
AAP Sarpanch Shot Dead : ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਚਿੱਟੇ ਦਿਨ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਸਰਪੰਚ ਨੂੰ ਤਿੰਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ, ਜਿਸ ਦੌਰਾਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਮਲੇ ਵਿੱਚ ਆਮ ਆਦਮੀ ਪਾਰਟੀ ਦੇ ਪਿੰਡ ਤੂਤ ਦੇ ਸਰਪੰਚ ਅਸ਼ਵਨੀ ਕੁਮਾਰ ਦਾ ਇੱਕ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਲੁਧਿਆਣਾ ਵਿੱਚ ਇੱਕ ਸਾਬਕਾ ਸਰਪੰਚ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਇਹ ਘਟਨਾ ਵਾਪਰੀ ਹੈ, ਜਿਸ ਨੇ ਪੰਜਾਬ ‘ਚ ਕਾਨੂੰਨ ਵਿਵਸਥਾ ‘ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਮੁੱਢਲੀ ਜਾਣਕਾਰੀ ਅਨੁਸਾਰ, ਅਸ਼ਵਨੀ ਕੁਮਾਰ ਆਪਣੇ ਡਰਾਈਵਰ, ਪੁੱਤਰ ਅਤੇ ਅਕਾਊਂਟੈਂਟ ਨਾਲ ਇੱਕ ਇਨੋਵਾ ਵਿੱਚ ਤੂਤ ਦੀ ਦਾਣਾ ਮੰਡੀ ਵੱਲ ਜਾ ਰਿਹਾ ਸੀ। ਜਦੋਂ ਗੱਡੀ ਪਿੰਡ ਦੇ ਨੇੜੇ ਪਹੁੰਚੀ, ਤਾਂ ਇੱਕ ਬਾਈਕ ਸਵਾਰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਅਸ਼ਵਨੀ ਕੁਮਾਰ ਨੂੰ ਗੋਲੀਆਂ ਲੱਗੀਆਂ ਅਤੇ ਉਸਨੂੰ ਪੱਟੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸਦੇ ਸਹਾਇਕ ਚਮਕੌਰ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਉਪਰੰਤ ਹਮਲਾਵਰ ਆਪਣੇ ਮੋਟਰਸਾਈਕਲ ‘ਤੇ ਮੌਕੇ ਤੋਂ ਭੱਜ ਗਏ।
ਪਤਨੀ ਨੇ ਕਿਹਾ – 50 ਲੰਖ ਦੀ ਮੰਗੀ ਜਾ ਰਹੀ ਸੀ ਫਿਰੌਤੀ
ਮ੍ਰਿਤਕ ਦੀ ਪਤਨੀ ਦਾ ਦਾਅਵਾ ਹੈ ਕਿ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਉਸਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸਤੋਂ ਇਲਾਵਾ ਜੇਕਰ ਉਨ੍ਹਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਪਤਨੀ ਪਰਵੀਨ ਕੁਮਾਰੀ ਨੇ ਕਿਹਾ ਕਿ ਇੱਕ ਗਿਰੋਹ ਇਹ ਧਮਕੀਆਂ ਦੇ ਰਿਹਾ ਸੀ। ਉਸਨੇ ਇਸ ਬਾਰੇ ਆਪਣੇ ਪਤੀ ਅਸ਼ਵਨੀ ਕੁਮਾਰ ਤੋਂ ਵੀ ਪੁੱਛਿਆ ਸੀ, ਪਰ ਉਸਨੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਸਰਪੰਚ ਅਸ਼ਵਨੀ ਕੁਮਾਰ ਧਮਕੀਆਂ ਦੇਣ ਵਾਲੇ ਲੋਕਾਂ ਤੋਂ ਜਾਣੂ ਸੀ।
ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਸ਼ੁਰੂ
ਪੁਲਿਸ ਹੁਣ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਬਾਈਕ ਸਵਾਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਦੇ ਫੋਨ ਨੰਬਰ ਵੀ ਜਾਰੀ ਕੀਤੇ ਹਨ, ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਹੋਣ ‘ਤੇ ਰਿਪੋਰਟ ਕਰਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ ਹੈ।
