Indian Ocean Security: ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ, ਅੱਤਵਾਦ ਅਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਭਾਰਤ ਨੇ ਗੁਆਂਢੀ ਦੇਸ਼ਾਂ ਨਾਲ ਸਾਂਝ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਮਾਲਦੀਵ ਵਿੱਚ ਹੋਈ ਕੋਲੰਬੋ ਸਕਿਓਰਿਟੀ ਕਨਕਲੇਵ (CSC) ਦੀ ਅੱਠਵੀਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਬੈਠਕ ਦੌਰਾਨ ਮੈਂਬਰ ਦੇਸ਼ਾਂ ਨੇ 2026-27 ਲਈ ਸਹਿਯੋਗ ਦਾ ਨਵਾਂ ਰੋਡਮੈਪ ਅਪਣਾਇਆ। ਇਸ ਬੈਠਕ ਵਿੱਚ ਭਾਰਤ ਵੱਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੱਸਾ ਲਿਆ।
25 ਨਵੰਬਰ ਨੂੰ ਮਾਲਦੀਵ ਦੇ ਵਿਲਾ ਨੌਟਿਕਾ ਪੈਰਾਡਾਈਜ਼ ਆਈਲੈਂਡ ਵਿੱਚ ਹੋਈ ਇਸ ਉੱਚ ਪੱਧਰੀ ਬੈਠਕ ਵਿੱਚ ਭਾਰਤ, ਮਾਲਦੀਵ, ਸ੍ਰੀਲੰਕਾ ਅਤੇ ਬੰਗਲਾਦੇਸ਼ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਮਾਲਦੀਵ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਬਰਾਹਿਮ ਲਤੀਫ, ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਏਅਰ ਵਾਈਸ ਮਾਰਸ਼ਲ ਸੰਪਥ ਥੁਯਾਕੋਂਥਾ ਅਤੇ ਬੰਗਲਾਦੇਸ਼ ਦੇ ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਐੱਮ.ਡੀ. ਫੈਜ਼ੁਰ ਰਹਿਮਾਨ ਵੀ ਇਸ ਮੌਕੇ ਮੌਜੂਦ ਰਹੇ। ਆਸਟ੍ਰੇਲੀਆ ਅਤੇ ਮਲੇਸ਼ੀਆ ਨੇ ਮਹਿਮਾਨ ਦੇਸ਼ਾਂ ਵਜੋਂ ਹਿੱਸਾ ਲਿਆ।

ਬੈਠਕ ਦੌਰਾਨ ਕੋਲੰਬੋ ਸਕਿਓਰਿਟੀ ਕਨਕਲੇਵ ਦੇ ਪਹਿਲੇ ਮਹਾਸਕੱਤਰ ਵਾਈਸ ਐਡਮਿਰਲ ਐੱਸ.ਐੱਨ. ਘੋਰਮਾਡੇ ਨੇ ਪਿਛਲੀ 20 ਨਵੰਬਰ 2025 ਨੂੰ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੇ ਫੈਸਲਿਆਂ ਦੀ ਸਮੀਖਿਆ ਪੇਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਹੁਣ ਤੱਕ ਕਿਹੜੇ ਕਦਮ ਚੁੱਕੇ ਗਏ ਹਨ। ਇਸ ਤੋਂ ਬਾਅਦ ਭਾਰਤ, ਮਾਲਦੀਵ, ਮੌਰੀਸ਼ਸ ਅਤੇ ਸ੍ਰੀਲੰਕਾ ਨੇ ਸਹਿਮਤੀ ਵਾਲੇ ਦਸਤਾਵੇਜ਼ ‘ਤੇ ਦਸਤਖ਼ਤ ਕਰਕੇ ਨਵੇਂ ਸਹਿਯੋਗੀ ਰੋਡਮੈਪ ਨੂੰ ਮਨਜ਼ੂਰੀ ਦਿੱਤੀ। ਮੌਰੀਸ਼ਸ ਨੇ ਵਰਚੁਅਲ ਮਾਧਿਅਮ ਰਾਹੀਂ ਭਾਗ ਲਿਆ।
ਨਵੇਂ ਰੋਡਮੈਪ ਵਿੱਚ ਸਹਿਯੋਗ ਲਈ ਪੰਜ ਅਹਿਮ ਖੇਤਰ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਿੱਚ ਸਮੁੰਦਰੀ ਸੁਰੱਖਿਆ, ਅੱਤਵਾਦ ਅਤੇ ਕੱਟੜਪੰਥ ਦਾ ਮੁਕਾਬਲਾ, ਮਨੁੱਖੀ ਤਸਕਰੀ ਅਤੇ ਸਰਹੱਦ ਪਾਰ ਸੰਗਠਿਤ ਅਪਰਾਧ ਨੂੰ ਰੋਕਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸਾਈਬਰ ਸੁਰੱਖਿਆ, ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਤਕਨੀਕੀ ਪ੍ਰਣਾਲੀਆਂ ਦੀ ਰੱਖਿਆ ਦੇ ਨਾਲ ਮਨੁੱਖੀ ਸਹਾਇਤਾ ਅਤੇ ਆਫ਼ਤ ਪ੍ਰਬੰਧਨ ਨੂੰ ਵੀ ਤਰਜੀਹ ਦਿੱਤੀ ਗਈ ਹੈ।
ਮੈਂਬਰ ਦੇਸ਼ਾਂ ਨੇ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਖਲਾਈ ਪ੍ਰੋਗਰਾਮਾਂ ਨੂੰ ਵਧਾਉਣ, ਇੱਕ-ਦੂਜੇ ਨਾਲ ਤਜਰਬੇ ਸਾਂਝੇ ਕਰਨ ਅਤੇ ਸਫਲ ਕਾਰਜ ਪ੍ਰਣਾਲੀਆਂ ਤੋਂ ਸਿੱਖਣ ‘ਤੇ ਸਹਿਮਤੀ ਪ੍ਰਗਟਾਈ। ਇਸ ਦੇ ਨਾਲ ਹੀ ਸਾਰੇ ਦੇਸ਼ਾਂ ਦੀਆਂ ਸੰਸਥਾਗਤ ਸਮਰੱਥਾਵਾਂ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ। ਬੈਠਕ ਵਿੱਚ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਸਾਂਝੇ ਯਤਨਾਂ ਨੂੰ ਲਗਾਤਾਰ ਅੱਗੇ ਵਧਾਉਣ ਦੀ ਵਚਨਬੱਧਤਾ ਵੀ ਦੁਹਰਾਈ ਗਈ।
ਹਿੰਦ ਮਹਾਸਾਗਰ ਦੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ, ਨਸ਼ੀਲੇ ਪਦਾਰਥਾਂ ਅਤੇ ਮਨੁੱਖੀ ਤਸਕਰੀ ਵਰਗੀਆਂ ਗੈਰਕਾਨੂੰਨੀ ਗਤੀਵਿਧੀਆਂ, ਅੱਤਵਾਦ ਅਤੇ ਸਾਈਬਰ ਹਮਲਿਆਂ ਦੀਆਂ ਵਧਦੀਆਂ ਚੁਣੌਤੀਆਂ ਵਿਚਕਾਰ ਇਹ ਸੰਗਠਨ ਖੇਤਰੀ ਸਹਿਯੋਗ ਦਾ ਅਹਿਮ ਮੰਚ ਬਣਿਆ ਹੋਇਆ ਹੈ। 2026-27 ਲਈ ਤਿਆਰ ਕੀਤਾ ਗਿਆ ਨਵਾਂ ਰੋਡਮੈਪ ਆਉਣ ਵਾਲੇ ਸਮੇਂ ਵਿੱਚ ਮੈਂਬਰ ਦੇਸ਼ਾਂ ਵਿਚਾਲੇ ਸੁਰੱਖਿਆ ਸਬੰਧੀ ਤਾਲਮੇਲ ਅਤੇ ਸਾਂਝੀਆਂ ਕਾਰਵਾਈਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਵੇਗਾ।