skip to content

Last Updated: November 7, 2026

Dainik Savera Times Logo

ਲੁਧਿਆਣਾ ਵਿੱਚ ਫਲੈਕਸ ਬੇਅਦਬੀ? ਬਾਥਰੂਮ ਕੋਲ ਲੱਗੀ ਗੁਰੂ ਸਾਹਿਬ ਦੀ ਤਸਵੀਰ

23 November 2025 ਅੱਪਡੇਟ ਕੀਤਾ ਗਿਆ

ਲੁਧਿਆਣਾ ਵਿੱਚ ਫਲੈਕਸ ਬੇਅਦਬੀ? ਬਾਥਰੂਮ ਕੋਲ ਲੱਗੀ ਗੁਰੂ ਸਾਹਿਬ ਦੀ ਤਸਵੀਰ

ਲੁਧਿਆਣਾ ਡੈਸਕ: ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਦੇ ਵੱਡੇ ਐਲਾਨਾਂ ਦੇ ਵਿਚਕਾਰ ਵੱਡੇ ਪੱਧਰ ’ਤੇ ਫਲੈਕਸ ਬੋਰਡਾਂ ਦੀ ਬੇਅਦਬੀ ਸਾਹਮਣੇ ਆ ਰਹੀ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗੇ ਨੌਵੇਂ ਪਾਤਸ਼ਾਹ ਦੀਆਂ ਤਸਵੀਰਾਂ ਵਾਲੇ ਬੋਰਡ ਅਣਉਚਿਤ ਅਤੇ ਗੰਦੀ ਥਾਵਾਂ ‘ਤੇ ਲਗਾਉਣ ਕਾਰਨ ਲੋਕਾਂ ਵਿੱਚ ਸ਼ਦੀਦ ਰੋਸ ਹੈ।

ਲੁਧਿਆਣਾ: ਸਰਕਾਰੀ ਬਾਥਰੂਮ ਦੇ ਬਾਹਰ ਲਗਾ ਦਿੱਤਾ ਗੁਰੂ ਸਾਹਿਬ ਦਾ ਵੱਡਾ ਫਲੈਕਸ:

ਲੁਧਿਆਣਾ ਦੇ ਸਮਰਾਲਾ ਚੌਂਕ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਰਕਾਰ ਵੱਲੋਂ ਕਈ ਫਲੈਕਸ ਅਤੇ ਬੈਨਰ ਲਗਾਏ ਗਏ ਹਨ, ਪਰ ਮਰਿਆਦਾ ਅਤੇ ਸਤਿਕਾਰ ਦਾ ਪੂਰੀ ਤਰ੍ਹਾਂ ਧਿਆਨ ਨਾ ਰੱਖਣ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ ਹੈ।

ਇੱਕ ਫਲੈਕਸ ਸਰਕਾਰੀ ਬਾਥਰੂਮ ਦੇ ਬਿਲਕੁਲ ਬਾਹਰ ਲਗਾਇਆ ਗਿਆ, ਜਿਸਦੇ ਇੱਕ ਪਾਸੇ ਗੁਰੂ ਸਾਹਿਬ ਦੀ ਤਸਵੀਰ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੀ ਫੋਟੋ ਹੈ। ਬਾਥਰੂਮ ਦੇ ਬਿਲਕੁਲ ਪਿੱਛੇ ਮਰਦਾਨਾ,ਜਨਾਨਾ ਟਾਇਲਟ ਹਨ, ਜਿਸ ਨਾਲ ਗੁਰੂ ਸਾਹਿਬ ਦੀ ਤਸਵੀਰ ਵਾਲੇ ਬੋਰਡ ਦੀ ਗੰਭੀਰ ਬੇਅਦਬੀ ਜਾਪਦੀ ਹੈ।

ਇਸੇ ਚੌਂਕ ’ਚ ਇੱਕ ਹੋਰ ਫਲੈਕਸ ਸਿਗਰਟ ਬੀੜੀਆਂ ਦੇ ਖੋਖਿਆਂ ਦੇ ਵਿਚਕਾਰ ਲਗਿਆ ਮਿਲਿਆ, ਜਿੱਥੇ ਲੋਕ ਖੁੱਲ੍ਹੇਆਮ ਧੂਮਰਪਾਨ ਕਰ ਰਹੇ ਸਨ। ਫਲੈਕਸ ਦੇ ਨੇੜੇ ਹੀ ਖਾਲੀ ਪਲਾਟ ਵਿੱਚ ਲੋਕ ਪਿਸ਼ਾਬ ਕਰਨ ਲਈ ਵੀ ਦਾਖਲ ਹੋ ਰਹੇ ਹਨ। ਇੱਕ ਹੋਰ ਫਲੈਕਸ ਅੱਧਾ ਟੁੱਟਿਆ ਅਤੇ ਲਟਕਿਆ ਹੋਇਆ ਮਿਲਿਆ, ਜਿਸਦੀ ਕੋਈ ਸੰਭਾਲ ਨਹੀਂ ਹੋਈ। ਲੋਕਾਂ ਨੇ ਇਸਨੂੰ ਸਾਫ਼-ਸਾਫ਼ ਬੇਅਦਬੀ ਦੱਸਿਆ ਅਤੇ ਸਰਕਾਰ ਦੀਆਂ ਤਿਆਰੀਆਂ ’ਤੇ ਸਵਾਲ ਚੁੱਕੇ।

READ ALSO : ਮਕਸੂਦਾਂ ਪੁਲਿਸ ਸਟੇਸ਼ਨ ਗ੍ਰਨੇਡ ਹਮਲੇ ਦੇ ਦੋਸ਼ੀਆਂ ਨੂੰ ਝਟਕਾ, NIA ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

ਰਾਏਕੋਟ,ਜਗਰਾਓਂ ਰੋਡ: ਗੰਦੀ ਜਗ੍ਹਾ ’ਤੇ ਲੱਗੇ ਵੱਡੇ ਫਲੈਕਸ ਬੋਰਡ:

ਰਾਏਕੋਟ ਤੋਂ ਜਗਰਾਓਂ ਰੋਡ ’ਤੇ ਬੱਸੀਆਂ ਨੇੜੇ ਬੰਦ ਪਏ ਸ਼ੈਲਰ ਦੇ ਬਾਹਰ, ਇੱਕ ਗੰਦੀ ਜਗ੍ਹਾ ਉੱਪਰ ਗੁਰੂ ਸਾਹਿਬ ਦੇ ਫਲੈਕਸ ਲਗਾਏ ਗਏ ਹਨ। ਨੇੜੇ ਹੀ ਦੁਕਾਨਦਾਰ ਖੁੱਲ੍ਹੇ ਵਿੱਚ ਪਿਸ਼ਾਬ ਕਰਦੇ ਦਿਖੇ ਗਏ।

ਰਾਏਕੋਟ ਤੋਂ ਲੁਧਿਆਣਾ ਮੁੱਖ ਸੜਕ ਦੇ ਕਈ ਸਥਾਨਾਂ ਅਕਾਲਗੜ੍ਹ ਕਲਾਂ (ਗਾਰਡ ਰੂਮ), ਗੁਰੂਸਰ ਸੁਧਾਰ ਨਹਿਰ, ਜੀ.ਐੱਚ.ਜੀ. ਖਾਲਸਾ ਕਾਲਜ ਵਿੱਚ ਫਲੈਕਸ ਜ਼ਮੀਨ ਨਾਲ ਲਗਭਗ ਲੱਗੇ ਹੋਏ, ਆਸਾਨੀ ਨਾਲ ਨੁਕਸਾਨਯੋਗ ਅਤੇ ਮਰਿਆਦਾ ਦੇ ਉਲਟ ਪਾਏ ਗਏ। ਸੁਧਾਰ ਨਹਿਰ ‘ਤੇ ਲੱਗੇ ਬੋਰਡ ਤਾਂ ਟੇਢੇ ਹੋ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਨਹਿਰ ਵਿੱਚ ਡਿੱਗ ਸਕਦੇ ਹਨ।

ਸਿੱਖ ਜਥੇਬੰਦੀਆਂ ਅਤੇ ਲੋਕਾਂ ਵਿੱਚ ਤੀਖ਼ਾ ਰਿਕਸ਼ਨ:

ਇਨ੍ਹਾਂ ਘਟਨਾਵਾਂ ਨੇ ਸਿੱਖ ਜਗਤ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਸਿੱਖ ਮਰਿਆਦਾ ਦੀ ਉਲੰਘਣਾ ਦੇ ਇਹ ਕਈ ਉਦਾਹਰਣ ਸਰਕਾਰ ਦੀਆਂ ਤਿਆਰੀਆਂ ਅਤੇ ਐਲਾਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਇਸਨੂੰ “ਸ਼ਹੀਦੀ ਸ਼ਤਾਬਦੀ ਦੌਰਾਨ ਸਿੱਖ ਮਰਿਆਦਾ ਦੇ ਨੁਕਸਾਨ” ਦੇ ਤੌਰ ’ਤੇ ਸਖ਼ਤ ਨਿੰਦਾ ਕੀਤੀ ਹੈ।

ਪਰਮਜੀਤ ਸਿੰਘ ਟੂਸੇ ਦਾ ਤੀਖ਼ਾ ਹਮਲਾ:

ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸੇ ਨੇ ਫਲੈਕਸਾਂ ਰਾਹੀਂ ਹੋ ਰਹੀ ਬੇਅਦਬੀ ’ਤੇ ਕਿਹਾ, ਸਰਕਾਰ ਨੂੰ ਕੜੇ ਹੱਥੀਂ ਲੈਣ ਦੀ ਲੋੜ ਹੈ। ਗੁਰੂ ਸਾਹਿਬ ਦੇ ਅਦਬ–ਸਤਿਕਾਰ ਦੀ ਪਾਲਣਾ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਵੇ। ਇਹ ਸ਼ਹੀਦੀ ਸ਼ਤਾਬਦੀ ਦੇ ਮੌਕੇ ’ਤੇ ਸਰਕਾਰ ਦੀਆਂ ਤਿਆਰੀਆਂ ਦੇ ਤੌਖ਼ਲੇ ਅਤੇ ਬੇ-ਰੁਖ਼ੀ ਨੂੰ ਦਰਸਾਉਂਦਾ ਹੈ। ਉਨ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਰ ਨਿਵਾ ਕੇ ਯਾਦ ਕੀਤਾ ਅਤੇ ਬੇਅਦਬੀ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।

RL : ਹੋਟਲ ਵਿੱਚ ਪਰਾਈ ਮਰਦ ਨਾਲ ਫੜੀ ਗਈ 2 ਬੱਚਿਆਂ ਦੀ ਮਾਂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.