨਾ ਹਮੇਸ਼ਾ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ।

ਭਾਰਤੀ ਨੇ ਕਿਹਾ ਕਿ ਬੱਚਿਆਂ ਦੇ ਵੱਡੇ ਹੋਣ ਨਾਲ ਹਰ ਤਿਉਹਾਰ ਦਾ ਅਹਿਸਾਸ ਬਦਲ ਜਾਂਦਾ ਹੈ। ਉਨ੍ਹਾਂ ਦੇ ਬੱਚਿਆਂ ਗੋਲਾ ਅਤੇ ਛੋਟੇ ਕਾਜੂ ਦੇ ਆਉਣ ਤੋਂ ਬਾਅਦ ਤਿਉਹਾਰ ਉਨ੍ਹਾਂ ਲਈ ਹੋਰ ਵੀ ਖ਼ਾਸ ਬਣ ਗਏ ਹਨ। ਉਹ ਚਾਹੁੰਦੀ ਹੈ ਕਿ ਬੱਚੇ ਆਪਣੇ ਪਰਿਵਾਰ ਦੀਆਂ ਰਵਾਇਤਾਂ ਨੂੰ ਨੇੜਿਓਂ ਜਾਣਨ, ਉਨ੍ਹਾਂ ਨੂੰ ਖੁਦ ਮਹਿਸੂਸ ਕਰਨ ਅਤੇ ਇਨ੍ਹਾਂ ਨਾਲ ਜੁੜੀਆਂ ਕਹਾਣੀਆਂ ਨੂੰ ਸਮਝਣ। ਉਨ੍ਹਾਂ ਅਨੁਸਾਰ, ਅਜਿਹੇ ਤਜਰਬੇ ਬੱਚਿਆਂ ਦੇ ਬਚਪਨ ਦੀਆਂ ਯਾਦਗਾਰ ਯਾਦਾਂ ਬਣ ਜਾਂਦੇ ਹਨ।

ਦੁਸਹਿਰੇ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਾਮੇਡੀਅਨ ਨੇ ਕਿਹਾ ਕਿ ਇਹ ਤਿਉਹਾਰ ਲੋਕਾਂ ਦੇ ਮਨਾਂ ਵਿੱਚ ਉਮੀਦ ਜਗਾਉਂਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਹੋਣ, ਆਖ਼ਰਕਾਰ ਚੰਗਿਆਈ, ਰੌਸ਼ਨੀ ਅਤੇ ਖੁਸ਼ੀਆਂ ਦੀ ਜਿੱਤ ਹੁੰਦੀ ਹੈ। ਇਸ ਸਾਲ ਉਨ੍ਹਾਂ ਦੀ ਖੁਸ਼ੀ ਹੋਰ ਵੀ ਵਧ ਗਈ ਹੈ, ਕਿਉਂਕਿ ‘ਇੰਡੀਅਨ ਗੇਮ ਸ਼ੋਅ’ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਭਾਰਤੀ ਸਿੰਘ ਨੇ ਦੱਸਿਆ ਕਿ ਜਦੋਂ ਦੇਸ਼ ਭਰ ਦੇ ਪਰਿਵਾਰ ਹਰ ਸ਼ਾਮ ਇਕੱਠੇ ਬੈਠ ਕੇ ਉਨ੍ਹਾਂ ਦਾ ਸ਼ੋਅ ਦੇਖਦੇ ਹਨ, ਹੱਸਦੇ ਹਨ ਅਤੇ ਰੋਜ਼ਾਨਾ ਦੀਆਂ ਚਿੰਤਾਵਾਂ ਨੂੰ ਕੁਝ ਸਮੇਂ ਲਈ ਭੁੱਲ ਜਾਂਦੇ ਹਨ, ਤਾਂ ਇਹ ਉਨ੍ਹਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਮਕਸਦ ਲੋਕਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣਾ ਅਤੇ ਪਰਿਵਾਰਾਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਦੇਣਾ ਹੈ।

ਅੰਤ ਵਿੱਚ ਭਾਰਤੀ ਨੇ ਵਿਜਯਾਦਸ਼ਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਘਰ ਵਿੱਚੋਂ ਤਣਾਅ, ਨਕਾਰਾਤਮਕਤਾ ਅਤੇ ਪਰੇਸ਼ਾਨੀਆਂ ਨੂੰ ਦੂਰ ਕਰੇ। ਉਨ੍ਹਾਂ ਦੀ ਇੱਛਾ ਹੈ ਕਿ ਲੋਕਾਂ ਦੀ ਜ਼ਿੰਦਗੀ ਹਾਸੇ, ਚੰਗੀ ਸਿਹਤ ਅਤੇ ਖੁਸ਼ੀਆਂ ਭਰੇ ਪਲਾਂ ਨਾਲ ਭਰ ਜਾਵੇ। ਉਨ੍ਹਾਂ ਨੇ ਪਰਿਵਾਰ ਨਾਲ ਸਮਾਂ ਬਿਤਾਉਣ, ਬੱਚਿਆਂ ਨੂੰ ਰਵਾਇਤਾਂ ਨਾਲ ਜੋੜਨ ਅਤੇ ਤਿਉਹਾਰਾਂ ਨੂੰ ਪਿਆਰ ਨਾਲ ਮਨਾਉਣ ਦੀ ਅਹਿਮੀਅਤ ਉਜਾਗਰ ਕੀਤੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.