
ਨੈਸ਼ਨਲ ਨਿਊਜ਼ : ਮੁੰਬਈ ਤੋਂ ਏਰਨਾਕੁਲਮ ਜਾਣ ਵਾਲੀ Duronto Express ਵਿੱਚ ਸਫਾਈ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਟ੍ਰੇਨ ਦੇ ਏਸੀ ਕੋਚ ਵਿੱਚ ਕੈਟਰਿੰਗ ਸਟਾਫ ਟਾਇਲਟ ਖੇਤਰ ਵਿੱਚ ਭਾਂਡੇ ਰੱਖ ਰਿਹਾ ਸੀ, ਜਿਸ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਖਾਣੇ ਦੀ ਸਫਾਈ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਰੋਸ ਵਧ ਗਿਆ ਅਤੇ ਯਾਤਰੀ ਸੇਵਾਵਾਂ ਦੀ ਹਾਈਜੀਨ ਸਿਸਟਮ ਨੂੰ ਲੈ ਕੇ ਚਿੰਤਾ ਜਤਾਈ ਗਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ FSSAI ਨੇ IRCTC ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ।
ਜਾਣਕਾਰੀ ਮੁਤਾਬਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਟ੍ਰੇਨ ਦੇ ਟਾਇਲਟ ਖੇਤਰ ਵਿੱਚ ਭਾਂਡਿਆਂ ਦੀ ਟੋਕਰੀ ਰੱਖੀ ਗਈ ਸੀ, ਜਿਸ ਨੂੰ ਲੈ ਕੇ ਦਾਅਵਾ ਹੈ ਕਿ ਇਹੀ ਭਾਂਡੇ ਬਾਅਦ ਵਿੱਚ ਯਾਤਰੀਆਂ ਨੂੰ ਭੋਜਨ ਪਰੋਸਣ ਲਈ ਵਰਤੇ ਗਏ। ਇਸ ਨੇ ਪ੍ਰੀਮੀਅਮ ਕੋਚਾਂ ਦੀ ਸਫਾਈ ਪ੍ਰਣਾਲੀ ‘ਤੇ ਵੀ ਸਵਾਲ ਉਠਾ ਦਿੱਤੇ ਹਨ।
FSSAI ਨੇ ਕਿਹਾ ਹੈ ਕਿ ਜੇਕਰ ਇਹ ਦੋਸ਼ ਸੱਚ ਪਾਏ ਜਾਂਦੇ ਹਨ ਤਾਂ ਇਹ ਫੂਡ ਸੇਫਟੀ ਨਿਯਮਾਂ ਦੀ ਗੰਭੀਰ ਉਲੰਘਣਾ ਹੋਵੇਗੀ ਅਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।