Bus Strike News : ਪੰਜਾਬ ‘ਚ ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਪੀਆਰਟੀਸੀ – ਪਨਬਸ ਦੇ ਕੱਚੇ ਕਾਮਿਆਂ ਵੱਲੋਂ ਅੱਜ ਤੋਂ ਸ਼ੁਰੂ ਕੀਤੀ ਜਾਣ ਵਾਲੀ ਤਿੰਨ ਰੋਜ਼ਾ ਹੜਤਾਲ (Punjab Bus Strike News) ਨੂੰ ਮੁਅੱਤਲ ਕਰ ਦਿੱਤਾ ਹੈ। ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਮੰਗਾਂ ਦੇ ਹੱਲ ਨੂੰ ਲੈ ਕੇ ਦਿੱਤੇ ਭਰੋਸੇ ਤੇ ਮੀਟਿੰਗ ਤੋਂ ਬਾਅਦ ਲਿਆ।
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਡਿਪੂ ਕਮੇਟੀਆਂ ਅਤੇ ਸਮੁੱਚੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਜਥੇਬੰਦੀ ਵੱਲੋਂ 25, 26, 27 ਮਈ 2026 ਦੀ ਤਿੰਨ ਰੋਜ਼ਾ ਹੜਤਾਲ ਸਮੇਤ ਮੁੱਖ ਮੰਤਰੀ ਰਹਾਇਸ਼ ਦੇ ਧਰਨੇ ਸਮੇਤ ਉਲੀਕੇ ਸੰਘਰਸ਼ ਨੂੰ ਵੇਖਦਿਆਂ ਮਾਨਯੋਗ ਵਿੱਤ ਮੰਤਰੀ ਅਤੇ ਟਰਾਸਪੋਰਟ ਮੰਤਰੀ ਪੰਜਾਬ ਨਾਲ ਮਿਤੀ 2 ਜੂਨ 2026 ਨੂੰ ਪੈਨਿਲ ਮੀਟਿੰਗ ਫਿਕਸ ਹੋਈ ਹੈ ਤੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ 02 ਜੂਨ ਦੀ ਮੀਟਿੰਗ ਤੋਂ ਪਹਿਲਾਂ ਵਿਭਾਗਾਂ ਵੱਲੋ ਜਥੇਬੰਦੀ ਦੀਆਂ ਮੰਗਾਂ ‘ਤੇ ਆਪਸੀ ਮੀਟਿੰਗ ਕਰਕੇ ਸਹਿਮਤੀ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਮੀਟਿੰਗ ਵਿੱਚ ਨਾ ਕੀਤਾ ਅਤੇ ਵਿਭਾਗ ਵਲੋਂ ਰਿਕਾਰਡ ਸਹੀ ਪੇਸ਼ ਨਾ ਕੀਤਾ ਗਿਆ ਜਾਂ ਕੋਈ ਬਹਾਨੇਬਾਜ਼ੀ ਕੀਤੀ ਗਈ, ਜੇਲ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਤੁਰੰਤ ਮੀਟਿੰਗ ਤੋਂ ਬਾਅਦ ਸੂਬਾ ਕਮੇਟੀ ਵੱਲੋਂ ਹੜਤਾਲ, ਧਰਨੇ ਸਮੇਤ ਪੋਸਟਪੋਨ ਐਕਸ਼ਨਾਂ ਨੂੰ ਸਟੈਂਡ ਕਰਦਿਆਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
