skip to content

Last Updated: October 14, 2026

Dainik Savera Times Logo

Amritsar Arms Network: ਖਾਸਾ ਕੈਂਟ IED ਧਮਾਕੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਮਿਲੀ ਸਫ਼ਲਤਾ, ਕਥਿਤ ਹਥਿਆਰਾਂ ਅਤੇ ਵਿਸਫੋਟਕਾਂ ਦੇ ਨੈੱਟਵਰਕ ਨਾਲ ਜੁੜੇ 6 ਮੁਲਜ਼ਮ ਗ੍ਰਿਫ਼ਤਾਰ

8 hours ਪਹਿਲਾ

Amritsar Arms Network: ਖਾਸਾ ਕੈਂਟ IED ਧਮਾਕੇ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਮਿਲੀ ਸਫ਼ਲਤਾ, ਕਥਿਤ ਹਥਿਆਰਾਂ ਅਤੇ ਵਿਸਫੋਟਕਾਂ ਦੇ ਨੈੱਟਵਰਕ ਨਾਲ ਜੁੜੇ 6 ਮੁਲਜ਼ਮ ਗ੍ਰਿਫ਼ਤਾਰ

Amritsar Arms Network: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ, ਇਸ ਕਾਰਵਾਈ ਦੌਰਾਨ ਪਾਕਿਸਤਾਨ ਦੀ ISI ਨਾਲ ਕਥਿਤ ਤੌਰ ’ਤੇ ਜੁੜੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਤਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਮਈ 2026 ਵਿੱਚ ਖਾਸਾ ਆਰਮੀ ਕੈਂਟ ਦੇ ਨੇੜੇ ਹੋਏ IED ਧਮਾਕੇ ਦੇ ਮਾਮਲੇ ਨੂੰ ਵੀ ਸੁਲਝਾਉਣ ਦੀ ਗੱਲ ਕਹੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਵਿੱਚ ਸੁਰੱਖਿਆ ਮਜ਼ਬੂਤ ਕਰਨ ਲਈ ਇਹ ਕਾਰਵਾਈ ਕੀਤੀ ਗਈ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਦੱਸਿਆ ਕਿ ਦੋ ਆਪਸ ਵਿੱਚ ਜੁੜੇ ਮਾਮਲਿਆਂ ਵਿੱਚ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਹੈਂਡ ਗ੍ਰਨੇਡ, ਇੱਕ 9 ਐਮਐਮ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਠਿਕਾਣਿਆਂ ’ਤੇ ਹਮਲੇ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਨਵਦੀਪ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ, ਧਰਮਕੋਟ, ਮੋਗਾ, ਸੈਮੂਅਲ ਉਰਫ਼ ਸਾਮੂ ਅਤੇ ਸੰਦੀਪ ਸਿੰਘ ਉਰਫ਼ ਟਿੱਡੀ, ਦੋਵੇਂ ਵਾਸੀ ਮੇਨੇਵਾਲਾ, ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਖਾਸਾ ਕੈਂਟ ਧਮਾਕੇ ਦੇ ਮਾਮਲੇ ਵਿੱਚ ਰਮਨਦੀਪ ਸਿੰਘ, ਜਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕਰਾ, ਤਿੰਨੇ ਵਾਸੀ ਪੁਰਾਣੀ ਅਨਾਜ ਮੰਡੀ, ਅਟਾਰੀ, ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ ਹੈ।

DGP ਗੌਰਵ ਯਾਦਵ ਅਨੁਸਾਰ, ਮੁੱਢਲੀ ਜਾਂਚ ਦੌਰਾਨ ਇਸ ਨੈੱਟਵਰਕ ਦੇ ਵਿਦੇਸ਼ਾਂ ਵਿੱਚ ਬੈਠੇ ਕਥਿਤ ਤਸਕਰਾਂ ਅਤੇ ISI ਨਾਲ ਜੁੜੇ ਹੈਂਡਲਰਾਂ ਨਾਲ ਸੰਬੰਧ ਹੋਣ ਦੇ ਸੰਕੇਤ ਮਿਲੇ ਹਨ। ਇਨ੍ਹਾਂ ਸੰਬੰਧਾਂ ਦੀ ਪੁਸ਼ਟੀ ਅਤੇ ਪੂਰੇ ਨੈੱਟਵਰਕ ਦੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (IGP) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੇਂਦਰੀ ਏਜੰਸੀਆਂ ਤੋਂ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ ’ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਜਾਣਕਾਰੀ ਮੁਤਾਬਕ, ਸਰਹੱਦ ਪਾਰ ਬੈਠੇ ਹੈਂਡਲਰਾਂ ਦੇ ਕਥਿਤ ਸਾਥੀਆਂ ਵੱਲੋਂ ਪੁਲਿਸ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇੱਕ ਮੋਟਰਸਾਈਕਲ ਨੂੰ ਰੋਕ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ। ਇਸ ਸਬੰਧੀ 11 ਅਕਤੂਬਰ ਨੂੰ ਥਾਣਾ ਘਰਿੰਡਾ ਵਿੱਚ ਐੱਫਆਈਆਰ ਨੰਬਰ 441 ਦਰਜ ਕੀਤੀ ਗਈ ਹੈ, ਜਿਸ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ ਆਰਮਜ਼ ਐਕਟ ਦੀ ਧਾਰਾ 25 ਸ਼ਾਮਲ ਹਨ।

IGP ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਇਸੇ ਕਾਰਵਾਈ ਦੌਰਾਨ 5 ਮਈ 2026 ਦੀ ਰਾਤ ਕਰੀਬ 11 ਵਜੇ ਖਾਸਾ ਕੈਂਟ ਵਿੱਚ ਬ੍ਰਿਗੇਡ ਦੀ ਸੁਰੱਖਿਆ ਦੀਵਾਰ ਨੇੜੇ ਹੋਏ IED ਧਮਾਕੇ ਦੇ ਮਾਮਲੇ ਦੀ ਜਾਂਚ ਵਿੱਚ ਵੀ ਅਹਿਮ ਸਫਲਤਾ ਮਿਲੀ ਹੈ। ਇਸ ਮਾਮਲੇ ਦੀ ਜਾਂਚ ਲਈ ਅੰਮ੍ਰਿਤਸਰ ਦਿਹਾਤੀ ਦੇ SSP ਕੰਵਲਪ੍ਰੀਤ ਸਿੰਘ ਚਾਹਲ ਨੇ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਸੀ। ਇਸ ਟੀਮ ਵਿੱਚ SP ਇਨਵੈਸਟੀਗੇਸ਼ਨ ਰਮਨਦੀਪ ਸਿੰਘ, SP ਆਪਰੇਸ਼ਨਜ਼ ਗਗਨਦੀਪ ਸਿੰਘ, DSP ਡਿਟੈਕਟਿਵ ਗੁਰਿੰਦਰਪਾਲ ਸਿੰਘ ਨਾਗਰਾ ਅਤੇ DSP ਅਟਾਰੀ ਯਾਦਵਿੰਦਰ ਸਿੰਘ ਸ਼ਾਮਲ ਸਨ। ਟੀਮ ਨੂੰ ਧਮਾਕੇ ਨਾਲ ਜੁੜੇ ਤੱਥਾਂ ਦੀ ਜਾਂਚ ਅਤੇ ਮੁਲਜ਼ਮਾਂ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

SSP ਕੰਵਲਪ੍ਰੀਤ ਸਿੰਘ ਚਾਹਲ ਮੁਤਾਬਕ, CIA ਇੰਚਾਰਜ ਇੰਸਪੈਕਟਰ ਮਨਮੀਤ ਸਿੰਘ ਅਤੇ ਥਾਣਾ ਘਰਿੰਡਾ ਦੇ SHO ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਬਾਰੀਕੀ ਨਾਲ ਜਾਂਚ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ। ਇਸ ਕਾਰਵਾਈ ਦੌਰਾਨ ਰਮਨਦੀਪ ਸਿੰਘ, ਜਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਧਮਾਕੇ ਦੇ ਮਾਮਲੇ ਵਿੱਚ ਪਹਿਲਾਂ ਹੀ 6 ਮਈ 2026 ਨੂੰ ਥਾਣਾ ਘਰਿੰਡਾ ਵਿੱਚ ਐੱਫਆਈਆਰ ਨੰਬਰ 174 ਦਰਜ ਕੀਤੀ ਗਈ ਸੀ। ਇਸ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਦੇ ਨਾਲ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੀ ਧਾਰਾ 13 ਲਗਾਈ ਗਈ ਹੈ। ਪੁਲਿਸ ਅਨੁਸਾਰ, ਦੋਵਾਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ, ਤਾਂ ਜੋ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸਰਹੱਦ ਪਾਰ ਸੰਪਰਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.