ਚੀਨ ਵਿੱਚ 32 ਸਾਲ ਦੇ ਇੱਕ ਪ੍ਰੋਗ੍ਰਾਮਰ, ਗਾਓ ਗੁਆਂਗਹੁਈ, ਦੀ ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਤੋਂ ਬਾਅਦ ਅਚਾਨਕ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਦਾ ਮੁੱਖ ਕਾਰਨ ਹੱਦ ਤੋਂ ਵੱਧ ਕੰਮ ਕਰਨਾ (ਓਵਰਵਰਕ) ਸੀ। ਇਸ ਘਟਨਾ ਤੋਂ ਬਾਅਦ ਚੀਨ ਦੇ ਸੋਸ਼ਲ ਮੀਡੀਆ ’ਤੇ ਕੰਮ ਦੇ ਦਬਾਅ ਅਤੇ ਨਿੱਜੀ ਜੀਵਨ ਦੇ ਸੰਤੁਲਨ ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ।
ਰਿਪੋਰਟ ਮੁਤਾਬਕ, 2021 ਵਿੱਚ ਤਰੱਕੀ ਮਿਲਣ ਤੋਂ ਬਾਅਦ ਗਾਓ ਨੂੰ ਟੀਮ ਲੀਡਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਤੱਕ ਕੰਮ ਕਰਨਾ ਅਤੇ ਅਕਸਰ ਓਵਰਟਾਈਮ ਕਰਨਾ ਉਸ ਦੀ ਆਮ ਦਿਨਚਰਿਆ ਬਣ ਗਈ ਸੀ। ਉਸ ਦੀ ਪਤਨੀ ਲੀ ਕਈ ਵਾਰ ਉਸਨੂੰ ਸਮੇਂ ’ਤੇ ਘਰ ਆਉਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਕਹਿੰਦੀ ਰਹੀ। ਲੀ ਨੇ ਕਿਹਾ, “ਜੇ ਮੈਂ ਸਮਾਂ ਪਿੱਛੇ ਵੱਲ ਮੁੜ ਸਕਦੀ, ਤਾਂ ਮੈਂ ਉਸਨੂੰ ਨੌਕਰੀ ਛੱਡਣ ਲਈ ਮਜਬੂਰ ਕਰ ਦਿੰਦੀ।”
ਮੌਤ ਦੇ ਹਾਲਾਤ
ਘਟਨਾ 29 ਨਵੰਬਰ, 2025 ਦੀ ਹੈ। ਉਸ ਦਿਨ ਸਵੇਰੇ ਗਾਓ ਉੱਠਦੇ ਹੀ ਆਪਣੀ ਤਬੀਅਤ ਠੀਕ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ, ਪਰ ਇਸ ਦੇ ਬਾਵਜੂਦ ਉਹ ਘਰੋਂ ਹੀ ਕੰਮ ਕਰਦੇ ਰਹੇ। ਕੁਝ ਸਮੇਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਅਤੇ ਉਹ ਅਚਾਨਕ ਬੇਹੋਸ਼ ਹੋ ਗਏ। ਪਰਿਵਾਰ ਵਾਲਿਆਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਦੁਪਹਿਰ ਨੂੰ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੈਡੀਕਲ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਅਚਾਨਕ ਦਿਲ ਦਾ ਦੌਰਾ (cardiac arrest) ਸੀ।
READ ALSO : ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨਾਲ ਕਰਨਗੇ ਜੇਲ੍ਹ ਵਿੱਚ ਮੁਲਾਂਕਾਤ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗਾਓ ਦੀ ਮੌਤ ਤੋਂ ਲਗਭਗ 8 ਘੰਟੇ ਬਾਅਦ ਵੀ ਉਸ ਦੇ ਫੋਨ ’ਤੇ ਕੰਮ ਨਾਲ ਜੁੜਿਆ ਸੁਨੇਹਾ ਆਇਆ। ਇਸ ਸੁਨੇਹੇ ਵਿੱਚ ਉਸਨੂੰ ਤੁਰੰਤ ਇੱਕ ਜ਼ਰੂਰੀ ਜਾਂਚ (ਅਰਜੈਂਟ ਇੰਸਪੈਕਸ਼ਨ) ਕਰਨ ਲਈ ਕਿਹਾ ਗਿਆ।
ਚੀਨ ’ਚ ਓਵਰਵਰਕ ਕਲਚਰ ’ਤੇ ਚਰਚਾ ਤੇਜ਼
ਇਸ ਘਟਨਾ ਤੋਂ ਬਾਅਦ ਚੀਨ ਵਿੱਚ ‘ਓਵਰਵਰਕ ਕਲਚਰ’ ਨੂੰ ਲੈ ਕੇ ਚਰਚਾ ਤੇਜ਼ ਹੋ ਗਈ। ਸੋਸ਼ਲ ਮੀਡੀਆ ’ਤੇ ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਨੌਕਰੀ ਮਨੁੱਖੀ ਜਾਨ ਤੋਂ ਵੀ ਵੱਧ ਮਹੱਤਵਪੂਰਨ ਹੈ। ਕਈ ਯੂਜ਼ਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਕਰਮਚਾਰੀਆਂ ਤੋਂ ਅਮਾਨਵੀ ਤਰੀਕੇ ਨਾਲ ਕੰਮ ਕਰਵਾਉਂਦੀਆਂ ਹਨ।
ਚੀਨ ਦੇ ਲੇਬਰ ਕਾਨੂੰਨ ਮੁਤਾਬਕ ਕਿਸੇ ਵੀ ਕਰਮਚਾਰੀ ਤੋਂ ਦਿਨ ਵਿੱਚ 8 ਘੰਟਿਆਂ ਅਤੇ ਹਫ਼ਤੇ ਵਿੱਚ 44 ਘੰਟਿਆਂ ਤੋਂ ਵੱਧ ਕੰਮ ਨਹੀਂ ਕਰਵਾਇਆ ਜਾਣਾ ਚਾਹੀਦਾ। ਪਰ ਅਸਲ ਵਿੱਚ ਕਈ ਕੰਪਨੀਆਂ ਇਸ ਤੋਂ ਕਾਫ਼ੀ ਜ਼ਿਆਦਾ ਕੰਮ ਲੈਂਦੀਆਂ ਹਨ। ਇਸ ਘਟਨਾ ਨੇ ਚੀਨ ਦੇ ਮਸ਼ਹੂਰ ‘996 ਕਲਚਰ’ (ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਹਫ਼ਤੇ ਵਿੱਚ 6 ਦਿਨ) ’ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਕੰਮ ਤੇ ਨਿੱਜੀ ਜੀਵਨ ਦੇ ਸੰਤੁਲਨ ਬਾਰੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ।
Gold Price Today: ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ, ਗ੍ਰਾਹਕਾਂ ਲਈ ਰਾਹਤ